"ਸੜਕ ਬਣੀ ਮੌਤ ਦਾ ਜਾਲ! ਸਿਟੀ ਸੈਂਟਰ ਨੇੜੇ ਅਚਾਨਕ ਧੱਸੀ ਸੜਕ, ਨੌਜਵਾਨ ਦੀ ਜਾਨ ਬਚੀ, ਲਾਪਰਵਾਹੀ 'ਤੇ ਉੱਠੇ ਤਿੱਖੇ ਸਵਾਲ"
ਸੁਖਮਿੰਦਰ ਭੰਗੂ
ਲੁਧਿਆਣਾ, 11 ਜੁਲਾਈ 2026
ਪੱਖੋਵਾਲ ਰੋਡ ਸਥਿਤ 475 ਏਕੜ ਸਕੀਮ ਵਿੱਚ ਇੱਕ ਵਾਰ ਫਿਰ ਸੜਕ ਧੱਸਣ ਦੀ ਘਟਨਾ ਨੇ ਇਲਾਕੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਅੱਜ ਸਵੇਰੇ ਕਰੀਬ 8 ਵਜੇ ਸਿਟੀ ਸੈਂਟਰ ਦੇ ਨੇੜੇ ਜੀ ਬਲਾਕ ਅਤੇ ਐਚ ਬਲਾਕ ਨੂੰ ਜੋੜਨ ਵਾਲੀ ਸੜਕ ਅਚਾਨਕ ਧੱਸ ਗਈ, ਜਿਸ ਕਾਰਨ ਇੱਕ ਨੌਜਵਾਨ ਮੋਟਰਸਾਈਕਲ ਸਵਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸ ਦਾ ਮੋਟਰਸਾਈਕਲ ਖੱਡੇ ਵਿੱਚ ਫਸ ਗਿਆ। ਖੁਸ਼ਕਿਸਮਤੀ ਨਾਲ ਮੌਕੇ 'ਤੇ ਮੌਜੂਦ ਸਮਾਜ ਸੇਵੀ ਅਰਵਿੰਦ ਸ਼ਰਮਾ ਨੇ ਤੁਰੰਤ ਮਨੁੱਖਤਾ ਦਾ ਫ਼ਰਜ਼ ਨਿਭਾਉਂਦੇ ਹੋਏ ਇੱਕ ਸਥਾਨਕ ਨਿਵਾਸੀ ਦੀ ਮਦਦ ਨਾਲ ਨੌਜਵਾਨ ਨੂੰ ਸੁਰੱਖਿਅਤ ਬਾਹਰ ਕੱਢਿਆ।
ਬਚਾਅ ਕਾਰਵਾਈ ਦੌਰਾਨ ਸੜਕ ਲਗਾਤਾਰ ਹੋਰ ਧੱਸਦੀ ਰਹੀ, ਜਿਸ ਨਾਲ ਇਹ ਸਪੱਸ਼ਟ ਹੋ ਗਿਆ ਕਿ ਇਹ ਰਸਤਾ ਹੁਣ ਆਵਾਜਾਈ ਲਈ ਬਹੁਤ ਖ਼ਤਰਨਾਕ ਬਣ ਚੁੱਕਾ ਹੈ। ਘਟਨਾ ਦੀ ਵੀਡੀਓ ਵਿੱਚ ਵੀ ਸੜਕ ਨੂੰ ਲਗਾਤਾਰ ਧੱਸਦੇ ਹੋਏ ਦੇਖਿਆ ਜਾ ਸਕਦਾ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਸੜਕ ਪਹਿਲਾਂ ਵੀ ਧੱਸ ਚੁੱਕੀ ਹੈ, ਪਰ ਉਸ ਵੇਲੇ ਸਿਰਫ਼ ਮਲਬਾ ਪਾ ਕੇ ਅਸਥਾਈ ਮੁਰੰਮਤ ਕਰ ਦਿੱਤੀ ਗਈ ਸੀ। ਹੁਣ ਦੁਬਾਰਾ ਸੜਕ ਧੱਸਣ ਨਾਲ ਸੰਬੰਧਤ ਵਿਭਾਗਾਂ ਦੀ ਕਾਰਗੁਜ਼ਾਰੀ ਅਤੇ ਮੁਰੰਮਤ ਦੇ ਮਿਆਰ 'ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ।
ਲਗਾਤਾਰ ਹੋ ਰਹੀ ਬਾਰਿਸ਼ ਅਤੇ ਮਾਨਸੂਨ ਦੇ ਮੱਦੇਨਜ਼ਰ ਸੜਕ ਦੀ ਹਾਲਤ ਹੋਰ ਵੀ ਖ਼ਰਾਬ ਹੋ ਸਕਦੀ ਹੈ। ਇਸ ਵੇਲੇ ਸੜਕ ਦੋ ਥਾਵਾਂ ਤੋਂ ਧੱਸ ਚੁੱਕੀ ਹੈ ਅਤੇ ਜੇਕਰ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਕਿਸੇ ਵੀ ਵੇਲੇ ਵੱਡਾ ਹਾਦਸਾ ਵਾਪਰ ਸਕਦਾ ਹੈ।
ਅਰਵਿੰਦ ਸ਼ਰਮਾ ਨੇ 475 ਏਕੜ ਸਕੀਮ, ਸ਼ਹੀਦ ਭਗਤ ਸਿੰਘ ਨਗਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਸੜਕ ਦੀ ਪੱਕੀ ਮੁਰੰਮਤ ਹੋਣ ਤੱਕ ਇਸ ਰਸਤੇ ਦੀ ਵਰਤੋਂ ਨਾ ਕੀਤੀ ਜਾਵੇ। ਉਨ੍ਹਾਂ ਨੇ ਲੁਧਿਆਣਾ ਇੰਪਰੂਵਮੈਂਟ ਟਰੱਸਟ ਅਤੇ ਸੰਬੰਧਤ ਅਧਿਕਾਰੀਆਂ ਨੂੰ ਤੁਰੰਤ ਬੈਰੀਕੇਡ ਲਗਾਉਣ, ਖ਼ਤਰੇ ਵਾਲੇ ਖੇਤਰ ਨੂੰ ਸੀਲ ਕਰਨ ਅਤੇ ਜੰਗੀ ਪੱਧਰ 'ਤੇ ਪੱਕੀ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਹੈ, ਤਾਂ ਜੋ ਕਿਸੇ ਵੀ ਬੇਕਸੂਰ ਦੀ ਜਾਨ ਨੂੰ ਖ਼ਤਰੇ ਵਿੱਚ ਪੈਣ ਤੋਂ ਬਚਾਇਆ ਜਾ ਸਕੇ।
- Download Babushahi App
-
-