ਮਿਸਲ ਸਤਲੁਜ 500 ਜਾਗਰੂਕ ਨੌਜਵਾਨਾਂ ਦੀ ਟੀਮ ਨਾਲ ਪੰਜਾਬ ਦੇ ਹੱਕਾਂ ਲਈ ਲੜੇਗੀ : ਅਜੇਪਾਲ ਸਿੰਘ ਬਰਾੜ
ਮਨਜੀਤ ਸਿੰਘ ਚਾਹਲ ਮਿਸਲ ਸਤਲੁਜ ਦੇ ਪਟਿਆਲਾ ਦਿਹਾਤੀ ਹਲਕੇ ਤੋਂ ਉਮੀਦਵਾਰ
ਬਾਬੂਸ਼ਾਹੀ ਬਿਊਰੋ
ਪਟਿਆਲਾ 13 ਜੂਨ,2026 ਪਟਿਆਲਾ ਵਿਖੇ ਚੜ੍ਹਦੀ ਕਲਾ ਰੈਲੀ ਨੂੰ ਸੰਬੋਧਨ ਕਰਦਿਆਂ ਮਿਸਲ ਸਤਲੁਜ ਜਥੇਬੰਦੀ ਦੇ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਅੱਜ ਇਤਿਹਾਸ ਦੇ ਸਭ ਤੋਂ ਗੰਭੀਰ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਸੰਕਟਾਂ ਵਿੱਚੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਪੰਜਾਬ ਦੇ ਕਿਸਾਨ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਕੇ ਖੁਸ਼ਹਾਲੀ ਦੇ ਮੇਲੇ ਮਨਾਉਂਦੇ ਸਨ, ਪਰ ਅੱਜ ਹਾਲਾਤ ਇਹ ਹਨ ਕਿ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਛੋਟੇ ਕਾਰੋਬਾਰੀ ਸਮੇਤ ਸਮੁੱਚਾ ਪੰਜਾਬ ਕਰਜ਼ੇ ਹੇਠ ਦੱਬਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਤ੍ਰਾਸਦੀ ਨੂੰ "ਪਾਣੀ ਪਾਤਾਲੀ, ਜਵਾਨੀ ਜਹਾਜ਼ੀ ਅਤੇ ਕਮਾਈ ਵਿਆਜੀ" ਵਾਲੀ ਸਥਿਤੀ ਵਿੱਚ ਬਦਲ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਹੈ ਪੰਜਾਬ ਦੇ ਦਰਿਆਵਾਂ ਦਾ ਪਾਣੀ ਖੋਹ ਲਿਆ ਗਿਆ, ਧਰਤੀ ਹੇਠਲਾ ਪਾਣੀ ਲਗਾਤਾਰ ਡਿੱਗ ਰਿਹਾ ਹੈ ਅਤੇ ਰਹਿੰਦਾ ਪਾਣੀ ਵੀ ਪ੍ਰਦੂਸ਼ਿਤ ਹੋ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਦੂਜੇ ਪਾਸੇ ਪੰਜਾਬ ਦੀ ਜਵਾਨੀ ਰੁਜ਼ਗਾਰ ਅਤੇ ਭਵਿੱਖ ਦੀ ਭਾਲ ਵਿੱਚ ਵਿਦੇਸ਼ਾਂ ਵੱਲ ਰੁਖ ਕਰ ਰਹੀ ਹੈ,
ਸਰਦਾਰ ਬਰਾੜ ਨੇ ਕਿਹਾ ਕਿ ਪੰਜਾਬ ਦੀ ਸਿੱਖਿਆ ਅਤੇ ਸਿਹਤ ਪ੍ਰਣਾਲੀ ਵੀ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟ ਰਹੀ ਹੈ ਅਤੇ ਸਿਹਤ ਸੇਵਾਵਾਂ ਨੂੰ ਹੌਲੀ-ਹੌਲੀ ਨਿੱਜੀ ਹੱਥਾਂ ਨੂੰ ਸੋਂਪਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਇਸ ਹੱਦ ਤੱਕ ਕਮਜ਼ੋਰ ਹੋ ਚੁੱਕੀ ਹੈ ਕਿ ਸੂਬੇ ਦੀ ਆਮਦਨ ਦਾ ਵੱਡਾ ਹਿੱਸਾ ਕਰਜ਼ਿਆਂ ਦੇ ਵਿਆਜ, ਤਨਖਾਹਾਂ ਅਤੇ ਪੈਨਸ਼ਨਾਂ 'ਤੇ ਹੀ ਖਰਚ ਹੋ ਜਾਂਦਾ ਹੈ, ਜਿਸ ਕਾਰਨ ਵਿਕਾਸ ਅਤੇ ਨਵੀਆਂ ਰੁਜ਼ਗਾਰ ਸੰਭਾਵਨਾਵਾਂ ਲਈ ਲੋੜੀਂਦਾ ਨਿਵੇਸ਼ ਨਹੀਂ ਹੋ ਪਾ ਰਿਹਾ।
ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਕੇਂਦਰਿਤ ਨੀਤੀਆਂ ਕਾਰਨ ਪੰਜਾਬ ਦੇ ਕੁਦਰਤੀ ਅਤੇ ਆਰਥਿਕ ਸਰੋਤਾਂ ਦੀ ਲਗਾਤਾਰ ਲੁੱਟ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਟੈਕਸ, ਬੈਂਕ ਜਮ੍ਹਾਂ ਰਾਸ਼ੀਆਂ ਅਤੇ ਹੋਰ ਸਰੋਤਾਂ ਤੋਂ ਬਣਦੀ ਪੂੰਜੀ ਦਾ ਵੱਡਾ ਹਿੱਸਾ ਸੂਬੇ ਤੋਂ ਬਾਹਰ ਚਲਾ ਜਾਂਦਾ ਹੈ, ਜਿਸ ਨਾਲ ਪੰਜਾਬ ਦੀ ਆਰਥਿਕਤਾ ਕਮਜ਼ੋਰ ਹੋ ਰਹੀ ਹੈ।
ਸਰਦਾਰ ਬਰਾੜ ਨੇ ਕਿਹਾ ਕਿ ਪੰਜਾਬ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਵਿੱਚ ਅਸਫਲ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਵੱਖ-ਵੱਖ ਸਰਕਾਰਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ, ਬੇਰੁਜ਼ਗਾਰੀ ਅਤੇ ਵਿਦੇਸਾਂ ਵੱਲ ਧੱਕਿਆ ਹੈ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਪੰਜਾਬ ਦੇ ਲੋਕ ਆਪਣੇ ਹੱਕਾਂ, ਸਰੋਤਾਂ ਅਤੇ ਭਵਿੱਖ ਦੀ ਰਾਖੀ ਲਈ ਖੁਦ ਅੱਗੇ ਆਉਣ।
ਮਿਸਲ ਸਤਲੁਜ ਦੇ ਉੱਦੇਸ਼ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮਿਸਲ ਸਤਲੁਜ ਜਥੇਬੰਦੀ ਅਗਲੇ ਪੰਜ ਸਾਲਾਂ ਵਿੱਚ ਘੱਟੋ-ਘੱਟ 500 ਅਜਿਹੇ ਨੌਜਵਾਨ ਤਿਆਰ ਕਰੇਗੀ ਜੋ ਪੰਜਾਬ ਦੇ ਇਤਿਹਾਸ, ਅਰਥਚਾਰੇ, ਸੰਵਿਧਾਨਕ ਅਧਿਕਾਰਾਂ, ਸੱਭਿਆਚਾਰ ਅਤੇ ਸਮਾਜਿਕ ਚੁਣੌਤੀਆਂ ਬਾਰੇ ਪੂਰੀ ਤਰ੍ਹਾਂ ਜਾਗਰੂਕ ਹੋਣ ਅਤੇ ਨਿਡਰਤਾ ਨਾਲ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰ ਸਕਣ।
ਉਨ੍ਹਾਂ ਕਿਹਾ ਕਿ ਮਿਸਲ ਸਤਲੁਜ ਦਾ ਉਦੇਸ਼ ਸਿਰਫ਼ ਰਾਜਨੀਤੀ ਨਹੀਂ, ਸਗੋਂ ਪੰਜਾਬ ਵਿੱਚ ਇੱਕ ਅਜਿਹੀ ਲੋਕ-ਅਧਾਰਿਤ ਲੀਡਰਸ਼ਿਪ ਤਿਆਰ ਕਰਨਾ ਹੈ ਜੋ ਪੰਜਾਬ ਦੇ ਪਾਣੀ, ਜਵਾਨੀ, ਆਰਥਿਕਤਾ ਅਤੇ ਸੱਭਿਆਚਾਰ ਦੀ ਰਾਖੀ ਲਈ ਸੰਘਰਸ਼ ਕਰੇ ਸ। ਉਨ੍ਹਾਂ ਸਾਰੇ ਨੌਜਵਾਨਾਂ, ਮੁਲਾਜ਼ਮਾਂ, ਕਿਸਾਨਾਂ, ਮਹਿਲਾਵਾਂ ਅਤੇ ਪੰਜਾਬ ਹਿਤੈਸ਼ੀ ਵਰਗਾਂ ਨੂੰ ਇਸ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੱਤਾ।
ਸਰਦਾਰ ਅਜੇਪਾਲ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਦੀ ਪੁਨਰ-ਸਿਰਜਣਾ ਦਾ ਰਾਹ ਕੇਵਲ ਜਾਗਰੂਕਤਾ, ਏਕਤਾ ਅਤੇ ਸੰਘਰਸ਼ ਰਾਹੀਂ ਹੀ ਨਿਕਲ ਸਕਦਾ ਹੈ ਅਤੇ ਮਿਸਲ ਸਤਲੁਜ ਇਸੇ ਦਿਸ਼ਾ ਵਿੱਚ ਯਤਨਸ਼ੀਲ ਹੈ।
ਇਸ ਮੌਕੇ ਤੇ ਸਰਦਾਰ ਕਰਨੈਲ ਸਿੰਘ ਪੰਜੋਲੀ ਮੈਂਬਰ ਐਸ ਜੀ ਪੀ ਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਦਾ ਵਿਦੇਸ਼ਾਂ ਵੱਲ ਜਾਣ ਨਾਲ ਪੰਜਾਬ ਦੀ ਵਸੋਂ ਦਾ ਤਵਾਜ਼ਨ ਬਦਲ ਰਿਹਾ ਹੈ ਜੋ ਘਟ ਗਿਣਤੀ ਦੇ ਲੋਕਾਂ ਲਈ ਬਹੁਤ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਆਗੂਆਂ ਨੇ ਕੇਵਲ ਆਪਣੀਆਂ ਤਜੌਰੀਆਂ ਭਰਨ ਅਤੇ ਆਪਣੇ ਆਰਥਿਕਤਾ ਨੂੰ ਮਜ਼ਬੂਤ ਕਰਨ ਵਲ ਧਿਆਨ ਦਿਤਾ। ਉਨ੍ਹਾਂ ਹਮੇਸ਼ਾ ਪੰਜਾਬ ਅਤੇ ਪੰਥ ਵਲ ਪਿੱਠ ਕਰਕੇ ਰੱਖੀ ਜਿਸ ਕਾਰਨ ਪੰਜਾਬ ਦਾ ਕੋਈ ਭਲਾ ਨਹੀਂ ਹੋਇਆ।ਇਸ ਮੌਕੇ ਤੇ ਮਿਸਲ ਸਤਲੁਜ ਦੇ ਜਰਨਲ ਸਕੱਤਰ ਦਵਿੰਦਰ ਸਿੰਘ ਸੇਖੋਂ ਨੇ ਪਟਿਆਲਾ ਦਿਹਾਤੀ ਹਲਕੇ ਲਈ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰ ਐਲਾਨਿਆ। ਉਨ੍ਹਾਂ ਕਿਹਾ ਕਿ ਮਿਸਲ ਸਤਲੁਜ ਹਮੇਸ਼ਾ ਪੰਜਾਬ ਦੇ ਇਨਸਾਫ ਪਸੰਦ ਅਤੇ ਮਿਹਨਤੀਕਸ਼ ਲੋਕਾਂ ਦੀ ਭਲਾਈ ਲਈ ਕੰਮ ਕਰੇਗੀ।
ਇਸ ਮੌਕੇ ਤੇ ਸਰਦਾਰ ਮਨਜੀਤ ਸਿੰਘ ਚਾਹਲ ਨੇ ਮਿਸਲ ਸਤਲੁਜ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਵਾਇਆ ਕਿ ਉਹ ਪਟਿਆਲਾ ਦਿਹਾਤੀ ਹਲਕੇ ਦੇ ਲੋਕਾਂ ਦੀ ਸੇਵਾ ਵਿੱਚ ਹਮੇਸ਼ਾ ਸਮਰਪਿਤ ਹੋ ਕੇ ਸੇਵਾ ਕਰਨਗੇ।
ਇਸ ਮੌਕੇ ਤੇ ਖਾਲਸਾ ਕਾਲਜ ਦੀ ਪ੍ਰਧਾਨ ਮਨਕੀਰਤ ਕੌਰ ਅੰਟਾਲ ਨੇ ਨੌਜਵਾਨਾਂ ਨੂੰ ਮਿਸਲ ਸਤਲੁਜ ਨਾਲ ਜੁੜਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਉਹ ਪੰਥ ਅਤੇ ਪੰਜਾਬ ਦੀ ਭਲਾਈ ਲਈ ਅੱਗੇ ਆਉਣ।
ਇਸ ਮੌਕੇ ਬੀਬਾ ਜਸਮੀਤ ਕੌਰ ਛੀਨਾ ਪ੍ਰਧਾਨ ਮਹਿਲਾ ਵਿੰਗ ਮਿਸਲ ਸਤਲੁਜ, ਸਰਦਾਰ ਅਮਰਿੰਦਰ ਸਿੰਘ ਤੂੜ ਕੌਮੀ ਕਨਵੀਨਰ ਪੂਰਾ ਪੰਜਾਬ ਲਹਿਰ,ਯਾਦਵਿੰਦਰ ਸਿੰਘ ਯਾਦੂ ਪ੍ਰਧਾਨ ਨੌਜਵਾਨ ਵਿੰਗ,ਗੁਰਵੇਲ ਸਿੰਘ ਬਲਪੂਰੀਆ,,ਪੂਰਨ ਸਿੰਘ ਖਾਈ ਮੁਲਾਜ਼ਮ ਆਗੂ, ਸਰਦਾਰ ਮੱਖਣ ਸਿੰਘ, ਇਕਬਾਲ ਸਿੰਘ ਸਾਬਕਾ ਰੋਜ਼ਗਾਰ ਅਫਸਰ, ਹਰਪਿੰਦਰ ਸਿੰਘ ਲਾਹੋਰੀਆ ਸਾਬਕਾ ਇੰਸਪੈਕਟਰ ਪੰਜਾਬ ਪੁਲਿਸ,ਰਜਿੰਦਰ ਕੁਮਾਰ ਸ਼ਰਮਾ, ਪ੍ਰਧਾਨ ਸਹਿਕਾਰੀ ਸਭਾਵਾਂ,ਐਡਵੋਕੇਟ ਦਰਸ਼ਨ ਸਿੰਘ, ਐਡਵੋਕੇਟ ਬੀ ਐਸ ਗੁਰਮ ,ਹਰਦੀਪ ਸਿੰਘ ਡੋਡ ਮੀਤ ਪ੍ਰਧਾਨ ਮਿਸਲ ਸਤਲੁਜ,ਮਾਨ ਸਿੰਘ ਕੱਲੀ
ਵੀ ਸ਼ਾਮਲ ਹੋਏ।
- Download Babushahi App
-
-