Punjab News: ਪ੍ਰਾਪਰਟੀ ਕਾਰੋਬਾਰੀ ਨੇ ਨਹਿਰ 'ਚ ਮਾਰੀ ਛਾਲ; ਮੌਤ ਤੋਂ ਪਹਿਲਾਂ ਬਣਾਈ ਵੀਡੀਓ ਵਾਇਰਲ
ਦੋ ਦਿਨਾਂ ਦੀ ਭਾਲ ਤੋਂ ਬਾਅਦ ਦੋਰਾਹਾ ਦੇ ਪਿੰਡ ਗੁਰਥਲੀ ਕੋਲੋਂ ਕਾਰੋਬਾਰੀ ਦੀ ਲਾਸ਼ ਬਰਾਮਦ
ਲੁਧਿਆਣਾ/ਦੋਰਾਹਾ, 17 ਮਈ 2026- ਲੁਧਿਆਣਾ ਦੇ ਇੱਕ ਪ੍ਰਾਪਰਟੀ ਕਾਰੋਬਾਰੀ ਵੱਲੋਂ ਕਥਿਤ ਮਾਨਸਿਕ ਪਰੇਸ਼ਾਨੀ ਕਾਰਨ ਸਰਹਿੰਦ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਕਾਰੋਬਾਰੀ ਦੀ ਲਾਸ਼ ਐਤਵਾਰ ਨੂੰ ਦੋਰਾਹਾ ਖੇਤਰ ਦੇ ਪਿੰਡ ਗੁਰਥਲੀ ਦੇ ਕੋਲ ਸਰਹਿੰਦ ਨਹਿਰ ਵਿੱਚੋਂ ਬਰਾਮਦ ਕੀਤੀ ਗਈ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਮ੍ਰਿਤਕ ਨੇ ਦੋ ਬਹੁਤ ਹੀ ਭਾਵੁਕ ਵੀਡੀਓਜ਼ ਬਣਾ ਕੇ ਆਪਣੇ ਵੱਡੇ ਭਰਾ ਨੂੰ ਵਟਸਐਪ 'ਤੇ ਭੇਜੀਆਂ ਸਨ, ਜਿਨ੍ਹਾਂ ਵਿੱਚ ਉਸ ਨੇ ਆਪਣੀ ਮੌਤ ਲਈ ਕੁਝ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਮ੍ਰਿਤਕ ਦੀ ਪਛਾਣ 42 ਸਾਲਾ ਅਮਿਤ ਕੁਮਾਰ ਵਜੋਂ ਹੋਈ ਹੈ, ਜੋ ਲੁਧਿਆਣਾ ਵਿੱਚ ਪ੍ਰਾਪਰਟੀ ਦਾ ਕਾਰੋਬਾਰ ਕਰਦਾ ਸੀ। ਜਾਣਕਾਰੀ ਅਨੁਸਾਰ 15 ਮਈ ਦੀ ਰਾਤ ਨੂੰ ਅਮਿਤ ਕੁਮਾਰ ਘਰੋਂ ਰੋਟੀ ਖਾਣ ਤੋਂ ਬਾਅਦ ਦੁਕਾਨ 'ਤੇ ਜਾਣ ਦੀ ਗੱਲ ਕਹਿ ਕੇ ਨਿਕਲਿਆ ਸੀ, ਪਰ ਉਹ ਉੱਥੇ ਨਹੀਂ ਪਹੁੰਚਿਆ। ਕੁਝ ਸਮੇਂ ਬਾਅਦ ਉਸ ਦੇ ਮੋਬਾਈਲ ਨੰਬਰ ਤੋਂ ਉਸ ਦੇ ਵੱਡੇ ਭਰਾ ਵਿਵੇਕ ਅਗਰਵਾਲ ਦੇ ਵਟਸਐਪ 'ਤੇ ਦੋ ਵੀਡੀਓਜ਼ ਪ੍ਰਾਪਤ ਹੋਈਆਂ। ਵੀਡੀਓ ਦੇਖਣ ਤੋਂ ਬਾਅਦ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਤੁਰੰਤ ਉਸ ਦੀ ਭਾਲ ਸ਼ੁਰੂ ਕੀਤੀ ਗਈ।
ਪਰਿਵਾਰ ਨੂੰ ਖ਼ਦਸ਼ਾ ਸੀ ਕਿ ਅਮਿਤ ਨੇ ਨੀਲੋਂ ਪੁਲ ਤੋਂ ਸਰਹਿੰਦ ਨਹਿਰ ਵਿੱਚ ਛਾਲ ਮਾਰ ਦਿੱਤੀ ਹੈ। ਸੂਚਨਾ ਮਿਲਦੇ ਹੀ ਪੁਲਿਸ ਅਤੇ ਗੋਤਾਖੋਰਾਂ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਲਗਾਤਾਰ ਸਰਚ ਆਪਰੇਸ਼ਨ ਚਲਾਇਆ ਗਿਆ। ਕਰੀਬ ਦੋ ਦਿਨਾਂ ਬਾਅਦ ਐਤਵਾਰ ਨੂੰ ਪਿੰਡ ਗੁਰਥਲੀ (ਦੋਰਾਹਾ) ਦੇ ਕੋਲ ਸਰਹਿੰਦ ਨਹਿਰ ਵਿੱਚੋਂ ਉਸ ਦੀ ਲਾਸ਼ ਬਰਾਮਦ ਕਰ ਲਈ ਗਈ। ਲਾਸ਼ ਮਿਲਣ ਤੋਂ ਬਾਅਦ ਪਰਿਵਾਰ ਵਿੱਚ ਮਾਤਮ ਦਾ ਮਾਹੌਲ ਹੈ।
“ਅੱਜ ਮੈਂ ਅੰਦਰੋਂ ਪੂਰੀ ਤਰ੍ਹਾਂ ਟੁੱਟ ਚੁੱਕਾ ਹਾਂ”
ਮੌਤ ਤੋਂ ਪਹਿਲਾਂ ਬਣਾਈ ਵੀਡੀਓ ਵਿੱਚ ਅਮਿਤ ਕੁਮਾਰ ਬੇਹੱਦ ਭਾਵੁਕ ਨਜ਼ਰ ਆ ਰਿਹਾ ਸੀ। ਉਸ ਨੇ ਰੋਂਦੇ ਹੋਏ ਕਿਹਾ, "ਜੈ ਮਾਤਾ ਦੀ... ਮੈਂ ਅਮਿਤ ਕੁਮਾਰ। ਅੱਜ ਮੈਂ ਇਹ ਦੁੱਖ ਬਰਦਾਸ਼ਤ ਨਹੀਂ ਕਰ ਸਕਿਆ। ਮੈਂ ਆਪਣੇ ਵੱਡੇ ਭਰਾ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਦੇਖ ਸਕਦਾ। ਉਹ ਰੱਬ ਵਰਗਾ ਇਨਸਾਨ ਹੈ, ਜੋ ਸਭ ਦੀ ਫ਼ਿਕਰ ਕਰਦਾ ਹੈ। ਅੱਜ ਮੈਂ ਅੰਦਰੋਂ ਪੂਰੀ ਤਰ੍ਹਾਂ ਟੁੱਟ ਚੁੱਕਾ ਹਾਂ।"
ਵੀਡੀਓ ਵਿੱਚ ਅਮਿਤ ਨੇ ਕੁੱਝ ਲੋਕਾਂ ਉੱਪਰ ਆਰੋਪ ਲਾਇਆ ਕਿ ਲਗਾਤਾਰ ਮਾਨਸਿਕ ਦਬਾਅ ਅਤੇ ਪਰੇਸ਼ਾਨੀ ਕਾਰਨ ਉਹ ਇਹ ਕਦਮ ਚੁੱਕਣ ਲਈ ਮਜਬੂਰ ਹੋਇਆ ਹੈ। ਉਸ ਨੇ ਕਿਹਾ ਕਿ ਪਿਛਲੇ 25-27 ਸਾਲਾਂ ਦੀ ਮਿਹਨਤ ਅਤੇ ਯੋਗਦਾਨ ਨੂੰ ਨਕਾਰਦਿਆਂ ਉਸ ਨੂੰ ਵਾਰ-ਵਾਰ ਅਪਮਾਨਿਤ ਕੀਤਾ ਜਾਂਦਾ ਸੀ। ਅਮਿਤ ਨੇ ਸਮਾਜ ਅਤੇ ਸਰਕਾਰ ਨੂੰ ਆਪਣੇ ਪਰਿਵਾਰ ਲਈ ਇਨਸਾਫ਼ ਦੀ ਅਪੀਲ ਵੀ ਕੀਤੀ ਅਤੇ ਅਗਲੇ ਜਨਮ ਵਿੱਚ ਵੀ ਇਸੇ ਪਰਿਵਾਰ ਵਿੱਚ ਆਉਣ ਦੀ ਇੱਛਾ ਜਤਾਈ।
ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਵਿਵੇਕ ਅਗਰਵਾਲ ਦੀ ਸ਼ਿਕਾਇਤ ਅਤੇ ਵੀਡੀਓ ਸਬੂਤਾਂ ਦੇ ਆਧਾਰ 'ਤੇ ਦੀਪਕ ਗੋਇਲ, ਗੋਲੂ ਅਤੇ ਉਸ ਦੇ ਪਰਿਵਾਰ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਦੋਵੇਂ ਵੀਡੀਓਜ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਲਈ ਭੇਜ ਦਿੱਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੇ ਹਰ ਪਹਿਲੂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
- Download Babushahi App
-
-