ਗੁਰਦਾਸਪੁਰ ਸ਼ਹਿਰ ਦੇ ਪ੍ਰਮੁੱਖ ਵਪਾਰੀ ਦੀ ਦੁਕਾਨ ਤੇ ਗਰਨੇਡ ਸੁੱਟਣ ਵਾਲੇ ਤਿੰਨ ਗ੍ਰਿਫਤਾਰ, ਇੱਕ ਹੋਰ ਹੈਂਡ ਗਰਨੇਡ ਬਰਾਮਦ
ਵਿਦੇਸ਼ੀ ਹੈਂਡਲਰ ਦੇ ਇਸ਼ਾਰੇ ਤੇ ਸੁੱਟਿਆ ਸੀ ਗਰਨੇਡ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ 18 ਮਈ
ਗੁਰਦਾਸਪੁਰ ਪੁਲਿਸ ਵੱਲੋਂ ਕਾਊਂਟਰ ਇੰਟੈਲੀਜੈਂਸ ਦੇ ਸਹਿਯੋਗ ਨਾਲ, ਇੱਕ ਵੱਡੀ ਸਫਲਤਾ ਪ੍ਰਾਪਤ ਕਰਦਿਆਂ 27 ਅਪ੍ਰੈਲ ਨੂੰ ਗੀਤਾ ਭਵਨ ਰੋਡ ਤੇ ਸ਼ਹਿਰ ਦੇ ਇੱਕ ਪ੍ਰਮੁੱਖ ਵਪਾਰੀ ਅਟਲ ਸ਼ਰਮਾ ਦੀ ਦੁਕਾਨ ਦੇ ਬਾਹਰ ਤੋਂ ਬਰਾਮਦ ਕੀਤੇ ਗਏ ਹੈਂਡ ਗ੍ਰਨੇਡ ਮਾਮਲੇ ਨੂੰ ਸੁਲਝਾ ਲਿਆ ਹੈ ਅਤੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਤਕਨੀਕੀ ਜਾਣਕਾਰੀ ਅਤੇ ਖੁਫੀਆ ਜਾਣਕਾਰੀਆਂ ਜੁਟਾਉਣ ਅਤੇ ਸੀਸੀਟੀਵੀ ਫੁਟੇਜ 'ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਪੁਲਿਸ ਨੇ ਦੁਕਾਨ ਦੇ ਨੇੜੇ ਹੈਂਡ ਗ੍ਰਨੇਡ ਸੁੱਟਣ ਵਿੱਚ ਸ਼ਾਮਲ ਦੋਸ਼ੀਆਂ ਦੀ ਪਹਿਚਾਨ ਕੀਤੀ। ਜਾਂਚ ਦੌਰਾਨ, ਇੱਕ ਮੁਲਜ਼ਮ ਦੇ ਘਰ ਤੋਂ ਇੱਕ ਹੋਰ ਹੈਂਡ ਗ੍ਰਨੇਡ ਵੀ ਬਰਾਮਦ ਕੀਤਾ ਗਿਆ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਵਿਦੇਸ਼ੀ ਹੈਂਡਲਰ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ ਅਤੇ ਹੈਂਡਲਰ ਤੋਂ ਦੋ ਹੈਂਡ ਗ੍ਰਨੇਡ ਪ੍ਰਾਪਤ ਕੀਤੇ ਸਨ।
ਮਾਮਲੇ ਵਿੱਚ ਪੁਲਿਸ ਥਾਣਾ ਸਿਟੀ, ਗੁਰਦਾਸਪੁਰ ਵਿੱਖੇ UAPA ਅਤੇ ਵਿਸਫੋਟਕ ਪਦਾਰਥ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਜਾਣਕਾਰੀ ਮਿਲੀ ਹੈ ਕਿ ਪੁਲਿਸ ਦੀ ਵਿਦੇਸ਼ੀ ਹੈਂਡਲਰ ਦੇ ਸਥਾਨਕ ਸਹਾਇਤਾ ਨੈਟਵਰਕ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ। ਜਾਣਕਾਰੀ ਅਨੁਸਾਰ ਦੋਸ਼ੀਆਂ ਵਿੱਚੋਂ ਇੱਕ ਤਾਰਾਪੁਰ ਜਲੰਧਰ ਅਤੇ ਦੋ ਮਹਿਤੇ ਨਾਲ ਸੰਬੰਧਿਤ ਹਨ ।ਪੁਲਿਸ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਤਾਂ ਕੀਤੀ ਹੈ ਪਰ ਜਲਦੀ ਹੀ ਪੁਲਿਸ ਅਧਿਕਾਰੀ ਇਸ ਸਬੰਧ ਵਿੱਚ ਪ੍ਰੈਸ ਕਾਨਫਰੰਸ ਕਰਕੇ ਵਧੇਰੇ ਜਾਣਕਾਰੀ ਦੇਣਗੇ।
- Download Babushahi App
-
-