Election Special ਅੱਤ ਦੀ ਗਰਮੀ ’ਚ ਸਿਆਸੀ ਅੱਗ ਦਾ ਦਰਿਆ ਪਾਰ ਕਰਨ ਵਾਂਗ ਹੋਣਗੀਆਂ ਨਗਰ ਨਿਗਮ ਚੋਣਾਂ
ਅਸ਼ੋਕ ਵਰਮਾ
ਬਠਿੰਡਾ, 11 ਮਈ 2026 : ਪੰਜਾਬ ਦੀ ਰਾਜਨੀਤੀ ’ਚ ਸ਼ਹਿਰੀ ਹਿੰਦੂ ਅਤੇ ਦਲਿਤਾਂ ਦੇ ਮਿਲੇ ਜੁਲੇ ਵੋਟ ਬੈਂਕ ਨੂੰ ਬਰਕਰਾਰ ਰੱਖਣ ਦੀ ਰਣਨੀਤੀ ’ਤੇ ਚੱਲਦੀ ਆ ਰਹੀ ਕਾਂਗਰਸ ਪਾਰਟੀ ਨੂੰ ਬਠਿੰਡਾ ਵਿੱਚ ਆਪਣਾ ਖੁੱਸਿਆ ਅਧਾਰ ਮੁੜ ਹਾਸਲ ਕਰਨ ਦੀ ਗੰਭੀਰ ਚੁਣੌਤੀ ਦਰਪੇਸ਼ ਹੈ। ਹਾਲਾਂਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਨਗਰ ਨਿਗਮ ’ਤੇ ਕਾਬਜ ਕਾਂਗਰਸ ਵਿੱਚ ਸੰਨ੍ਹ ਲਾਉਣ ’ਚ ਸਫਲ ਹੋ ਗਈ ਸੀ ਫਿਰ ਵੀ ਇਹ ਚੋਣ ਹਾਕਮ ਧਿਰ ਲਈ ਇੱਕ ਤਰਾਂ ਨਾਲ ਸਿਆਸੀ ਇਮਤਿਹਾਨ ਹੀ ਮੰਨੀ ਜਾ ਰਹੀ ਹੈ। ਇਹੋ ਹੀ ਨਹੀਂ ਗਠਜੋੜ ਸਹਾਰੇ ਨਗਰ ਨਿਗਮ ’ਚ 10 ਸਾਲ ਸੱਤਾ ਹੰਢਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਲਈ ਵੀ ਇਹ ਚੋਣਾਂ ਕਿਸੇ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਹਨ। ਉਹ ਵੀ ਉਦੋਂ ਜਦੋਂ ਪੰਥਕ ਅਧਾਰ ਵਾਲੇ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਵੀ ਇਹ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ।
ਇਸੇ ਤਰਾਂ ਹੀ ਪਹਿਲੀ ਵਾਰ ਆਪਣੇ ਦਮ ’ਤੇ ਨਗਰ ਨਿਗਮ ਬਠਿੰਡਾ ਦੀ ਚੋਣ ਲੜਨ ਜਾ ਰਹੀ ਭਾਰਤੀ ਜੰਤਾ ਪਾਰਟੀ ਲਈ ਵੀ ਨਿਗਮ ਚੋਣਾਂ ਕਿਸੇ ਚੁਣੌਤੀ ਤੋਂ ਘੱਟ ਨਹੀਂ ਹਨ। ਸਾਲ 2021 ਦੀਆਂ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਨੂੰ ਦੇਖੀਏ ਤਾਂ ਕਾਂਗਰਸ ਪਾਰਟੀ ਨੇ 50 ਵਾਰਡਾਂ ਚੋਂ 43 ’ਚ ਜਿੱਤ ਹਾਸਲ ਕਰਕੇ ਇਤਿਹਾਸ ਰਚਿਆ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ 7 ਵਾਰਡਾਂ ’ਚ ਜਿੱਤ ਨਸੀਬ ਹੋਈ ਸੀ ਜਦੋਂਕਿ ਆਮ ਆਦਮੀ ਪਾਰਟੀ ਦਾ ਤਾਂ ਖਾਤਾ ਵੀ ਨਹੀਂ ਖੁੱਲਿ੍ਹਆ ਸੀ। ਜਿਕਰਯੋਗ ਤੱਥ ਇਹ ਵੀ ਹੈ ਕਿ ਆਪਣਿਆਂ ਦੀਆਂ ਕਥਿਤ ਚਾਲਾਂ ਕਾਰਨ ਨਿਗਮ ਦਾ ਕਾਰਜਕਾਲ ਮੁੱਕਣ ਤੱਕ ‘ਪੰਜਾ’ ਲੱਗਭਗ ਆਪਣੀ ਹੋਂਦ ਗੁਆ ਚੁੱਕਿਆ ਸੀ। ਕਾਂਗਰਸੀ ਕੌਂਸਲਰਾਂ ਸਹਾਰੇ ਮੇਅਰ ਬਨਾਉਣ ਵਾਲੀ ‘ਆਪ’ ਨੇ ਮੇਅਰ ਪਦਮਜੀਤ ਮਹਿਤਾ ਦੀ ਅਗਵਾਈ ਹੇਠ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਕੁਰਸੀ ’ਤੇ ਬਿਰਾਜਮਾਨ ਕਾਂਗਰਸੀ ਆਗੂਆਂ ਨੂੰ ਹਟਾਉਣ ’ਚ ਸਫਲਤਾ ਹਾਸਲ ਕਰ ਲਈ ਸੀ।
ਮੇਅਰ ਨੇ ਸ਼ਹਿਰ ਵਾਸੀਆਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਿਆ ਅਤੇ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਇਸ ਕਰਕੇ ਸੱਤਾਧਾਰੀ ਆਮ ਆਦਮੀ ਪਾਰਟੀ ਦਮਖਮ ਨਾਲ ਚੋਣ ਮੈਦਾਨ ’ਚ ਉੱਤਰਨ ਜਾ ਰਹੀ ਹੈ। ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਣ ਜਾਰੇ ਰਹੇ ਇਸ ਸਿਆਸੀ ਦੰਗਲ ਨੂੰ ਸੱਤਾ ਦੇ ਸੈਮੀਫਾਈਨਲ ਵਜੋਂ ਦੇਖਿਆ ਜਾ ਰਿਹਾ ਹੈ। ਜਿਹੜੀ ਵੀ ਧਿਰ ਇੰਨ੍ਹਾਂ ਚੋਣਾਂ ’ਚ ਬਾਜੀ ਮਾਰਦੀ ਹੈ ਉਸ ਨੂੰ 2027 ’ਚ ਲਾਹਾ ਮਿਲਣ ਦੀ ਉਮੀਦ ਹੈ। ਇਸੇ ਕਾਰਨ ਕੋਈ ਵੀ ਸਿਆਸੀ ਧਿਰ ਇੰਨ੍ਹਾਂ ਮੁਕਾਬਲਿਆਂ ਨੂੰ ਹਲਕੇ ’ਚ ਲੈਣ ਦੇ ਰੌਂਅ ’ਚ ਨਹੀਂ ਹੈ। ਭਾਜਪਾ ਦੇ ਜਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਨੇ ਨਿਗਮ ਚੋਣਾਂ ’ਚ ਜਿੱਤ ਦਾ ਦਾਅਵਾ ਠੋਕਿਆ ਹੈ। ਉਨ੍ਹਾਂ ਕਿਹਾ ਕਿ ‘ਆਮ ਅਰਸਕਾਰ ਦੀਆਂ ਨਕਾਮੀਆਂ ਨੂੰ ਦੇਖਦਿਆਂ ਬਠਿੰਡਾ ਦੇ ਵੋਟਰ ਜਾਣ ਚੁੱਕੇ ਹਨ ਕਿ ਭਾਜਪਾ ਤੋਂ ਬਗੈਰ ਕੋਈ ਵੀ ਪਾਰਟੀ ਸ਼ਹਿਰ ਨੂੰ ਤਰੱਕੀ ਦੀਆਂ ਲੀਹਾਂ ’ਤੇ ਨਹੀਂ ਲਿਜਾ ਸਕਦੀ ਹੈ।
ਓਧਰ ਆਪਣੇ ਸੰਭਾਵੀ ਉਮੀਦਵਾਰਾਂ ਨਾਲ ਮੀਟਿੰਗਾਂ ਕਰ ਚੁੱਕੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਰਾਜਨ ਗਰਗ ਦਾ ਕਹਿਣਾ ਸੀ ਕਿ ਪਾਰਟੀ ਜਿੱਤਣ ਦੇ ਇਰਾਦਿਆਂ ਨਾਲ ਚੋਣ ਮੈਦਾਨ ’ਚ ਉੱਤਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋਈ ਹੈ ਜਿਸ ਕਰਕੇ ਸ਼ਹਿਰ ਵਾਸੀ ਇੱਕ ਵਾਰ ਫਿਰ ਤੋਂ ਕਾਂਗਰਸ ਪਾਰਟੀ ਨੂੰ ਫਤਵਾ ਦੇਣ ਲਈ ਤਿਆਰ ਬੈਠੇ ਹਨ। ਇਹੋ ਜਿਹਾ ਨਜ਼ਾਰਾ ਹੀ ਕੁੱਝ ਸ਼੍ਰੋਮਣੀ ਅਕਾਲੀ ਦਲ ਦਾ ਹੈ ਜੋ ਨਵੇਂ ਬਣੇ ਪ੍ਰਧਾਨ ਗੁਰਸੇਵਕ ਸਿੰਘ ਮਾਨ ਦੀ ਅਗਵਾਈ ਹੇਠ ਪੂਰੇ ਜੋਸ਼ੋ ਖਰੋਸ਼ ਚੋਣ ਲੜਨ ਜਾ ਰਿਹਾ ਹੈ। ਅਕਾਲੀ ਦਲ ਲੰਘੀਆਂ ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਨਤੀਜਿਆਂ ਦੀ ਰੌਸ਼ਨੀ ’ਚ ਜਿੱਤ ਪ੍ਰਤੀ ਆਸਵੰਦ ਹੈ। ਨਗਰ ਨਿਗਮ ਦੇ ਚੋਣ ਨਤੀਜੇ ਵਿਧਾਨ ਸਭਾ ਚੋਣਾਂ 2027 ਮੌਕੇ ਨਗਰ ਨਿਗਮ ਚੋਣਾਂ 2021 ਦੌਰਾਨ ਸਿਰਫ 7 ਵਾਰਡਾਂ ’ਚ ਜਿੱਤਣ ਵਾਲੇ ਸ਼੍ਰੋਮਣੀ ਅਕਾਲੀ ਦਲ ਅਤੇ ਉਸ ਦੇ ਉਮੀਦਵਾਰ ਦਾ ਸਿਆਸੀ ਭਵਿੱਖ ਤੈਅ ਕਰਨਗੇ ।
ਵਿਕਾਸ ਦੇ ਮੁੱਦੇ ’ਤੇ ਚੋਣ ਲੜੇਗੀ ‘ਆਪ’
ਸਾਬਕਾ ਮੇਅਰ ਪਦਮਜੀਤ ਸਿੰਘ ਮਹਿਤਾ ਦਾ ਕਹਿਣਾ ਸੀ ਕਿ ਪਾਰਟੀ ਪੰਜਾਬ ਸਰਕਾਰ ਵੱਲੋਂ 4 ਸਾਲਾਂ ਦੀਆਂ ਪ੍ਰਾਪਤੀ ਅਤੇ ਵਿਕਾਸ ਦੇ ਮੁੱਦੇ ’ਤੇ ਵੋਟਾਂ ਮੰਗੇਗੀ। ਉਨ੍ਹਾਂ ਕਿਹਾ ਕਿ ਜੋ ਸਹੂਲਤਾਂ ‘ ਮੁੱਖ ਮੰਤਰੀ ਭਗਵੰਤ ਸਿੰਘ ਮਾਨ’ ਦੀ ਅਗਵਾਈ ਵਾਲੀ ਸਰਕਾਰ ਨੇ ਬਠਿੰਡਾ ਸਮੇਤ ਪੰਜਾਬ ਵਾਸੀਆਂ ਨੂੰ ਦਿੱਤੀਆਂ ਹਨ ਉਸ ਨੂੰ ਦੇਖਦਿਆਂ ਸ਼ਹਿਰ ਵਾਸੀ ਬਾਗੋਬਾਗ ਹਨ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਵੋਟਰ ‘ਆਪ’ ਉਮੀਦਵਾਰਾਂ ਦੇ ਹੱਕ ’ਚ ਫਤਵਾ ਦੇਣਗੇ।
ਵਾਰਿਸ ਪੰਜਾਬ ਦੇ ਲੜੇਗਾ ਚੋਣਾਂ
ਅਕਾਲੀ ਦਲ ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਬਰਾੜ ਦਾ ਕਹਿਣਾ ਸੀ ਕਿ ਉਹਨਾਂ ਦੀ ਪਾਰਟੀ ਪੰਜਾਬ ਵਿੱਚ ਹੋਣ ਵਾਲੀਆਂ ਆਗਾਮੀ ਨਗਰ ਨਿਗਮ, ਨਗਰ ਪੰਚਾਇਤ ਅਤੇ ਮਿਉਂਸਿਪਲ ਕਮੇਟੀਆਂ ਦੀਆਂ ਚੋਣਾਂ ਪੂਰੇ ਜ਼ੋਰ-ਸ਼ੋਰ ਨਾਲ ਲੜੇਗੀ। ਉਹਨਾਂ ਕਿਹਾ ਕਿ ਪਾਰਟੀ ਦਾ ਮੁੱਖ ਮੁੱਦਾ ਨਸ਼ਿਆਂ ਖਿਲਾਫ ਲੜਾਈ ਹੋਵੇਗਾ। ਉਹਨਾਂ ਸਾਫ਼ ਸੁਥਰੇ ਅਕਸ ਵਾਲੇ ਉਮੀਦਵਾਰਾਂ ਅਤੇ ਸਮਾਜ ਸੇਵੀਆਂ ਨੂੰ ਪੰਥ ਅਤੇ ਪੰਜਾਬ ਦੀ ਰਾਖੀ ਲਈ ਪਾਰਟੀ ਦੇ ਨਾਲ ਆਕੇ ਇਹ ਚੋਣਾਂ ਲੜਨ ਦਾ ਸੱਦਾ ਦਿੱਤਾ ਹੈ ਕਿ ਉਹ ਤਾਂ ਜੋ ਨਸ਼ਿਆਂ ਵਿਰੁੱਧ ਇੱਕ ਵੱਡੀ ਮੁਹਿੰਮ ਵਿੱਢੀ ਜਾ ਸਕੇ।
- Download Babushahi App
-
-