ਤਰਨਤਾਰਨ: ਰਾਈਸ ਸ਼ੈਲਰ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸਵਾਹ
ਬਲਜੀਤ ਸਿੰਘ
ਤਰਨ ਤਾਰਨ, 3 ਮਈ 2026: ਪਿੰਡ ਪਿਦੀ ਸਥਿਤ ਡੀ.ਸੀ. ਦਫ਼ਤਰ ਦੇ ਸਾਹਮਣੇ ਸਥਿਤ 'ਕੈਪੀਟਲ ਓਵਰਸੀਜ਼ ਪ੍ਰਾਈਵੇਟ ਲਿਮਟਿਡ' (Capital Overseas Pvt. Ltd.) ਸ਼ੈਲਰ ਵਿੱਚ ਅਚਾਨਕ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਕੁਝ ਹੀ ਸਮੇਂ ਵਿੱਚ ਸ਼ੈਲਰ ਦੀ ਇਮਾਰਤ ਅਤੇ ਅੰਦਰ ਪਏ ਚਾਵਲ ਤੇ ਹੋਰ ਸਾਮਾਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਸ਼ੈਲਰ ਮਾਲਕਾਂ ਰਾਜਿੰਦਰ ਮਿੱਤਲ ਅਤੇ ਅਸ਼ਵਣੀ ਮਿੱਤਲ ਨੂੰ ਸਵੇਰੇ ਕਰੀਬ 5:30 ਵਜੇ ਮੁਲਾਜ਼ਮਾਂ ਨੇ ਅੱਗ ਲੱਗਣ ਦੀ ਜਾਣਕਾਰੀ ਦਿੱਤੀ। ਅੱਗ ਕਾਰਨ ਸ਼ੈਲਰ ਵਿੱਚ ਪਏ ਚਾਵਲ, ਪੈਕਿੰਗ ਮਟੀਰੀਅਲ ਅਤੇ ਹੋਰ ਕੀਮਤੀ ਸਾਮਾਨ ਸੜ ਕੇ ਸਵਾਹ ਹੋ ਗਿਆ। ਇਸ ਦੇ ਨਾਲ ਹੀ ਸ਼ੈਲਰ ਦੀ ਬਿਲਡਿੰਗ ਨੂੰ ਵੀ ਵੱਡਾ ਨੁਕਸਾਨ ਪਹੁੰਚਿਆ ਹੈ।
ਅੱਗ 'ਤੇ ਕਾਬੂ ਪਾਉਣ ਲਈ ਵੱਖ-ਵੱਖ ਥਾਵਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ; ਨਗਰ ਕੌਂਸਲ ਤਰਨ ਤਾਰਨ ਤੋਂ ਦੋ ਗੱਡੀਆਂ ਮੌਕੇ 'ਤੇ ਪਹੁੰਚੀਆਂ। ਮਦਦ ਲਈ ਇੱਕ ਗੱਡੀ ਪੱਟੀ ਅਤੇ ਇੱਕ ਅੰਮ੍ਰਿਤਸਰ ਤੋਂ ਵੀ ਮੰਗਵਾਈ ਗਈ। ਜ਼ਿਲ੍ਹਾ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਤਨੇਜਾ, ਕੇਸ਼ਵ ਅਗਰਵਾਲ, ਵਸ਼ਨੁ ਦਾਸ ਅਗਰਵਾਲ ਅਤੇ ਹੋਰ ਸਾਥੀਆਂ ਨੇ ਸਟਾਫ਼ ਨਾਲ ਮਿਲ ਕੇ ਅੱਗ 'ਤੇ ਕਾਬੂ ਪਾਉਣ ਵਿੱਚ ਵੱਡਾ ਸਹਿਯੋਗ ਦਿੱਤਾ।
ਸ਼ੈਲਰ ਮਾਲਕਾਂ ਨੇ ਦੱਸਿਆ ਕਿ ਇਸ ਹਾਦਸੇ ਕਾਰਨ ਉਨ੍ਹਾਂ ਨੂੰ ਬਹੁਤ ਵੱਡਾ ਆਰਥਿਕ ਝਟਕਾ ਲੱਗਿਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਦੁਖਦਾਈ ਹਾਦਸੇ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਉਨ੍ਹਾਂ ਦੀ ਬਣਦੀ ਮਦਦ ਕੀਤੀ ਜਾਵੇ।
Click to Follow Babushahi Facebook page →