AAP ਵੱਲੋਂ ਗੈਸ ਸਿਲੰਡਰਾਂ ਦੀਆਂ ਕੀਮਤਾਂ 'ਚ ਵਾਧੇ ਵਿਰੁਧ ਰੋਸ਼ ਪ੍ਰਦਰਸ਼ਨ
-ਕੇਂਦਰ ਦੀ ਮੋਦੀ ਸਰਕਾਰ ’ਤੇ ਵਰ੍ਹਦਿਆਂ ਤਿੱਖੇ ਨਿਸ਼ਾਨੇ ਸਾਧੇ
-ਵਧੀਆਂ ਕੀਮਤਾਂ ਨੂੰ ਵਾਪਿਸ ਲੈਣ ਦੀ ਮੰਗ
ਸੰਗਰੂਰ, 03 ਮਈ :
ਆਮ ਆਦਮੀ ਪਾਰਟੀ ਅਤੇ ਜ਼ਿਲ੍ਹਾ ਟਰੇਡ ਕਮਿਸ਼ਨ ਵੱਲੋਂ ਅੱਜ ਬੱਸ ਸਟੈਂਡ ਸੰਗਰੂਰ ਨੇੜੇ ਮੋਦੀ ਸਰਕਾਰ ਵੱਲੋਂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੀਤੇ ਬੇਹਿਸਾਬ ਵਾਧੇ ਦੇ ਵਿਰੋਧ ਵਿੱਚ ਧਰਨਾ ਪ੍ਰਦਰਸ਼ਨ ਕਰਦਿਆਂ ਭਾਜਪਾ ’ਤੇ ਤਿੱਖੇ ਨਿਸ਼ਾਨੇ ਸਾਧੇ ਗਏ। ਇਸ ਮੌਕੇ ਟਰੇਡਰਜ਼ ਕਮਿਸ਼ਨ ਜ਼ਿਲ੍ਹਾ ਸੰਗਰੂਰ ਦੇ ਚੇਅਰਮੈਨ ਸ਼੍ਰੀ ਅਰੁਨ ਜਿੰਦਲ ਸਮੇਤ ਗਿਣਤੀ ਵਿੱਚ ‘ਆਪ’ ਵਲੰਟੀਅਰਾਂ ਨੇ ਸ਼ਮੂਲੀਅਤ ਕੀਤੀ।
ਉਨ੍ਹਾਂ ਇੱਕ ਸੁਰ ਵਿੱਚ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਆਮ ਆਦਮੀ ਲਈ ਲਾਚਾਰ ਅਤੇ ਰਸੋਈ ਲਈ ਗੁਨਾਹਗਾਰ ਸਿੱਧ ਹੋਈ ਹੈ। ਕਾਬਿਲੇਗੌਰ ਹੈ ਕਿ ਵਪਾਰਕ ਐੱਲ ਪੀ ਜੀ ਸਿਲੰਡਰ ਹੁਣ 993 ਰੁਪਏ ਮਹਿੰਗਾ ਹੋ ਗਿਆ ਹੈ। 19 ਕਿਲੋ ਵਜ਼ਨੀ ਵਪਾਰਕ ਐੱਲ ਪੀ ਜੀ ਸਿਲੰਡਰ ਆਮ ਕਰ ਕੇ ਹੋਟਲਾਂ ਤੇ ਰੈਸਟੋਰੈਂਟਾਂ ’ਚ ਵਰਤਿਆ ਜਾਂਦਾ ਹੈ। ਇਸ ਦੇ ਨਾਲ ਨਾਲ ਛੋਟੇ ਪੱਧਰ ਉੱਤੇ ਖਾਣ ਦੀਆਂ ਚੀਜ਼ਾਂ ਬਣਾ ਕੇ ਵੇਚਣ ਵਾਲਿਆਂ ਵਲੋਂ ਵੀ ਇਹ ਸਿਲੰਡਰ ਵਰਤੇ ਜਾਂਦੇ ਹਨ, ਜਿਸ ਕਾਰਨ ਇਹਨਾਂ ਵਸਤਾਂ ਦੇ ਰੇਟ ਵਿਚ ਵੀ ਵਾਧਾ ਹੋਵੇਗਾ ਤੇ ਮਾਰ ਆਮ ਆਦਮੀ ਨੂੰ ਪਵੇਗੀ।
ਇਸ ਤੋਂ ਪਹਿਲਾਂ ਕੀਮਤਾਂ ਵਿੱਚ ਪਹਿਲੀ ਅਪਰੈਲ ਨੂੰ 195.50 ਰੁਪਏ ਪ੍ਰਤੀ ਸਿਲੰਡਰ ਤੇ ਪਹਿਲੀ ਮਾਰਚ ਨੂੰ 114.5 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ ਸੀ। ਇਨ੍ਹਾਂ ਤਿੰਨ ਵਾਧਿਆਂ ਨਾਲ ਕੁੱਲ ਮਿਲਾ ਕੇ ਕਮਰਸ਼ੀਅਲ ਐੱਲ ਪੀ ਜੀ ਦੀਆਂ ਦਰਾਂ ’ਚ 1303 ਰੁਪਏ ਦਾ ਇਜ਼ਾਫ਼ਾ ਹੋਇਆ ਹੈ।
‘ਆਪ’ ਆਗੂਆਂ ਨੇ ਭਾਰਤੀ ਜਨਤਾ ਪਾਰਟੀ ਨੇ ਘੇਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਚੋਣਾਂ ਮੌਕੇ ਹੀ ਆਮ ਭਾਰਤੀਆਂ ਨੂੰ ਦਰਪੇਸ਼ ਦੁੱਖ ਤਕਲੀਫ਼ਾਂ ਦੀ ਫ਼ਿਕਰ ਹੁੰਦੀ ਹੈ ਤੇ ਮਗਰੋਂ ਉਨ੍ਹਾਂ ਨੂੰ ਆਪਣੇ ਹਾਲ ਉੱਤੇ ਛੱਡ ਦਿੱਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਇਰਾਨ ਜੰਗ ਲੱਗੇ ਨੂੰ ਤਿੰਨ ਮਹੀਨੇ ਹੋ ਚੁੱਕੇ ਹਨ ਅਤੇ ਸਰਕਾਰ ਨੂੰ ਵਿੱਤੀ ਬੋਝ ਆਮ ਲੋਕਾਂ ਉੱਤੇ ਪਾਉਣ ਦੀ ਥਾਂ ਉਨ੍ਹਾਂ ਨੂੰ ਬਚਾਉਣ ਲਈ ਕੋਈ ਠੋਸ ਯੋਜਨਾ ਤਿਆਰ ਕਰਨੀ ਚਾਹੀਦੀ ਸੀ ਜਦਕਿ ਕਿ ਸਿਲੰਡਰਾਂ ਦੀ ਕੀਮਤ ਵਿੱਚ ਭਾਰੀ ਇਜਾਫਾ ਕਰਕੇ ਲੋਕਾਂ ਦੀ ਹੋਰ ਕਮਰ ਤੋੜ ਦਿੱਤੀ ਹੈ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਦੋਂ ਭਾਜਪਾ ਸੱਤਾ ਵਿੱਚ ਨਹੀਂ ਸੀ ਤਾਂ ਇਹਨਾਂ ਦੇ ਆਗੂ ਸਿਲੰਡਰ ਵਿੱਚ 10 ਰੁਪਏ ਦਾ ਵਾਧਾ ਹੋਣ 'ਤੇ ਵੀ ਸੜਕਾਂ 'ਤੇ ਆ ਜਾਂਦੇ ਸਨ, ਜਿਹੜੇ ਕਿ ਹੁਣ ਕੁੰਭਕਰਨੀ ਨੀਂਦ ਸੌਂ ਗਏ ਹਨ।
ਇਸ ਮੌਕੇ ਜ਼ੋਰਦਾਰ ਮੰਗ ਕੀਤੀ ਗਈ ਕਿ ਇਹਨਾਂ ਵਧੀਆਂ ਕੀਮਤਾਂ ਨੂੰ ਵਾਪਿਸ ਲਿਆ ਜਾਵੇ।
ਇਸ ਮੌਕੇ ਰਾਮ ਕੁਮਾਰ ਟਰੇਡ ਕਮਿਸ਼ਨ ਹਲਕਾ ਸੁਨਾਮ, ਸਮੇਤ ਵੱਖ ਵੱਖ ਅਹੁਦੇਦਾਰ ਅਤੇ ਵੱਡੀ ਗਿਣਤੀ ਵਲੰਟੀਅਰ ਹਾਜ਼ਰ ਸਨ।
Click to Follow Babushahi Facebook page →