ਮਾਮਲਾ ਮੁੱਖ ਮੰਤਰੀ ਤੇ ਲੱਗੇ ਸ਼ਰਾਬ ਦੇ ਆਰੋਪਾਂ ਦਾ; ਵਿਧਾਨ ਸਭਾ ਦੀ ਮਰਯਾਦਾ ‘ਤੇ ਸਵਾਲ, ਡਾ. ਅਮਰ ਸਿੰਘ ਨੇ ਮਾਮਲੇ ਦੀ ਜਾਂਚ ਦੀ ਕੀਤੀ ਮੰਗ
ਰਵਿੰਦਰ ਢਿੱਲੋਂ / ਬਾਬੂਸ਼ਾਹੀ ਬਿਊਰੋ
ਖੰਨਾ, 2 May 2026 :
ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ ਅਮਰ ਸਿੰਘ ਨੇ ਉਹਨਾਂ ਰਿਪੋਰਟਾਂ ‘ਤੇ ਅੱਜ ਗੰਭੀਰ ਚਿੰਤਾ ਜਤਾਈ ਹੈ ਜਿਨ੍ਹਾਂ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ 1 ਮਈ ਮਜ਼ਦੂਰ ਦਿਵਸ ਦੇ ਦਿਨ ਪੰਜਾਬ ਵਿਧਾਨ ਸਭਾ ਵਿੱਚ ਕਾਰਵਾਈ ਦੌਰਾਨ ਨਸ਼ੇ ਦੀ ਹਾਲਤ ਵਿੱਚ ਮੌਜੂਦ ਸਨ।
ਡਾ. ਅਮਰ ਸਿੰਘ ਨੇ ਕਿਹਾ ਕਿ ਜੇ ਇਹ ਦੋਸ਼ ਸੱਚ ਸਾਬਤ ਹੁੰਦੇ ਹਨ ਤਾਂ ਇਹ ਬਹੁਤ ਹੀ ਗੰਭੀਰ ਮਾਮਲਾ ਹੈ ਜੋ ਵਿਧਾਨ ਸਭਾ ਦੀ ਮਰਯਾਦਾ ਅਤੇ ਲੋਕਤੰਤਰਿਕ ਸੰਸਥਾਵਾਂ ਦੀ ਪਵਿੱਤਰਤਾ ‘ਤੇ ਸਵਾਲ ਖੜ੍ਹਾ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ ਲੋਕਾਂ ਦੀ ਆਵਾਜ਼ ਦਾ ਮੰਦਰ ਹੈ ਅਤੇ ਇੱਥੇ ਇਸ ਤਰ੍ਹਾਂ ਦਾ ਵਿਹਾਰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਨੇ ਅੱਗੇ ਕਿਹਾ ਕਿ ਮਜ਼ਦੂਰ ਦਿਵਸ ਮਜ਼ਦੂਰ ਵਰਗ ਦੀ ਮਿਹਨਤ ਅਤੇ ਯੋਗਦਾਨ ਨੂੰ ਸਲਾਮ ਕਰਨ ਦਾ ਦਿਨ ਹੁੰਦਾ ਹੈ, ਪਰ ਇਸ ਤਰ੍ਹਾਂ ਦੇ ਮਾਮਲੇ ਇਸ ਦਿਨ ਦੀ ਮਹੱਤਤਾ ਨੂੰ ਘਟਾਉਂਦੇ ਹਨ। “ਪੰਜਾਬ ਪਹਿਲਾਂ ਹੀ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਲੋਕ ਜ਼ਿੰਮੇਵਾਰ ਤੇ ਸੰਜੀਦਾ ਲੀਡਰਸ਼ਿਪ ਦੀ ਉਮੀਦ ਕਰਦੇ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ਲੋਕਾਂ ਵਿੱਚ ਗਲਤ ਸੰਦੇਸ਼ ਪੈਦਾ ਕਰਦੀਆਂ ਹਨ,।
ਡਾ. ਅਮਰ ਸਿੰਘ ਨੇ ਇਸ ਮਾਮਲੇ ਦੀ ਪੂਰੀ ਅਤੇ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਸੱਚਾਈ ਸਾਹਮਣੇ ਲਿਆਉਣਾ ਬਹੁਤ ਜ਼ਰੂਰੀ ਹੈ ਅਤੇ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਤਾਂ ਜੋ ਲੋਕਾਂ ਦਾ ਭਰੋਸਾ ਬਣਿਆ ਰਹੇ।
ਅੰਤ ਵਿੱਚ ਉਨ੍ਹਾਂ ਨੇ ਸਾਰੇ ਲੋਕ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਉਹ ਲੋਕਤੰਤਰਕ ਸੰਸਥਾਵਾਂ ਦੀ ਮਰਯਾਦਾ ਬਣਾਈ ਰੱਖਣ ਅਤੇ ਆਪਣੇ ਫਰਜ਼ਾਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ।
Click to Follow Babushahi Facebook page →