ਸਰੂਪ ਸਿੰਗਲਾ ਵੱਲੋਂ ਕਿਸਾਨਾਂ ਨੂੰ ਦਿੱਤੀ ਪ੍ਰਭਾਵਿਤ ਕਣਕ ਦੀ ਫ਼ਸਲ ਸਬੰਧੀ ਰਾਹਤ ਦਾ ਭਰਵਾਂ ਸਵਾਗਤ
ਕੇਂਦਰ ਸਰਕਾਰ ਨੇ ਕਣਕ ਖਰੀਦ ਦੇ ਮਾਪਦੰਡਾਂ ਵਿੱਚ ਵੱਡੀ ਛੋਟ ਦੇ ਕੇ ਕਿਸਾਨਾਂ ਦੀ ਬਾਂਹ ਫੜੀ: ਸਰੂਪ ਸਿੰਗਲਾ
ਅਸ਼ੋਕ ਵਰਮਾ
ਬਠਿੰਡਾ, 17 ਅਪ੍ਰੈਲ 2026: ਪੰਜਾਬ ਵਿੱਚ ਹਾਲ ਹੀ ਵਿੱਚ ਹੋਈ ਬੇਮੌਸਮੀ ਬਰਸਾਤ ਕਾਰਨ ਕਣਕ ਦੀ ਫਸਲ ਦੀ ਗੁਣਵੱਤਾ ਪ੍ਰਭਾਵਿਤ ਹੋਣ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਖਰੀਦ ਮਾਪਦੰਡਾਂ ਵਿੱਚ ਦਿੱਤੀ ਗਈ ਵੱਡੀ ਛੋਟ ਦਾ ਸਵਾਗਤ ਕਰਦਿਆਂ ਭਾਰਤੀ ਜਨਤਾ ਪਾਰਟੀ ਬਠਿੰਡਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਇਸ ਨੂੰ ਕਿਸਾਨਾਂ ਦੇ ਹਿੱਤ ਵਿੱਚ ਲਿਆ ਗਿਆ ਬਹੁਤ ਹੀ ਸਲਾਘਾਯੋਗ ਫੈਸਲਾ ਕਰਾਰ ਦਿੱਤਾ ਹੈ।ਸਰੂਪ ਸਿੰਗਲਾ ਨੇ ਕਿਹਾ ਕਿ ਇਸ ਫੈਸਲੇ ਨਾਲ ਸੂਬੇ ਦੇ ਹਜ਼ਾਰਾਂ ਕਣਕ ਉਤਪਾਦਕ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ, ਜੋ ਕੁਦਰਤੀ ਆਫ਼ਤ ਕਾਰਨ ਆਰਥਿਕ ਨੁਕਸਾਨ ਦੇ ਡਰ ਨਾਲ ਜੂਝ ਰਹੇ ਸਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸਮੇਂ ਸਿਰ ਹਾਲਾਤਾਂ ਦੀ ਗੰਭੀਰਤਾ ਨੂੰ ਸਮਝਦਿਆਂ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਤੁਰੰਤ ਕਦਮ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਬੇਮੌਸਮੀ ਬਰਸਾਤ ਕਾਰਨ ਸਾਰੇ ਸੂਬੇ ਵਿੱਚ ਕਣਕ ਦੀ ਫਸਲ ਦੀ ਗੁਣਵੱਤਾ ’ਤੇ ਅਸਰ ਪਿਆ ਸੀ, ਜਿਸ ਕਰਕੇ ਕਿਸਾਨਾਂ ਨੂੰ ਆਪਣੀ ਉਪਜ ਦਾ ਠੀਕ ਮੁੱਲ ਮਿਲਣ ਬਾਰੇ ਚਿੰਤਾ ਸੀ। ਇਸ ਸਥਿਤੀ ਨੂੰ ਦੇਖਦਿਆਂ ਰਾਜ ਸਰਕਾਰ ਅਤੇ ਭਾਰਤੀ ਖਾਦ ਨਿਗਮ (ਐਫਸੀਆਈ) ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ ਸੀ।ਇਸ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਮਾਹਿਰ ਟੀਮਾਂ ਨੂੰ ਪੰਜਾਬ ਭੇਜ ਕੇ ਫਸਲ ਦਾ ਸਰਵੇ ਕਰਵਾਇਆ ਗਿਆ। ਇਸ ਸਰਵੇ ਰਿਪੋਰਟ ਦੇ ਆਧਾਰ ’ਤੇ ਹੀ ਕਣਕ ਖਰੀਦ ਦੇ ਨਿਰਧਾਰਿਤ ਮਾਪਦੰਡਾਂ ਵਿੱਚ ਛੋਟ ਦੇਣ ਦਾ ਮਹੱਤਵਪੂਰਨ ਫੈਸਲਾ ਲਿਆ ਗਿਆ।
ਸਿੰਗਲਾ ਨੇ ਕਿਹਾ ਕਿ ਇਹ ਕਦਮ ਦਰਸਾਉਂਦਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਪ੍ਰਤੀ ਕਿੰਨੀ ਸੰਵੇਦਨਸ਼ੀਲ ਹੈ ਅਤੇ ਹਰ ਸੰਕਟ ਵਿੱਚ ਉਨ੍ਹਾਂ ਦੇ ਨਾਲ ਖੜੀ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਸ ਫੈਸਲੇ ਨਾਲ ਕਿਸਾਨਾਂ ਦਾ ਹੌਸਲਾ ਵਧੇਗਾ ਅਤੇ ਉਹਨਾਂ ਨੂੰ ਆਰਥਿਕ ਨੁਕਸਾਨ ਤੋਂ ਬਚਾਉਣ ਵਿੱਚ ਮਦਦ ਮਿਲੇਗੀ।
Click to Follow Babushahi Facebook page →