ਮਾਛੀਵਾੜਾ ਪੁਲਿਸ ਦੀ ਵੱਡੀ ਸਫਲਤਾ: ਪ੍ਰੇਮਿਕਾ ਦੇ ਨਵੇਂ ਪ੍ਰੇਮੀ 'ਤੇ ਗੋਲੀ ਚਲਾਉਣ ਵਾਲਾ ਟਰੱਕ ਡਰਾਈਵਰ ਗ੍ਰਿਫ਼ਤਾਰ; UP ਤੋਂ ਲਿਆਂਦਾ ਨਾਜਾਇਜ਼ ਅਸਲਾ ਬਰਾਮਦ
Ravinder Singh
ਮਾਛੀਵਾੜਾ ਸਾਹਿਬ, 17 ਅਪ੍ਰੈਲ 2026: ਮਾਛੀਵਾੜਾ ਪੁਲਿਸ ਨੇ ਜਨਵਰੀ ਮਹੀਨੇ ਵਿੱਚ ਹੋਏ ਇੱਕ ਗੋਲੀਕਾਂਡ ਦੀ ਗੁੱਥੀ ਸੁਲਝਾਉਂਦਿਆਂ ਮੁੱਖ ਮੁਲਜ਼ਮ ਹਰਜਿੰਦਰ ਸਿੰਘ ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੇ ਰੰਜਿਸ਼ ਦੇ ਚਲਦਿਆਂ ਆਪਣੀ ਪ੍ਰੇਮਿਕਾ ਦੇ ਨਵੇਂ ਦੋਸਤ ਦੇ ਪੱਟ ਵਿੱਚ ਗੋਲੀ ਮਾਰੀ ਸੀ।
ਥਾਣਾ ਮੁਖੀ ਪਵਿੱਤਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੁਲਜ਼ਮ ਹਰਜਿੰਦਰ ਸਿੰਘ (ਵਾਸੀ ਪੂਨੀਆ, ਨਵਾਂਸ਼ਹਿਰ), ਜੋ ਕਿ ਪੇਸ਼ੇ ਤੋਂ ਟਰੱਕ ਡਰਾਈਵਰ ਹੈ, ਦੇ ਮਨਦੀਪ ਕੌਰ ਨਾਂ ਦੀ ਮਹਿਲਾ ਨਾਲ ਪ੍ਰੇਮ ਸਬੰਧ ਸਨ। ਕੁਝ ਸਮੇਂ ਤੋਂ ਮਨਦੀਪ ਕੌਰ ਦੀ ਦੋਸਤੀ ਬਿਕਰਮਜੀਤ ਸਿੰਘ (ਵਾਸੀ ਬਾਲਿਓਂ) ਨਾਲ ਹੋ ਗਈ ਸੀ, ਜਿਸ ਕਾਰਨ ਹਰਜਿੰਦਰ ਸਿੰਘ ਰੰਜਿਸ਼ ਰੱਖਣ ਲੱਗ ਪਿਆ ਸੀ। ਲੰਘੀ ਜਨਵਰੀ ਵਿੱਚ ਜਦੋਂ ਹਰਜਿੰਦਰ ਮਨਦੀਪ ਕੌਰ ਦੇ ਘਰ ਗਿਆ ਅਤੇ ਝਗੜਾ ਕਰਨ ਲੱਗਾ, ਤਾਂ ਮਨਦੀਪ ਨੇ ਬਿਕਰਮਜੀਤ ਨੂੰ ਉੱਥੇ ਬੁਲਾ ਲਿਆ। ਮੌਕੇ 'ਤੇ ਪਹੁੰਚੇ ਬਿਕਰਮਜੀਤ ਦੇ ਪੱਟ ਵਿੱਚ ਹਰਜਿੰਦਰ ਸਿੰਘ ਨੇ ਗੋਲੀ ਮਾਰ ਦਿੱਤੀ ਅਤੇ ਫ਼ਰਾਰ ਹੋ ਗਿਆ।
ਪੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋਏ ਹਨ; ਮੁਲਜ਼ਮ ਕੋਲੋਂ ਵਾਰਦਾਤ ਵਿੱਚ ਵਰਤਿਆ ਗਿਆ .32 ਬੋਰ ਦਾ ਰਿਵਾਲਵਰ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਨੇ ਇਹ ਨਾਜਾਇਜ਼ ਹਥਿਆਰ ਉੱਤਰ ਪ੍ਰਦੇਸ਼ (UP) ਦੇ ਇੱਕ ਢਾਬੇ ਤੋਂ 90 ਹਜ਼ਾਰ ਰੁਪਏ ਵਿੱਚ ਖਰੀਦਿਆ ਸੀ। ਉਸ ਦਾ ਮੁੱਖ ਮਕਸਦ ਬਿਕਰਮਜੀਤ 'ਤੇ ਹਮਲਾ ਕਰਨਾ ਹੀ ਸੀ। ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਹੁਣ ਉਸ ਸਰੋਤ ਦੀ ਭਾਲ ਕਰ ਰਹੀ ਹੈ ਜਿੱਥੋਂ ਇਹ ਅਸਲਾ ਖਰੀਦਿਆ ਗਿਆ ਸੀ। ਮੁਲਜ਼ਮ ਵਿਰੁੱਧ ਕਾਤਲਾਨਾ ਹਮਲੇ ਅਤੇ ਆਰਮਜ਼ ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਇਸ ਮਾਮਲੇ ਦੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਅਸਲਾ ਸਪਲਾਈ ਕਰਨ ਵਾਲੇ ਨੈੱਟਵਰਕ ਤੱਕ ਪਹੁੰਚਿਆ ਜਾ ਸਕੇ।
Click to Follow Babushahi Facebook page →