ਪੰਚਾਇਤ ਸਕੱਤਰ ਪਰਮਜੀਤ ਸਿੰਘ ਭੁੱਲਰ ਵੱਲੋ ਯੂਥ ਲਾਇਬਰੇਰੀ ਬੱਲ੍ਹੋ ਨੂੰ 200 ਕਿਤਾਬਾਂ ਭੇਟ
ਅਸ਼ੋਕ ਵਰਮਾ
ਰਾਮਪੁਰਾ ਫੂਲ 14 ਅਪ੍ਰੈਲ 2026: ਗ੍ਰਾਮ ਪੰਚਾਇਤ ਬੱਲ੍ਹੋ ਦੇ ਵਿਕਾਸ ਅਤੇ ਨੌਜਵਾਨਾਂ ਨੂੰ ਸਿੱਖਿਆ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਤਹਿਤ ਪੰਚਾਇਤ ਸਕੱਤਰ ਪਰਮਜੀਤ ਸਿੰਘ ਭੁੱਲਰ ਨੇ ਪਿੰਡ ਦੀ ਯੂਥ ਲਾਇਬਰੇਰੀ ਨੂੰ ਪੰਜਾਬੀ ਅੰਗਰੇਜੀ ਅਤੇ ਹਿੰਦੀ ਦੀਆਂ 200 ਬਹੁਮੁੱਲੀਆਂ ਕਿਤਾਬਾਂ ਭੇਟ ਕੀਤੀਆਂ ਹਨ।
ਕਿਤਾਬਾਂ ਭੇਟ ਕਰਨ ਦੀ ਰਸਮ ਪਿੰਡ ਦੀ ਸਰਪੰਚ ਅਮਰਜੀਤ ਕੌਰ ਅਤੇ ਤਰਨਜੋਤ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ ਦੀ ਹਾਜ਼ਰੀ ਵਿੱਚ ਨਿਭਾਈ ਗਈ | ਪੰਚਾਇਤ ਸਕੱਤਰ ਪਰਮਜੀਤ ਸਿੰਘ ਭੁੱਲਰ ਨੇ ਕਿਹਾ ਕਿ ਕਿਤਾਬਾਂ ਗਿਆਨ ਦਾ ਸਰੋਤ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਨਸਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋ ਦੂਰ ਰੱਖਣ ਲਈ ਉਹਨਾਂ ਨੂੰ ਸਾਹਿਤ ਨਾਲ ਜੋੜਨਾ ਬੇਹੱਦ ਜਰੂਰੀ ਹੈ | ਉਨ੍ਹਾਂ ਉਮੀਦ ਜਤਾਈ ਕਿ ਇਹ ਕਿਤਾਬਾਂ ਪਾਠਕਾਂ ਦੇ ਗਿਆਨ ਵਿੱਚ ਵਾਧਾ ਕਰਨਗੀਆਂ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਸਹਾਈ ਸਿੱਧ ਹੋਣਗੀਆਂ।
ਸਰਪੰਚ ਅਮਰਜੀਤ ਕੌਰ ਤੇ ਪ੍ਰਧਾਨ ਕਰਮਜੀਤ ਸਿੰਘ ਨੇ ਪੰਚਾਇਤ ਸਕੱਤਰ ਦੇ ਇਸ ਨੇਕ ਕਾਰਜ ਦੀ ਭਰਪੂਰ ਸਲਾਘਾ ਕੀਤੀ| ਉਹਨਾਂ ਕਿਹਾ ਕਿ ਪੰਚਾਇਤ ਅਤੇ ਲੋਕਾਂ ਦੇ ਸਹਿਯੋਗ ਨਾਲ ਅਜਿਹੇ ਸਾਂਝੇ ਯਤਨਾਂ ਸਦਕਾ ਹੀ ਪਿੰਡ ਨੂੰ ਇੱਕ ਮਾਡਲ ਪਿੰਡ ਵੱਜੋ ਵਿਕਸਿਤ ਕੀਤਾ ਜਾ ਸਕਦਾ ਹੈ | ਪਾਠਕ ਲਈ ਲਾਇਬਰੇਰੀ ਵਿੱਚ ਤਿੰਨ ਭਾਸਾਵਾਂ ਦਾ ਸਾਹਿਤ ਉਪਲਬਧ ਹੋਣ ਕਰਕੇ ਹਰ ਵਰਗ ਦਾ ਪਾਠਕ ਲਾਭ ਉਠਾ ਸਕਣਗੇ |
ਦੱਸਣਯੋਗ ਹੈ ਕਿ ਲਾਇਬਰੇਰੀ ਵਿੱਚ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਲਈ ਕਿਤਾਬਾਂ ਪੜ੍ਹੋ ਇਨਾਮ ਪਾਓ ਸਕੀਮ ਤਹਿਤ ਮਾਣ ਭੇਟਾਂ ਦੇ ਤੌਰ 'ਤੇ ਪਾਠਕ ਨੂੰ 100 ਰੁਪਏ ਦਿੱਤੇ ਜਾਦੇ ਹਨ | ਇਸ ਮੌਕੇ ਸਾਬਕਾ ਪ੍ਰਧਾਨ ਕੇਵਲ ਸਿੰਘ ਲਾਇਬਰੇਰੀਅਨ ਰਾਜਵਿੰਦਰ ਕੌਰ ਅਤੇ ਕੰਪਿਊਟਰ ਟੀਚਰ ਰਸਪ੍ਰੀਤ ਸਿੰਘ ਮੌੜ ਹਾਜ਼ਰ ਸਨ |
Click to Follow Babushahi Facebook page →