ਆਮ ਆਦਮੀ ਕਲੀਨਿਕ, ਔੜ ਵਿੱਚ ਨਵੇਂ ਨਿਯੁਕਤ ਮੈਡੀਕਲ ਅਫਸਰ ਦਾ ਇੰਪੈਨਲਮੈਂਟ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 18 ਮਾਰਚ, 2026
ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਨੇ ਆਮ ਲੋਕਾਂ ਨੂੰ ਬਿਹਤਰ ਅਤੇ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਆਮ ਆਦਮੀ ਕਲੀਨਿਕ, ਔੜ ਵਿੱਚ ਨਵੇਂ ਮੈਡੀਕਲ ਅਫਸਰ ਡਾ. ਜਸਲੀਨ ਕੌਰ ਦਾ ਇੰਪੈਨਲਮੈਂਟ ਕੀਤਾ।
ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਨਵੇਂ ਮੈਡੀਕਲ ਅਫਸਰ ਡਾ. ਜਸਲੀਨ ਕੌਰ ਨੂੰ ਇੰਮਪੈਨਲਮੈੰਟ ਪੱਤਰ ਸੌਂਪਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਆਮ ਲੋਕਾਂ ਨੂੰ ਉੱਚ ਮਿਆਰੀ, ਸਮੇਂ ਸਿਰ ਅਤੇ ਬਿਨਾਂ ਕਿਸੇ ਰੁਕਾਵਟ ਦੇ ਸਿਹਤ ਸੇਵਾਵਾਂ ਮੁਹੱਈਆ ਕਰਨ ਲਈ ਵਚਨਬੱਧ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਆਮ ਆਦਮੀ ਕਲੀਨਿਕ ਵਰਗੀਆਂ ਸੇਵਾਵਾਂ ਲੋਕਾਂ ਲਈ ਮਹੱਤਵਪੂਰਨ ਹਨ, ਜਿੱਥੇ ਮਰੀਜ਼ਾਂ ਨੂੰ ਮੁਫ਼ਤ ਇਲਾਜ, ਦਵਾਈਆਂ ਅਤੇ ਲੈਬ ਟੈਸਟ ਮੁਹੱਈਆ ਕਰਵਾਏ ਜਾਂਦੇ ਹਨ।
ਡਾ. ਗੁਰਿੰਦਰਜੀਤ ਸਿੰਘ ਨੇ ਡਾ. ਜਸਲੀਨ ਕੌਰ ਨੂੰ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਇਮਾਨਦਾਰੀ, ਨਿਸ਼ਠਾ ਅਤੇ ਮਰੀਜ਼-ਕੇਂਦਰਿਤ ਰਵੱਈਏ ਨਾਲ ਨਿਭਾਉਣ ਦੀ ਹਦਾਇਤ ਦਿੱਤੀ।
ਸਿਵਲ ਸਰਜਨ ਨੇ ਇਹ ਵੀ ਕਿਹਾ ਕਿ ਆਮ ਆਦਮੀ ਕਲੀਨਿਕਾਂ ਦਾ ਮੁੱਖ ਉਦੇਸ਼ ਕੇਵਲ ਇਲਾਜ ਨਹੀਂ, ਸਗੋਂ ਲੋਕਾਂ ਨੂੰ ਸਿਹਤ ਸਿੱਖਿਆ, ਰੋਜ਼ਾਨਾ ਸਿਹਤ ਸਬੰਧੀ ਜਾਣਕਾਰੀ ਅਤੇ ਬਿਮਾਰੀ ਰੋਕਥਾਮ ਦੀ ਜਾਣਕਾਰੀ ਪ੍ਰਦਾਨ ਕਰਨਾ ਵੀ ਹੈ। ਉਨ੍ਹਾਂ ਕਿਹਾ ਕਿ ਨਵੀਂ ਤਾਇਨਾਤੀ ਨਾਲ, ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਸਮੇਂ ਸਿਰ ਇਲਾਜ, ਮੁਫ਼ਤ ਦਵਾਈਆਂ ਅਤੇ ਲੈਬ ਸਹੂਲਤਾਂ ਮਿਲਣਗੀਆਂ, ਜੋ ਪੰਜਾਬ ਸਰਕਾਰ ਦੀਆਂ ਪ੍ਰਾਥਮਿਕਤਾਵਾਂ ਵਿੱਚ ਸ਼ਾਮਲ ਹਨ।
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ ਅਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।
Click to Follow Babushahi Facebook page →