ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵਿਧਾਨ ਸਭਾ ਵਿੱਚ ਸੁਖਨਾ ਚੋਅ ਬਲਟਾਣਾ ਤੇ ਮੁਬਾਰਕਪੁਰ ਪੁੱਲਾਂ ਦੇ ਕੰਮਾਂ ਵਿੱਚ ਹੋ ਰਹੀ ਦੇਰੀ ਦਾ ਮੁੱਦਾ ਉਠਾਇਆ
ਸਬੰਧਿਤ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਪੁੱਲਾਂ ਦੇ ਨਿਰਮਾਣ ਕੰਮ ਨੂੰ ਜਲਦ ਤੋਂ ਜਲਦ ਸ਼ੁਰੂ ਕਰਕੇ ਨਿਰਧਾਰਿਤ ਸਮੇਂ ਵਿੱਚ ਮੁਕੰਮਲ ਕੀਤਾ ਜਾਵੇ : ਵਿਧਾਇਕ ਰੰਧਾਵਾ
ਜ਼ੀਰਕਪੁਰ, 12 ਮਾਰਚ:
ਡੇਰਾਬੱਸੀ ਹਲਕੇ ਦੇ ਵਿਧਾਇਕ ਸ: ਕੁਲਜੀਤ ਸਿੰਘ ਰੰਧਾਵਾ ਨੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਲੋਕ ਨਿਰਮਾਣ ਮੰਤਰੀ ਸ: ਹਰਭਜਨ ਸਿੰਘ ਈਟੀਓ ਦੇ ਧਿਆਨ ਵਿੱਚ ਸੁਖਨਾ ਚੋਅ ਬਲਟਾਣਾ (ਜ਼ੀਰਕਪੁਰ) ਅਤੇ ਮੁਬਾਰਕਪੁਰ ਵਿਖੇ ਕਾਜਵੇਅ ਦੀ ਥਾਂ ਉੱਚ ਪੱਧਰੀ ਪੁੱਲ ਬਣਾਉਣ ਦੇ ਕੰਮਾਂ ਵਿੱਚ ਹੋ ਰਹੀ ਦੇਰੀ ਦਾ ਗੰਭੀਰ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਬਿਨਾਂ ਵਜ੍ਹਾ ਹੋ ਰਹੀ ਦੇਰੀ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਲਈ ਸਬੰਧਿਤ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਪੁੱਲਾਂ ਦੇ ਨਿਰਮਾਣ ਕੰਮ ਨੂੰ ਜਲਦ ਤੋਂ ਜਲਦ ਸ਼ੁਰੂ ਕਰਕੇ ਨਿਰਧਾਰਿਤ ਸਮੇਂ ਵਿੱਚ ਮੁਕੰਮਲ ਕੀਤਾ ਜਾਵੇ।
ਲੋਕ ਨਿਰਮਾਣ ਮੰਤਰੀ ਵੱਲੋਂ ਦਿੱਤੇ ਗਏ ਜਵਾਬ ਵਿੱਚ ਦੱਸਿਆ ਗਿਆ ਕਿ ਸੁਖਨਾ ਚੋਅ ਬਲਟਾਣਾ (ਜ਼ੀਰਕਪੁਰ) ਉੱਤੇ ਪੁਲ ਦੇ ਕੰਮ ਲਈ ਨਗਰ ਕੌਂਸਲ ਜ਼ੀਰਕਪੁਰ ਵੱਲੋਂ 11 ਮਾਰਚ 2025 ਨੂੰ 592.66 ਲੱਖ ਰੁਪਏ ਦੀ ਪ੍ਰਬੰਧਕੀ ਪ੍ਰਵਾਨਗੀ ਦਿੱਤੀ ਗਈ ਸੀ। ਇਹ ਕੰਮ 23 ਜੁਲਾਈ 2025 ਨੂੰ 503 ਲੱਖ ਰੁਪਏ ਦੀ ਲਾਗਤ ਨਾਲ 12 ਮਹੀਨਿਆਂ ਦੀ ਮਿਆਦ ਲਈ ਏਜੰਸੀ ਨੂੰ ਅਲਾਟ ਕੀਤਾ ਗਿਆ ਸੀ। ਪਰੰਤੂ ਜਲ ਸਰੋਤ ਵਿਭਾਗ ਵੱਲੋਂ ਬਾਅਦ ਵਿੱਚ ਪੁਲ ਦੀ ਲੰਬਾਈ ਅਤੇ ਡਰਾਇੰਗਾਂ ਵਿੱਚ ਤਬਦੀਲੀਆਂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ, ਜਿਸ ਕਾਰਨ ਡਰਾਇੰਗਾਂ ਨੂੰ ਦੁਬਾਰਾ ਸੋਧਣਾ ਪਿਆ ਅਤੇ ਕੰਮ ਵਿੱਚ ਦੇਰੀ ਹੋਈ।
ਮੰਤਰੀ ਨੇ ਦੱਸਿਆ ਕਿ ਇਸ ਸਮੇਂ ਪੁਲ ਤੱਕ ਪਹੁੰਚਣ ਵਾਲੇ ਰਸਤੇ ਦੇ ਦੋਵੇਂ ਪਾਸਿਆਂ ਰਿਟੇਨਿੰਗ ਵਾਲਾਂ ਦਾ ਕੰਮ ਜਾਰੀ ਹੈ ਅਤੇ ਸੋਧੇ ਹੋਏ ਡਰਾਇੰਗਾਂ ਦੇ ਅਨੁਸਾਰ ਬਲਟਾਣਾ ਵਿਖੇ ਪੁਲ ਦਾ ਨਿਰਮਾਣ ਕੰਮ 31 ਦਸੰਬਰ 2026 ਤੌ ਪਹਿਲਾ ਪੂਰਾ ਹੋਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਮੁਬਾਰਕਪੁਰ ਵਿਖੇ ਉੱਚ ਪੱਧਰੀ ਪੁਲ ਦੀ ਉਸਾਰੀ ਲਈ 17 ਜੂਨ 2025 ਨੂੰ 2948.60 ਲੱਖ ਰੁਪਏ ਦੀ ਪ੍ਰਬੰਧਕੀ ਪ੍ਰਵਾਨਗੀ ਜਾਰੀ ਕੀਤੀ ਗਈ ਹੈ ਅਤੇ ਇਸ ਕੰਮ ਲਈ ਟੈਂਡਰ ਦੀ ਤਕਨੀਕੀ ਅਤੇ ਵਿੱਤੀ ਬੋਲੀ ਖੋਲ੍ਹ ਦਿੱਤੀ ਗਈ ਹੈ। ਮੌਜੂਦਾ ਕਾਜਵੇਅ ਜਿਸ ਜ਼ਮੀਨ ‘ਤੇ ਬਣਿਆ ਹੋਇਆ ਹੈ, ਉਹ ਨਿੱਜੀ ਮਾਲਕਾਂ ਦੀ ਹੋਣ ਕਰਕੇ ਉਸ ਨੂੰ ਸਰਕਾਰੀ ਜ਼ਮੀਨ ਨਾਲ ਤਬਦੀਲ ਕਰਨਾ ਲਾਜ਼ਮੀ ਹੈ। ਇਸ ਸਬੰਧੀ ਪਿੰਡ ਮੁਬਾਰਕਪੁਰ ਅਤੇ ਮੀਰਪੁਰ ਦੀ ਕੁੱਲ 24 ਕਨਾਲ 9 ਮਰਲੇ ਜ਼ਮੀਨ ਨੂੰ ਪਿੰਡ ਸੁੰਦਰਾਂ ਵਿਖੇ ਸੂਬਾ ਸਰਕਾਰ ਦੀ ਜ਼ਮੀਨ ਨਾਲ ਤਬਦੀਲ ਕਰਨ ਦੀ ਪ੍ਰਕਿਰਿਆ ਚਲ ਰਹੀ ਹੈ ਅਤੇ ਇਹ ਮਾਮਲਾ 9 ਜਨਵਰੀ 2026 ਨੂੰ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਨੂੰ ਭੇਜਿਆ ਗਿਆ ਹੈ।
ਮੰਤਰੀ ਨੇ ਕਿਹਾ ਕਿ ਜ਼ਮੀਨ ਤਬਾਦਲੇ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਮੁਬਾਰਕਪੁਰ ਵਿਖੇ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਇਸਨੂੰ ਕੁਛ ਹੀ ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਲਕਸ਼ ਹੈ।
Click to Follow Babushahi Facebook page →