ਪੰਜਾਬੀ ਕਵੀ ਕਵਿੰਦਰ ਚਾਂਦ, ਕੈਨੇਡਾ ਨੂੰ ਸਕੇਪ ਸੰਸਥਾ ਵੱਲੋਂ ਕੀਤਾ ਸਨਮਾਨਿਤ
-ਡਾ: ਜਗੀਰ ਸਿੰਘ ਨੁਰ ਦੀ ਪੁਸਤਕ "ਤਕਦੀਰ ਦੀ ਸਿਰਜਣਾ” ਲੋਕ ਅਰਪਣ
ਫਗਵਾੜਾ, 16 ਫਰਵਰੀ ( ) ਸਕੇਪ ਸਾਹਿਤਕ ਸੰਸਥਾ(ਰਜਿ:) ਫਗਵਾੜਾ ਵੱਲੋਂ ਡਾ: ਜਗੀਰ ਸਿੰਘ ਨੂਰ ਦੀ ਪੁਸਤਕ “ਤਕਦੀਰ ਦੀ ਸਿਰਜਣਾ” ਲੋਕ ਅਰਪਣ ਕੀਤੀ ਗਈ। ਇਸ ਭਰਵੇਂ ਸਮਾਗਮ ਦੀ ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਕਵਿੰਦਰ ਚਾਂਦ ਕੈਨੇਡਾ, ਅਜਾਇਬ ਸਿੰਘ ਸੰਘਾ ਕੈਨੇਡਾ, ਡਾ: ਕੁਲਦੀਪ ਸਿੰਘ, ਡਾ: ਜਗੀਰ ਸਿੰਘ ਨੂਰ, ਡਾ: ਗੁਰਪ੍ਰੀਤ ਕੌਰ, ਸਭਾ ਦੇ ਸਰਪ੍ਰਸਤ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਅਤੇ ਸਭਾ ਦੇ ਪ੍ਰਧਾਨ ਰਵਿੰਦਰ ਚੋਟ ਸ਼ਾਮਲ ਹੋਏ।
ਸਮਾਗਮ ਦੇ ਸ਼ੁਰੂ ਵਿੱਚ ਕਹਾਣੀਕਾਰ ਲਾਲ ਸਿੰਘ ਦਸੂਹਾ ਅਤੇ ਪੱਤਰਕਾਰ ਅਸ਼ੋਕ ਸ਼ਰਮਾ ਦੀ ਬੇਵਕਤੀ ਮੌਤ ‘ਤੇ ਦੋ ਮਿੰਟ ਦਾ ਮੋਨ ਰੱਖ ਕੇ ਹਾਜ਼ਰੀਨ ਵੱਲੋਂ ਸ਼ਰਧਾਜਲੀ ਦਿੱਤੀ ਗਈ। ਉਪਰੰਤ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਵੱਲੋਂ ਹਾਜ਼ਰ ਪ੍ਰਧਾਨਗੀ ਮੰਡਲ ਅਤੇ ਸਰੋਤਿਆਂ ਨੂੰ ਜੀ ਆਇਆਂ ਆਖਦਿਆਂ ਫ਼ਿਕਰ ਜਤਾਇਆ ਕਿ ਪੰਜਾਬੀ ਵਿੱਚ ਪਾਠਕਾਂ ਦੀ ਗਿਣਤੀ ਬਹੁਤ ਘੱਟਦੀ ਜਾ ਰਹੀ ਹੈ। ਨਵੀਂ ਪੀੜੀ ਨੂੰ ਤਾਂ ਸ਼ੋਸ਼ਲ ਮੀਡੀਆ ਤੋਂ ਵਹਿਲ ਨਹੀਂ ਮਿਲਦੀ। ਪੁਸਤਕਾਂ ਵੱਲ ਮੂੰਹ ਨਹੀਂ ਕਰਦੇ। ਰਵਿੰਦਰ ਚੋਟ ਵੱਲੋਂ “ਤਕਦੀਰ ਦੀ ਸਿਰਜਣਾ” ਪੁਸਤਕ ਨਾਲ ਜਾਣ ਪਛਾਣ ਕਰਵਾਈ ਗਈ।
ਕੈਨੇਡਾ ਵਸਦੇ ਪੰਜਾਬੀ ਦੇ ਪ੍ਰਸਿੱਧ ਕਵੀ ਕਵਿੰਦਰ ਚਾਂਦ ਬਾਰੇ ਬਲਦੇਵ ਰਾਜ ਕੋਮਲ ਨੇ ਭਰਪੂਰ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਹਨਾਂ ਦੀ ਪੁਸਤਕ “ਮੁਆਫ਼ੀਨਾਮਾ” ਦੇ ਸੰਸਾਰ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਤਰਜਮਾ ਹੋ ਚੁੱਕਾ ਹੈ, ਨੇ ਆਪਣੀਆਂ ਭਾਵ ਪੂਰਤ ਕਵਿਤਾਵਾਂ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਸਕੇਪ ਸਾਹਿਤਕ ਸੰਸਥਾ ਵੱਲੋਂ ਕਵਿੰਦਰ ਚਾਂਦ ਦੀਆਂ ਪੰਜਾਬੀ ਸਾਹਿਤ ਨੂੰ ਦਿੱਤੀਆਂ ਅਦਭੁੱਤ ਰਚਨਾਵਾਂ ਲਈ ਸਨਮਾਨਿਤ ਕੀਤਾ ਗਿਆ।
ਡਾ: ਕੁਲਦੀਪ ਸਿੰਘ (ਸਵੀਡਨ) ਵਿਸ਼ੇਸ਼ ਮਹਿਮਾਨ ਅਜਾਇਬ ਸਿੰਘ ਸੰਘਾ ਕੈਨੇਡਾ ਅਤੇ ਡਾ: ਗੁਰਪ੍ਰੀਤ ਕੌਰ ਨੇ ਵੀ ਇਸ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸਮਾਗਮ ਸਮੇਂ ਹੋਏ ਕਵੀ ਦਰਬਾਰ ਵਿੱਚ ਬਲਦੇਵ ਰਾਜ ਕੋਮਲ, ਕਮਲੇਸ਼ ਸੰਧੂ, ਜਸਵਿੰਦਰ ਕੌਰ ਫਗਵਾੜਾ, ਬਲਵੀਰ ਕੌਰ ਬੱਬੂ ਸੈਣੀ, ਲਸ਼ਕਰ ਢਡਵਾੜਵੀ, ਸੋਹਣ ਸਹਿਜਲ, ਡਾ: ਇੰਦਰਜੀਤ ਸਿੰਘ ਵਾਸੂ, ਦਲਜੀਤ ਮਹਿਮੀ, ਸੁਖਦੇਵ ਗੰਢਮਾ, ਹਰਜਿੰਦਰ ਨਿਆਣਾ, ਮਨੋਜ ਫਗਵਾੜਵੀ, ਕੁਲਦੀਪ ਸਿੰਘ ਚੰਦੀ, ਅਨਿਲ ਕੁਮਾਰ ਆਦਿ ਕਵੀਆਂ ਨੇ ਆਪਣੇ ਕਲਾਮ ਸਰੋਤਿਆਂ ਨਾਲ ਸਾਂਝੇ ਕੀਤੇ। ਇਸ ਸਮੇਂ ਹੋਰਨਾਂ ਤੋਂ ਬਿਨਾਂ ਪ੍ਰਿੰ: ਕੁਲਵੰਤ ਸਿੰਘ ਫੁੱਲ, ਪ੍ਰਿੰ: ਗੁਰਨਾਮ ਸਿੰਘ, ਡਾ: ਪਰਮਜੀਤ ਕੌਰ ਨੂਰ, ਗੁਰਮੀਤ ਸਿੰਘ ਨੈਨਸ਼ਲ ਐਵਾਰਡੀ, ਦਲਜੀਤ ਕੌਰ ਚਾਨਾ, ਪ੍ਰੋ: ਬਵਨਜੋਤ ਸਿੰਘ, ਮਾਸਟਰ ਮਨਦੀਪ ਸਿੰਘ, ਨਿਰਭੈਰ ਸਿੰਘ ਆਦਿ ਹਾਜ਼ਰ ਹਨ।
ਡਾ: ਜਗੀਰ ਸਿੰਘ ਨੂਰ ਨੇ ਆਪਣੀ ਪੁਸਤਕ ਤੇ ਹੋਰ ਲੇਖਣੀ ਬਾਰੇ ਆਪਣੇ ਵਿਚਾਰ ਹਾਜ਼ਰੀਨ ਨਾਲ ਸਾਂਝੇ ਕੀਤੇ। ਅੰਤ ਵਿੱਚ ਡਾ: ਐੱਸ.ਐੱਲ. ਵਿਰਦੀ ਐਡਵੋਕੇਟ ਵੱਲੋਂ ਸਾਰੇ ਹਾਜ਼ਰ ਲੇਖਕਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।