ਤਰੱਕੀਆਂ ਲਈ ਅਧਿਆਪਕਾਂ ਉੱਪਰ ਟੈਟ ਦੀ ਸ਼ਰਤ ਥੋਪਣ ਖਿਲਾਫ ਪੱਤਰ ਦੀਆਂ ਕਾਪੀਆਂ ਸਾੜੀਆਂ
ਅਸ਼ੋਕ ਵਰਮਾ
ਬਠਿੰਡਾ, 10 ਫ਼ਰਵਰੀ 2026 : ਅਧਿਆਪਕ ਜਥੇਬੰਦੀਆਂ ਨੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕਾਂ ਉੱਪਰ ਨੌਕਰੀ ਵਿੱਚ ਬਣੇ ਰਹਿਣ ਅਤੇ ਪ੍ਰਮੋਸ਼ਨਾਂ ਲਈ ਟੈਟ ਦੀ ਸ਼ਰਤ ਲਾਜ਼ਮੀ ਕਰਨ ਲਈ ਜਾਰੀ ਪੱਤਰ ਦੀਆਂ ਕਾਪੀਆਂ ਸਾੜੀਆਂ ਅਤੇ ਰੋਸ ਦਾ ਪ੍ਰਗਟਾਵਾ ਕੀਤਾ। ਅਧਿਆਪਕਾਂ ਦੇ ਰੋ਼ ਨੂੰ ਸੰਬੋਧਨ ਕਰਦਿਆਂ ਬਲਜਿੰਦਰ ਸਿੰਘ, ਜਗਪਾਲ ਸਿੰਘ ਬੰਗੀ, ਰੇਸ਼ਮ ਸਿੰਘ, ਕਰਮਜੀਤ ਸਿੰਘ ਜਲਾਲ, ਗੁਰਬਖ਼ਸ਼ ਸਿੰਘ ,ਬਲਦੇਵ ਸਿੰਘ ,ਜਗਸੀਰ ਸਿੰਘ ਸਹੋਤਾ , ਅਮ੍ਰਿਤਪਾਲ ਸਿੰਘ ਮਾਨ, ਜਗਤਾਰ ਸਿੰਘ ਬਾਠ, ਸਿਕੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਅਧਿਆਪਕਾਂ ਉੱਪਰ ਜਬਰੀ ਥੋਪੇ ਟੀ.ਈ.ਟੀ. ਨੇ ਪਿਛਲੇ 25-30 ਸਾਲਾਂ ਤੋਂ ਨੌਕਰੀਆਂ ਕਰ ਰਹੇ ਅਧਿਆਪਕਾਂ ਦੇ ਰੁਜ਼ਗਾਰ ਉੱਪਰ ਕੁਹਾੜਾ ਚਲਾਉਣ ਦਾ ਕੰਮ ਕੀਤਾ ਹੈ ਜਿਸ ਨੂੰ ਪੰਜਾਬ ਦੇ ਸਮੁੱਚੇ ਅਧਿਆਪਕ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕਰਨਗੇ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਸੁਪਰੀਮ ਕੋਰਟ ਵੱਲੋਂ ਜਾਰੀ ਹਦਾਇਤਾਂ ਦਾ ਬਹਾਨਾ ਬਣਾ ਕੇ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਅਧਿਆਪਕਾਂ ਦੇ ਹੱਕਾਂ ਉੱਪਰ ਟੀਈਟੀ ਦੀ ਸ਼ਰਤ ਮੜ ਕੇ ਉਨਾਂ ਦੁਆਰਾ ਲੰਬੇ ਸੰਘਰਸ਼ ਕਰਕੇ ਪ੍ਰਾਪਤ ਨੌਕਰੀਆਂ ਤੋਂ ਵਾਂਝੇ ਕਰਨ ਦੇ ਮਨਸੂਬੇ ਕਦੇ ਵੀ ਪੂਰੇ ਨਹੀਂ ਹੋਣ ਦਿੱਤੇ ਜਾਣਗੇ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਹਨਾਂ ਅਧਿਆਪਕਾਂ ਉੱਤੇ ਟੈੱਟ ਦੀ ਸ਼ਰਤ ਥੋਪਣਾ ਠੀਕ ਉਵੇਂ ਹੀ ਹੈ ਜਿਵੇਂ ਮੈਚ ਆਰੰਭ ਕਰਵਾਉਣ ਤੋਂ ਬਾਅਦ ਖੇਡ ਦੇ ਨਿਯਮ ਬਦਲ ਦਿੱਤੇ ਜਾਣ। ਅਧਿਆਪਕ ਨੂੰ ਨੌਕਰੀਆਂ ਵਿੱਚ ਰਹਿਣ ਲਈ ਅਤੇ ਤਰੱਕੀਆਂ ਕਰਨ ਵਿੱਚ ਅਜਿਹੀ ਸ਼ਰਤ ਲਗਾਉਣਾ ਬਿਲਕੁਲ ਹੀ ਗਲਤ ਹੈ ਕਿਉਂਕਿ ਭਰਤੀ ਕੀਤੇ ਗਏ ਹਰੇਕ ਅਧਿਆਪਕ ਸਮੇਂ ਮੁਤਾਬਿਕ ਹਰੇਕ ਯੋਗਤਾ ਪੂਰੀ ਕਰਕੇ ਨੌਕਰੀ ਵਿੱਚ ਆਏ ਹਨ। ਨੌਕਰੀ ਵਿੱਚ ਆਉਣ ਤੋਂ ਬਾਅਦ ਟੈਟ ਵਰਗੀ ਸ਼ਰਤ ਲਗਾਉਣਾ ਬਿਲਕੁੱਲ ਗ਼ੈਰਵਾਜਿਬ ਅਤੇ ਅਧਿਆਪਕਾਂ ਨਾਲ ਬੇਇਨਸਾਫ਼ੀ ਹੈ।
ਉਹਨਾਂ ਕਿਹਾ ਭਵਿੱਖ ਵਿੱਚ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਦੀਆਂ ਇਹਨਾਂ ਮੁਲਾਜ਼ਮ ਅਤੇ ਰੁਜ਼ਗਾਰ ਮਾਰੂ ਨੀਤੀਆਂ ਖਿਲਾਫ ਸਮੁੱਚੇ ਅਧਿਆਪਕਾਂ ਵੱਲੋਂ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ ਜਿਸ ਦੀ ਜਿੰਮੇਵਾਰੀ ਸਮੇਂ ਦੀਆਂ ਸਰਕਾਰਾਂ ਦੀ ਹੋਵੇਗੀ। ਅੱਜ ਦੇ ਇਸ ਇਕੱਠ ਵਿੱਚ 6 ਫਰਵਰੀ ਨੂੰ ਕਿਸਾਨਾਂ ਉੱਪਰ ਪੰਜਾਬ ਸਰਕਾਰ ਦੁਬਾਰਾ ਲਾਥੀ ਚਾਰਜ ਕਰਨਾ ਦੀ ਨਿਖੇਦੀ ਕੀਤੀ ਗਈ ਅਤੇ ਕਿਸਾਨ ਆਗੂ ਸ਼ਗਨਦੀਪ ਸਿੰਘ ਅਤੇ ਬਲਦੇਵ ਸਿੰਘ ਚੌਕੇ ਨੂੰ ਬਿਨਾਂ ਸ਼ਰਤ ਰਿਹਾ ਕਰਨ ਦਾ ਮਤਾ ਪਾਸ ਕੀਤਾ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਨਵਚਰਨ ਕੌਰ, ਸਿਮਰਜੀਤ ਕੌਰ, ਦਵਿੰਦਰ ਸਿੰਘ ਸੁਨੀਲ ਕੁਮਾਰ, ਜਸਵੰਤ ਸਿੰਘ, ਜਸਵਿੰਦਰ ਸਿੰਘ, ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਅਮ੍ਰਿਤਪਾਲ ਸਿੰਘ ਸੈਣੇਵਾਲਾ, ਹਰਜੀਤ ਸਿੰਘ ਜੀਦਾ, ਮਨਦੀਪ ਸਿੰਘ, ਹਰਵਿੰਦਰ ਕੌਰ ਅਤੇ ਰਜਨੀ ਸ਼ਰਮਾ ਆਦਿ ਹਾਜ਼ਰ ਸਨ।