Babushahi Special ਕੋਈ ਮਰੇ ਕੋਈ ਜੀਵੇ: ਜਦੋਂ ਡੱਬ ਵਿੱਚ ਅਸਲਾ ਫਿਰ ਕੀ ਮਸਲਾ ਠਾਹ ਠਾਹ ਦੇ ਫੱਟੇ ਚੱਕੀ ਜਾਨੇ ਆਂ
ਅਸ਼ੋਕ ਵਰਮਾ
ਬਠਿੰਡਾ, 10 ਫਰਵਰੀ 2026: ਪੰਜਾਬ ਵਿੱਚ ਵਿਆਹਾਂ ਦੌਰਾਨ ਸ਼ਰਾਬ ਦਾ ਦਰਿਆ ਵਗਣਾ ਤਾਂ ਆਮ ਹੈ ਪਰ ਹੁਣ ਇਸ ਮੌਕੇ ਫੁਕਰਪੁਣੇ ’ਚ ਕੀਤੀ ਜਾਂਦੀ ਫਾਇਰਿੰਗ ਜਾਨਾਂ ਲੈਣ ਲੱਗੀ ਹੈ। ਅਜਿਹੀਆਂ ਗੋਲੀਆਂ ਨਾਲ ਅੱਧੀ ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਲੋਕ ਖੂਨੀ ਖੁਸ਼ੀਆਂ ਮਨਾਉਣ ਤੋਂ ਬਾਜ ਨਹੀਂ ਆ ਰਹੇ ਹਨ। ਕੁੱਝ ਵਿਆਹਾਂ ਵਿੱਚ ਤਾਂ ਨਵੀਂ ਜੋੜੀ ਨੂੰ ਪੰਡਾਲ ਵਿੱਚ ਲਿਆਉਣ ਮੌਕੇ ਸਲਾਮੀ ਦੇਣ ਵਜੋਂ ਕਈ ਹਥਿਆਰਾਂ ਨਾਲ ਇੱਕੋ ਵੇਲੇ ਗੋਲੀਆਂ ਚਲਾਕੇ ਹੁੜਦੰਗ ਮਚਾਇਆ ਜਾਂਦਾ ਹੈ। ਵੱਡੀ ਗੱਲ ਇਹ ਹੈ ਕਿ ਗੋਲੀਆਂ ਚਲਾਉਣੀਆਂ ਰਿਵਾਜ ਜਿਹਾ ਬਣ ਗਿਆ ਹੈ ਪਰ ਇਸ ਨੂੰ ਰੋਕਣ ਪ੍ਰਤੀ ਕੋਈ ਸੰਜੀਦਗੀ ਨਹੀਂ ਦਿਖਾਈ ਜਾ ਰਹੀ ਹੈ। ਵਿਆਹ ਸਮਾਗਮਾਂ ਵਿੱਚ ਖੁਸ਼ੀ ਨੂੰ ‘ਦੂਣਾ-ਚੌਣਾ’ ਕਰਨ ਲਈ ਗੋਲੀ ਚਲਾਉਣ ਵਾਲਾ ਅਕਸਰ ਨਜ਼ਦੀਕੀ ਜਾਂ ਪਰਿਵਾਰਕ ਮੈਂਬਰ ਹੀ ਹੁੰਦਾ ਹੈ ਜਿਸ ਕਰਕੇ ਆਪਣਿਆਂ ਨੂੰ ਕਾਨੂੰਨੀ ਫੰਦੇ ਤੋਂ ਬਚਾਉਣ ਲਈ ਗਵਾਹ ਮੁੱਕਰ ਜਾਂਦੇ ਹਨ।
ਵਿਆਹ ਦੌਰਾਨ ਗੋਲੀ ਲੱਗਣ ਦਾ ਸਭ ਤੋਂ ਵੱਡਾ ਮਾਮਲਾ ਤਰਨਤਾਰਨ ਜਿਲ੍ਹੇ ਦਾ ਹੈ ਜਿੱਥੇ ਜਸ਼ਨਾਂ ਦਾ ਮਹੌਲ ਉਦੋਂ ਮਾਤਮ ’ਚ ਬਦਲ ਗਿਆ ਜਦੋਂ ਗੋਲੀ ਲੱਗਣ ਨਾਲ ਡੀਜੇ ਤੇ ਨੱਚ ਰਹੇ ਫੌਜੀ ਜਵਾਨ ਗੁਰਸੇਵਕ ਸਿੰਘ ਦਾ ਮੌਤ ਹੋ ਗਈ ਜਿਸ ਦੇ ਵਿਆਹ ਨੂੰ ਸਿਰਫ ਸੱਤ ਦਿਨ ਹੀ ਹੋਏ ਸਨ । ਉਹ ਛੁੱਟੀ ਆਇਆ ਸੀ ਤੇ ਆਪਣੇ ਦੋਸਤ ਦੇ ਵਿਆਹ ’ਚ ਸ਼ਾਮਲ ਹੋਇਆ ਸੀ। ਇਸ ਮੌਕੇ ਸ਼ਰਾਬੀ ਹਾਲਤ ’ਚ ਇੱਕ ਵਿਅਕਤੀ ਪਿਸਤੌਲ ਲੈਕੇ ਨੱਚਣ ਲੱਗਿਆ ਅਤੇ ਗੋਲੀ ਚਲਾ ਦਿੱਤੀ ਜੋ ਗੁਰਸੇਵਕ ਸਿੰਘ ਦੇ ਢਿੱਡ ’ਚ ਜਾ ਲੱਗੀ। ਸਾਲ 2022 ’ਚ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਪਿੰਡ ਨਿੱਜਪੁਰਾ ਵਿੱਚ ਸਰਪੰਚ ਦੇ ਲੜਕੇ ਦੀ ਸ਼ਾਦੀ ਦੌਰਾਨ ਗੋਲੀ ਚੱਲਣ ਨਾਲ ਲਾੜੇ ਦਾ ਦੋਸਤ ਸੁਖਚੈਨ ਸਿੰਘ ਮਾਰਿਆ ਗਿਆ ਸੀ। ਇਸ ਮੌਕੇ ਇੱਕ ਵਿਅਕਤੀ ਨੇ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ ਜਿੰਨ੍ਹਾਂ ਚੋਂ ਇੱਕ ਸੁਖਚੈਨ ਸਿੰਘ ਦੀ ਗਰਦਨ ਤੇ ਜਾ ਲੱਗੀ।
ਪਿਛਲੇ ਸਾਲ ਨਵੰਬਰ ਮਹੀਨੇ ਲੁਧਿਆਣਾ ਦੇ ਪੱਖੋਵਾਲ ਰੋਡ ਸਥਿਤ ਇੱਕ ਮੈਰਿਜ ਪੈਲੇਸ ਵਿੱਚ ਵਿਆਹ ਸਮਾਗਮ ਦੌਰਾਨ ਗੈਂਗਸਟਰਾਂ ਦੇ ਦੋ ਗਰੁੱਪਾਂ ’ਚ ਪੁਰਾਣੀ ਰੰਜਿਸ਼ ਕਰਕੇ ਅੰਨ੍ਹੇਵਾਹ ਚੱਲੀਆਂ ਗੋਲੀਆਂ ਕਾਰਨ ਵਿਆਹ ਵਾਲੇ ਮੁੰਡੇ ਦੀ ਮਾਸੀ ਅਤੇ ਦੋਸਤ ਦੀ ਮੌਤ ਹੋਈ ਸੀ ਜਦੋਂਕਿ ਇਸ ਮੌਕੇ ਵੱਡੀ ਗਿਣਤੀ ਲੋਕ ਜਖਮੀ ਹੋਏ ਸਨ। ਸਾਲ 2021 ’ਚ ਫਿਰੋਜ਼ਪੁਰ ਦੇ ਪਿੰਡ ਚੁਗਤੇ ਵਾਲਾ ’ਚ ਜਾਗੋ ਸਮਾਗਮ ਦੌਰਾਨ ਹਵਾਈ ਫਾਇਰਿੰਗ ਕਾਰਨ ਸੁਖਬੀਰ ਕੌਰ ਨਾਮੀ ਔਰਤ ਦੀ ਮੌਤ ਹੋ ਗਈ ਸੀ। ਇੱਕ ਵਿਅਕਤੀ ਨੇ 12 ਬੋਰ ਬੰਦੂਕ ਨਾਲ ਗੋਲੀਆਂ ਚਲਾਈਆਂ ਜਿੰਨ੍ਹਾਂ ਚੋ ਦੋ ਸੁਖਬੀਰ ਕੌਰ ਦੇ ਲੱਗੀਆਂ ਅਤੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਇਸੇ ਮਹੀਨੇ ਜਲਾਲਾਬਾਦ ’ਚ ਵਿਆਹ ਸਮਾਗਮ ਦੌਰਾਨ ਕੁੜੀਆਂ ਤੋਂ ਦੀ ਪੈਸੇ ਸੁੱਟਣ ਕਾਰਨ ਹੋਏ ਵਿਵਾਦ ਤੋਂ ਬਾਅਦ ਫਾਇਰਿੰਗ ਹੋਈ ਤਾਂ ਇਸ ਮੌਕੇ ਹੋਏ ਹੰਗਾਮੇ ਦਰਮਿਆਨ ਗੋਲੀ ਲੱਗਣ ਨਾਲ ਡੀਜੇ ਚਲਾਉਣ ਵਾਲਾ ਮੁਲਾਜਮ ਕਰਮਜੀਤ ਸਿੰਘ ਮਾਰਿਆ ਗਿਆ ਸੀ।
ਇਸੇ ਤਰਾਂ ਹੀ ਇੱਕ ਹੋਰ ਘਟਨਾ ਦੌਰਾਨ ਵਿਦਾਈ ਮੌਕੇ ਗੋਲੀ ਚਲਾਈ ਗਈ ਜੋ ਵਿਆਹ ਵਾਲੀ ਲੜਕੀ ਬਲਜਿੰਦਰ ਕੌਰ ਦੇ ਸਿਰ ਨੂੰ ਛੂੰਹਦੀ ਹੋਈ ਨਿਕਲ ਗਈ ਪਰ ਲੜਕੀ ਗੰਭੀਰ ਰੂਪ ’ਚ ਜਖਮੀ ਹੋਈ ਸੀ। ਇਸ ਘਟਨਾ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦੁੱਖ ਜਤਾਇਆ ਸੀ। ਮਾਮਲਾ ਬੇਸ਼ੱਕ ਪੁਰਾਣਾ ਹੈ ਪਰ ਇਸ ਗੋਲੀ ਕਾਂਡ ਦੀ ਕੌਮੀ ਪੱਧਰ ਤੇ ਚਰਚਾ ਹੋਈ ਸਹੀ। ਬਠਿੰਡਾ ਜਿਲ੍ਹੇ ਦੀ ਮੌੜ ਮੰਡੀ ’ਚ 3 ਦਸੰਬਰ 2016 ਨੂੰ ਵਿਆਹ ਦੇ ਚੱਲ ਰਹੇ ਪ੍ਰੋਗਰਾਮ ਦੌਰਾਨ ਕੁੱਝ ਆਰਕੈਸਟਰਾ ਵਾਲੀਆਂ ਲੜਕੀਆਂ ਨੱਚ ਰਹੀਆਂ ਸਨ। ਇਸ ਮੌਕੇ ਇੱਕ ਨੌਜਵਾਨ ਤੇ ਗੋਲੀਆਂ ਚਲਾ ਦਿੱਤੀਆਂ ਸਨ ਜੋ ਇਸ ਮੌਕੇ ਫਲੋਰ ਤੇ ਡਾਂਸ ਕਰ ਰਹੀ ਕੁਲਵਿੰਦਰ ਕੌਰ ਉਰਫ ਜਾਨੂੰ ਦੇ ਲੱਗੀਆਂ ਸਨ। ਲੜਕੀ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਸੀ। ਬਠਿੰਡਾ ਅਦਾਲਤ ਨੇ ਇਸ ਮਾਮਲੇ ’ਚ ਮੁਲਜਮ ਨੂੰ 8 ਸਾਲ ਦੀ ਸਜ਼ਾ ਸੁਣਾਈ ਸੀ।
ਗੋਲੀ ਚਲਾਉਣੀ ਰੁਤਬੇ ਦਾ ਪ੍ਰਤੀਕ
ਸਮਾਜਿਕ ਮਾਹਿਰਾਂ ਦਾ ਕਹਿਣਾ ਹੈ ਕਿ ਜਸ਼ਨਾਂ ਮੌਕੇ ਗੋਲੀਆਂ ਚਲਾਉਣ ਨੂੰ ਲੋਕ ਤਾਕਤ ਅਤੇ ਰੁਤਬੇ ਦਾ ਪ੍ਰਤੀਕ ਮੰਨਣ ਲੱਗੇ ਹਨ। ਖਾਸ ਤੌਰ ਤੇ ਨੌਜਵਾਨਾਂ ’ਚ ਗੰਨ ਕਲਚਰ ਦਾ ਕਰੇਜ਼ ਕਾਫੀ ਵਧਿਆ ਹੈ। ਪੰਜਾਬੀ ਗੀਤਾਂ, ਵੀਡੀਓਜ਼ ਅਤੇ ਸੋਸ਼ਲ ਮੀਡੀਆ ਪੋਸਟਾਂ ’ਚ ਹਥਿਆਰਾਂ ਦੇ ਪ੍ਰਦਰਸ਼ਨ ਨੇ ਇਸ ਪ੍ਰਵਿਰਤੀ ਨੂੰ ਵਧਾਇਆ ਹੈ। ਨੌਜਵਾਨ ਇਸ ਨੂੰ ਸ਼ਾਨ ਅਤੇ ਸਟਾਈਲ ਮੰਨਣ ਲੱਗਾ ਹੈ ਜੋਕਿ ਖਤਰਨਾਕ ਸੰਕੇਤ ਹੈ। ਮਾਹਿਰ ਆਖਦੇ ਹਨ ਕਿ ਜਦੋਂ ਹਥਿਆਰ ਮਨੋਰੰਜਨ ਅਤੇ ਮੁੱਛ ਦਾ ਸਵਾਲ ਬਣ ਜਾਂਦੇ ਹਨ ਤਾਂ ਦੁਰਵਰਤੋਂ ਹੋਣੀ ਤੈਅ ਹੁੰਦੀ ਹੈ। ਉਨ੍ਹਾਂ ਕਿਹਾ ਕਿ ਵਿਆਹਾਂ ਦੌਰਾਨ ਹਥਿਆਰਾਂ ਦੀ ਵਰਤੋਂ ਨਾ ਕੇਵਲ ਗੈਰਕਾਨੂੰਨੀ ਹੈ ਬਲਕਿ ਸਮਾਜਿਕ ਸੁਰੱਖਿਆ ਲਈ ਗੰਭੀਰ ਖਤਰਾ ਹੈ।
ਸਖਤ ਕਾਰਵਾਈ ਦੀ ਜਰੂਰਤ
ਸੇਵਾਮੁਕਤ ਡੀਐਸਪੀ ਰਣਜੀਤ ਸਿੰਘ ਦਾ ਕਹਿਣਾ ਸੀ ਕਿ ਇਹ ਖਤਰਨਾਕ ਸ਼ੌਕ ਖੁਸ਼ੀ ਸਮਾਗਮਾਂ ’ਤੇ ਭਾਰੀ ਪੈਣ ਲੱਗਿਆ ਹੈ ਜਿਸ ਕਰਕੇ ਅਜਿਹੇ ਮਾਮਲਿਆਂ ’ਚ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੋਕ ਵਿਆਹ ਦੌਰਾਨ ਸ਼ਰਾਬ ਪੀਕੇ ਗੋਲੀਆਂ ਚਲਾਉਂਦੇ ਹਨ ਜਿਸ ਨਾਲ ਖਤਰਾ ਵਧ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮੁਲਕ ’ਚ ਅਜਿਹੇ ਮਾਮਲੇ ਵੀ ਆਏ ਹਨ ਜਿੱਥੇ ਗੋਲੀਬਾਰੀ ਕਾਰਨ ਲਾੜਾ ਲਾੜੀ ਤੱਕ ਦੀ ਜਾਨ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਤੇ ਰੋਕ ਲਾਉਣ ਤੋਂ ਇਲਾਵਾ ਪ੍ਰਬੰਧਕਾਂ ਦੀ ਜਿੰਮੇਵਾਰੀ ਤੈਅ ਕਰਨ, ਸੀਸੀਟੀਵੀ ਨਿਗਰਾਨੀ, ਹਥਿਆਰਾਂ ਦੇ ਲਾਈਸੰਸ ਰੱਦ ਅਤੇ ਜਾਗਰੂਕਤਾ ਦੀ ਲੋੜ ਹੈ।