CGC ਯੂਨੀਵਰਸਿਟੀ ਮੋਹਾਲੀ ਵਿਖੇ ਪਹਿਲੀ ਰਾਸ਼ਟਰੀ ‘ਯੂਥ ਪਾਰਲੀਮੈਂਟ-2026’ ਦਾ ਸਫ਼ਲਤਾਪੂਰਵਕ ਆਯੋਜਨ
ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ; ਦੇਸ਼ ਭਰ ਤੋਂ 118 ਪ੍ਰਤੀਭਾਗੀਆਂ ਨੇ ਲਿਆ ਹਿੱਸਾ
ਮੋਹਾਲੀ: , 10 ਫਰਵਰੀ
ਸੀ.ਜੀ.ਸੀ ਯੂਨੀਵਰਸਿਟੀ, ਮੋਹਾਲੀ ਦੇ ਸਕੂਲ ਆਫ਼ ਲੀਗਲ ਸਟੱਡੀਜ਼ ਵੱਲੋਂ ਭਵਿੱਖ ਦੇ ਸੁਚੇਤ ਆਗੂ ਪੈਦਾ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਪਹਿਲੀ ‘ਸੀ.ਜੀ.ਸੀ.ਯੂ. ਦੇਸ਼ਵਿਆਪੀ ਯੂਥ ਪਾਰਲੀਮੈਂਟ 2026’ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਵੱਕਾਰੀ ਸਮਾਗਮ ਨੇ ਇੱਕ ਅਜਿਹਾ ਰਾਸ਼ਟਰੀ ਮੰਚ ਪ੍ਰਦਾਨ ਕੀਤਾ ਜਿੱਥੇ ਨੌਜਵਾਨਾਂ ਨੇ ਦੇਸ਼ ਦੇ ਅਹਿਮ ਸਮਾਜਿਕ-ਰਾਜਨੀਤਿਕ ਮੁੱਦਿਆਂ 'ਤੇ ਡੂੰਘੀ ਵਿਚਾਰ-ਚਰਚਾ ਕੀਤੀ ਅਤੇ ਸੰਸਦੀ ਕਾਰਜਪ੍ਰਣਾਲੀ ਬਾਰੇ ਵਿਵਹਾਰਕ ਗਿਆਨ ਪ੍ਰਾਪਤ ਕੀਤਾ। ਇਸ ਯੂਥ ਪਾਰਲੀਮੈਂਟ ਵਿੱਚ ਦੇਸ਼ ਦੇ ਕੋਨੇ-ਕੋਨੇ ਤੋਂ ਲਗਭਗ 118 ਰਜਿਸਟ੍ਰੇਸ਼ਨਾਂ ਪ੍ਰਾਪਤ ਹੋਈਆਂ, ਜੋ ਇਸ ਦੀ ਕੌਮੀ ਮਹੱਤਤਾ ਨੂੰ ਦਰਸਾਉਂਦੀਆਂ ਹਨ। ਸਮਾਗਮ ਦੌਰਾਨ ਵਿਦਿਆਰਥੀਆਂ ਦੇ ਉਤਸ਼ਾਹ ਨੂੰ ਵਧਾਉਣ ਲਈ 30,000 ਰੁਪਏ ਦਾ ਇਨਾਮੀ ਫੰਡ ਵੀ ਰੱਖਿਆ ਗਿਆ ਸੀ।
ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਨੇ ਯੂਨੀਵਰਸਿਟੀ ਦੀ ਇਸ ਪਹਿਲਕਦਮੀ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀਆਂ ਲਈ ਸੰਸਦੀ ਕੰਮਕਾਜ ਦੀਆਂ ਬਾਰੀਕੀਆਂ ਨੂੰ ਸਮਝਣ ਦਾ ਇੱਕ ਸੁਨਹਿਰੀ ਮੌਕਾ ਹੈ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰਸਿੱਧ ਸਮਾਜਿਕ ਕਾਰਕੁਨ ਨਗਿੰਦਰ ਸਿੰਘ ਪਰਮਾਰ ਅਤੇ ਸੀਨੀਅਰ ਪੱਤਰਕਾਰ ਤਰੁਣ ਝਾਅ ਵੀ ਹਾਜ਼ਰ ਸਨ, ਜਿਨ੍ਹਾਂ ਨੇ ਸ਼ਾਸਨ ਪ੍ਰਣਾਲੀ ਅਤੇ ਲੋਕਤੰਤਰ ਵਿੱਚ ਮੀਡੀਆ ਦੀ ਭੂਮਿਕਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਹ ਪੂਰਾ ਪ੍ਰੋਗਰਾਮ ਸਕੂਲ ਆਫ਼ ਲੀਗਲ ਸਟੱਡੀਜ਼ ਦੇ ਡਾਇਰੈਕਟਰ ਪ੍ਰੋ. (ਡਾ.) ਜੇ.ਪੀ. ਯਾਦਵ ਦੀ ਅਗਵਾਈ ਹੇਠ ਕਰਵਾਇਆ ਗਿਆ। ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਇਵੈਂਟ ਕੋਆਰਡੀਨੇਟਰਜ਼ ਡਾ. ਦਿਵਿਆ ਨੇ ਅਹਿਮ ਭੂਮਿਕਾ ਨਿਭਾਈ। ਤਿੰਨ ਸੈਸ਼ਨਾਂ ਵਿੱਚ ਹੋਈ ਚਰਚਾ: ਯੂਥ ਪਾਰਲੀਮੈਂਟ ਦੌਰਾਨ ਅਸਲ ਸੰਸਦ ਵਾਂਗ ਤਿੰਨ ਅਹਿਮ ਸੈਸ਼ਨ ਹੋਏ, ਜਿਸ ਵਿੱਚ ਸਦਨ ਦੀ ਕਾਰਵਾਈ ਸ਼ੁਰੂ ਹੋਣਾ, ਪ੍ਰਸ਼ਨ ਕਾਲ, ਜ਼ੀਰੋ ਆਵਰ, ਖੁੱਲ੍ਹੀ ਬਹਿਸ ਅਤੇ ਹੱਲ ਲਈ ਅੰਤਿਮ ਕਾਲ ਸ਼ਾਮਲ ਸਨ। ਜੱਜਾਂ ਦੀ ਕਮੇਟੀ ਨੇ ਪ੍ਰਤੀਭਾਗੀਆਂ ਦੀ ਦਲੀਲਬਾਜ਼ੀ ਅਤੇ ਸੰਸਦੀ ਵਿਵਹਾਰ ਦੇ ਆਧਾਰ 'ਤੇ ਜੇਤੂਆਂ ਦੀ ਚੋਣ ਕੀਤੀ। ਸਮਾਗਮ ਦੇ ਅੰਤ ਵਿੱਚ ਇਨਾਮ ਵੰਡ ਸਮਾਰੋਹ ਹੋਇਆ ਅਤੇ ਲੈਕਸ ਫੀਏਸਟਾ ਦਾ ਪਰਦਾ ਹਟਾਇਆ ਗਿਆ।
Click to Follow Babushahi Facebook page →