ਸਕੂਟੀ ਦੇ ਪਿੱਛੇ ਬੈਠੀ ਔਰਤ ਦੀਆਂ ਦੋਵੇਂ ਕੰਨਾਂ ਦੀਆਂ ਵਾਲੀਆਂ ਲਾਹ ਕੇ ਫੁਰ ਹੋਏ ਮੋਟਰਸਾਈਕਲ ਸਵਾਰ
ਸਕੂਟੀ ਤੋਂ ਡਿੱਗਦੇ ਡਿੱਗਦੇ ਮਸਾ ਬਚੇ ਔਰਤ ਅਤੇ ਲੜਕੀ
ਰੋਹਿਤ ਗੁਪਤਾ
ਗੁਰਦਾਸਪੁਰ
ਗੁਰਦਾਸਪੁਰ ਵਿੱਚ ਲੁੱਟ ਖੋਹ ਦੀਆ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ । ਤਾਜ਼ਾ ਘਟਨਾ ਗੁਰਦਾਸਪੁਰ ਕਲਾਨੌਰ ਰੋਡ ਦੇ ਪਿੰਡ ਗੋਸਲ ਨੇੜੇ ਵਾਪਰੀ ਹੈ ਜਿੱਥੇ ਕਲਾਨੌਰ ਤੋ ਆਪਣੇ ਪਿੰਡ ਮਾਨੇਪੁਰ ਜਾ ਰਹੀ ਸਕੂਟੀ ਦੇ ਪਿੱਛੇ ਬੈਠੀ ਇੱਕ ਔਰਤ ਦੀਆਂ ਦੋਵੇਂ ਕੰਨਾ ਦੀਆਂ ਬਾਲੀਆਂ ਝਪਟ ਕੇ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰ ਮਿੰਟਾਂ ਸਕਿੰਟਾਂ ਵਿੱਚ ਹੀ ਰਫੂ ਚੱਕਰ ਹੋ ਗਏ । ਹਾਲਾਂਕਿ ਸਕੂਟੀ ਚਲਾ ਰਹੀ ਲੜਕੀ ਅਤੇ ਪਿੱਛੇ ਬੈਠੀ ਔਰਤ ਡਿਗਦੇ ਡਿਗਦੇ ਮਸਾ ਬਚੇ । ਦੱਸ ਦਈਏ ਕਿ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਰੋਡ ਹੋਣ ਕਾਰਨ ਇਸ ਰਸਤੇ ਤੇ ਕਾਫੀ ਆਵਾਜਾਈ ਰਹਿੰਦੀ ਹੈ ਬਾਵਜੂਦ ਇਸਦੇ ਦਿਨ ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦੇ ਕਿ ਮੋਟਰਸਾਈਕਲ ਸਵਾਰ ਫਰਾਰ ਹੋ ਗਏ। ਜਿਸ ਤੇ ਸਥਾਨਕ ਵਾਸੀਆਂ ਨੇ ਚਿੰਤਾ ਜਤਾਈ ਹੈ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਬਜ਼ੁਰਗ ਔਰਤ ਮਨਜੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਪੇਕੇ ਘਰੋਂ ਵਾਪਸ ਆਪਣੀ ਲੜਕੀ ਨਾਲ ਸਕੂਟਰੀ ਦੇ ਪਿੱਛੇ ਬੈਠ ਕੇ ਆਪਣੇ ਘਰ ਪਿੰਡ ਮਾਨੇਪੁਰ ਜਾ ਰਹੀ ਸੀ। ਜਦੋਂ ਗੋਸਲ ਨੇੜੇ ਪਹੁੰਚੇ ਤਾਂ ਪਿੱਛੋਂ ਮੋਟਰਸਾਈਕਲ ਤੇ ਦੋ ਮੁੰਡੇ ਆਏ , ਉਹਨਾਂ ਦੇ ਨਜ਼ਦੀਕ ਆ ਕੇ ਉਹਨਾਂ ਨੇ ਮੋਟਰਸਾਈਕਲ ਹੋਲੀ ਕੀਤਾ ਤੇ ਪਿੱਛੇ ਬੈਠੇ ਮੁੰਡੇ ਨੇ ਫੁਰਤੀ ਨਾਲ ਉਸਦੇ ਦੋਹਾਂ ਕੰਨਾਂ ਦੀਆਂ ਵਾਲੀਆਂ ਲਾਹ ਲਈਆਂ । ਉੱਥੇ ਹੀ ਮੌਕੇ ਤੇ ਇਕੱਠੇ ਹੋਏ ਸਥਾਨਕ ਵਾਸੀਆਂ ਵਿੱਚੋਂ ਇੱਕ ਨੇ ਕਿਹਾ ਕਿ ਦਿਨ ਦਿਹਾੜੇ ਅਜਿਹੀਆਂ ਘਟਨਾਵਾਂ ਹੋਣਾ ਬੇਹਦ ਮੰਦਭਾਗਾ ਹੈ। ਪੁਲਿਸ ਨੂੰ ਇਹਨਾਂ ਝਪਟਮਾਰਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ।