ਇਤਿਹਾਸਕ ਗੰਗਾ ਸਾਗਰ ਸੰਬੰਧੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਿਲੀਜ਼ ਕੀਤੀ ਪੁਸਤਕ
ਫਗਵਾੜਾ, 16 ਜਨਵਰੀ 2026 : ਪੰਜਾਬ ਪ੍ਰੈੱਸ ਕਲੱਬ ਵਿਚ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਰਾਇਕੋਟ ਰਿਆਸਤ ਦੇ ਮੁਖੀ ਰਾਏਕੱਲ੍ਹਾ ਨੂੰ 1705 ਵਿਚ ਬਖ਼ਸ਼ਿਸ਼ ਕੀਤੇ ਗਏ ਗੰਗਾ ਸਾਗਰ (ਸੁਰਾਹੀਨੁਮਾ ਬਰਤਨ) ਸੰਬੰਧੀ 'ਦਸਮੇਸ਼-ਪਿਤਾ ਬਖ਼ਸ਼ਿਸ਼ ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ ਸੰਭਾਲ' ਪੁਸਤਕ ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਵਲੋਂ ਰਿਲੀਜ਼ ਕੀਤੀ ਗਈ। ਇਹ ਪੁਸਤਕ ਉੱਘੇ ਇਤਿਹਾਸਕਾਰ ਤੇ ਖੋਜੀ ਡਾ. ਗੁਰਦੇਵ ਸਿੰਘ ਸਿੱਧੂ ਵਲੋਂ ਲਿਖੀ ਗਈ ਹੈ। ਇਸ ਪੁਸਤਕ ਵਿਚ ਗੰਗਾ ਸਾਗਰ ਦੇ ਇਤਿਹਾਸ, ਰਾਏਕੱਲ੍ਹਾ ਦੇ ਪਰਿਵਾਰਕ ਪਿਛੋਕੜ ਤੇ ਰਾਏਕੋਟ ਰਿਆਸਤ ਸੰਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ। ਇਥੇ ਇਹ ਵਰਣਨਯੋਗ ਹੈ ਕਿ 1705 ਵਿਚ ਜਦੋਂ ਮੁਗ਼ਲ ਫ਼ੌਜਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਿੱਛਾ ਕਰ ਰਹੀਆਂ ਸਨ ਤਾਂ ਗੁਰੂ ਸਾਹਿਬ ਮਾਛੀਵਾੜਾ ਤੋਂ ਹੁੰਦੇ ਹੋਏ ਰਾਏਕੋਟ ਰਿਆਸਤ ਵਿਚ ਪਹੁੰਚੇ ਸਨ, ਜਿਥੇ ਸਿਆਸਤ ਦੇ ਮੁਖੀ ਰਾਏਕੱਲ੍ਹਾ ਨੇ ਔਰੰਗਜ਼ੇਬ ਦੀ ਹਕੂਮਤ ਦੀ ਪਰਵਾਹ ਨਾ ਕਰਦਿਆਂ ਤੇ ਮੁਸਲਮਾਨ ਹੋਣ ਦੇ ਬਾਵਜੂਦ ਵੀ ਗੁਰੂ ਸਾਹਿਬ ਦੀ ਸ਼ਰਧਾ ਨਾਲ ਸੇਵਾ ਕੀਤੀ ਸੀ। ਇਸ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬ ਨੇ ਰਾਏਕੱਲ੍ਹਾ ਨੂੰ ਗੰਗਾ ਸਾਗਰ, ਇਕ ਕਿਰਪਾਨ ਤੇ ਰੀਹਲ ਦੀ ਬਖ਼ਸ਼ਿਸ਼ ਕੀਤੀ ਸੀ। ਇਸ ਸਮੇਂ ਗੰਗਾ ਸਾਗਰ ਰਾਏਕੱਲ੍ਹਾ ਦੀ ਨੌਵੀਂ ਸੰਤਾਨ ਰਾਏ ਅਜ਼ੀਜ਼-ਉੱਲਾ ਖਾਨ ਦੀ ਸੇਵਾ-ਸੰਭਾਲ ਵਿਚ ਹੈ ਤੇ ਉਹ ਇਸ ਨੂੰ ਵੱਖ-ਵੱਖ ਦੇਸ਼ਾਂ ਦੀ ਸਿੱਖ ਸੰਗਤ ਦੀ ਮੰਗ 'ਤੇ ਦਰਸ਼ਨ ਦੀਦਾਰ ਕਰਵਾਉਣ ਲਈ ਲੈ ਕੇ ਜਾਂਦੇ ਹਨ। ਪੁਸਤਕ ਰਿਲੀਜ਼ ਕਰਨ ਸਮੇਂ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਇਹ ਇਤਿਹਾਸਕ ਪੁਸਤਕ ਪ੍ਰਕਾਸ਼ਿਤ ਕਰਨ ਲਈ ਡਾ. ਗੁਰਦੇਵ ਸਿੰਘ ਸਿੱਧੂ ਅਤੇ ਰਾਏ ਅਜ਼ੀਜ਼ ਉੱਲਾ ਖਾਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਪੁਸਤਕ ਨਾਲ ਸਾਡੀਆਂ ਨਵੀਆਂ ਪੀੜ੍ਹੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰਾਏਕੱਲ੍ਹਾ ਨਾਲ ਸੰਬੰਧਾਂ ਅਤੇ ਇਤਿਹਾਸਕ ਗੰਗਾ ਸਾਗਰ ਸੰਬੰਧੀ ਮਹੱਤਵਪੂਰਨ ਜਾਣਕਾਰੀ ਮਿਲੇਗੀ। ਇਸ ਤੋਂ ਪਹਿਲਾਂ ਸੀਨੀਅਰ ਪੱਤਰਕਾਰ ਸ੍ਰੀ ਸਤਨਾਮ ਸਿੰਘ ਮਾਣਕ ਨੇ ਇਸ ਪੁਸਤਕ ਸੰਬੰਧੀ ਅਤੇ ਰਾਏ ਅਜ਼ੀਜ਼ ਉੱਲਾ ਖਾਨ ਦੀ ਸ਼ਖ਼ਸੀਅਤ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। ਅਖੀਰ ਵਿਚ ਡਾ. ਲਖਵਿੰਦਰ ਸਿੰਘ ਜੌਹਲ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਪੁਸਤਕ ਰਿਲੀਜ਼ ਕਰਨ ਲਈ ਅਤੇ ਪ੍ਰੈੱਸ ਕਲੱਬ ਤੇ ਮੀਡੀਆ ਦਾ ਇਸ ਸਮਾਰੋਹ ਵਿਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ। ਪੁਸਤਕ ਰਿਲੀਜ਼ ਸਮਾਰੋਹ ਵਿਚ ਡਾ. ਕਮਲੇਸ਼ ਸਿੰਘ ਦੁੱਗਲ, ਕੁਲਦੀਪ ਸਿੰਘ ਬੇਦੀ, ਪ੍ਰੈੱਸ ਕਲੱਬ ਦੇ ਪ੍ਰਧਾਨ ਸ. ਜਸਪ੍ਰੀਤ ਸਿੰਘ ਸੈਣੀ, ਗ਼ਜ਼ਲਗੋ ਗੁਰਦਿਆਲ ਰੌਸ਼ਨ, ਗੁਰਮੀਤ ਸਿੰਘ ਵਾਰਿਸ, ਇੰਦਰਜੀਤ ਸਿੰਘ ਆਰਟਿਸਟ, ਗੁਰਪ੍ਰੀਤ ਸਿੰਘ ਸਕੱਤਰ ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।