← ਪਿਛੇ ਪਰਤੋ
Babushahi Special ਸਮਾਜ ਸੇਵਾ ਦੀ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖੜ੍ਹੀ ਬਣਿਆ ਸੋਨੂੰ ਮਹੇਸ਼ਵਰੀ ਸਨਮਾਨਿਤ ਅਸ਼ੋਕ ਵਰਮਾ ਬਠਿੰਡਾ 13 ਜਨਵਰੀ 2026: ਬਠਿੰਡਾ ਦਾ ਨੌਜਵਾਨ ਸੋਨੂੰ ਮਹੇਸ਼ਵਰੀ ਨੌਜਵਾਨ ਵੈਲਫੇਅਰ ਸੁਸਾਇਟੀ ਰਾਹੀਂ ਦੀਨ ਦੁਖੀਆਂ ਅਤੇ ਪੀੜਤਾਂ ਦੀ ਸਹਾਇਤਾ ਦੇ ਖੇਤਰ ਦਾ ‘ ਧਰੂ ਤਾਰਾ ਬਣ ਗਿਆ’ ਹੈ। ਪੰਜਾਬ ਕਹਾਵਤ ‘ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖੜ੍ਹੀ ਸੋਨੂੰ ਮਹੇਸ਼ਵਰੀ ਤੇ ਪੂਰੀ ਤਰਾਂ ਢੱਕਦੀ ਹੈ ਕਿਉਂਕਿ ਜਦੋਂ ਵੀ ਅਤੇ ਜਿੱਥੇ ਵੀ ਕਿਤੇ ਬਿਪਤਾ ਪੈਂਦੀ ਹੈ ਤਾਂ ਸੋਨੂੰ ਮੂਹਰੇ ਖਲੋਤਾ ਨਜ਼ਰ ਆਉਂਦਾ ਹੈ। ਤਾਹੀਓ ਹੁਣ ਰਾਜਸਥਾਨ ਦੇ ਜੋਧਪੁਰ ’ਚ ਹੋਏ ਕੌਮਾਂਤਰੀ ਮਹੇਸ਼ਵਰੀ ਸਮਾਗਮ ਦੌਰਾਨ ਮਹੇਸ਼ਵਰੀ ਸਮਾਜ ਦੇ ਆਗੂਆਂ ਨੇ ਸੋਨੂੰ ਮਹੇਸ਼ਵਰੀ ਨੂੰ ‘ਸਮਾਜ ਗੌਰਵ’ ਐਵਾਰਡ ਨਾਲ ਸਨਮਾਨਿਤ ਕੀਤਾ ਹੈ ਜੋ ਬਠਿੰਡਾ ਲਈ ਮਾਣ ਵਾਲੀ ਗੱਲ ਹੈ। ਇਹ ਸਨਮਾਨ ਰਾਜਪਾਲ ਹਰੀਭਾਊ ਕਿਸ਼ਨ ਰਾਓ ਬਾਗੜੇ ਆਦਿ ਸ਼ਖਸ਼ੀਅਤਾਂ ਨੇ ਪ੍ਰਦਾਨ ਕੀਤਾ। ਸਮਾਗਮ ਦੀ ਅਹਿਮੀਅਤ ਦਾ ਅੰਦਾਜਾ ਇਸ ਤੋਂ ਲੱਗਦਾ ਹੈ ਕਿ ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਲੋਕ ਸਭਾ ਦੇ ਸਪੀਕਰ ਓਮ ਪ੍ਰਕਾਸ਼ ਬਿਰਲਾ ਨੇ ਵੀ ਸ਼ਿਰਕਤ ਕੀਤੀ । ਇਸ ਮੌਕੇ ਸਮਾਜ ਸੇਵੀ ਸੋਨੂੰ ਮਹੇਸ਼ਵਰੀ ਵੱਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ ਅਤੇ ਪਿੱਠ ਵੀ ਥਾਪੜੀ । ਬੇਸ਼ੱਕ ਮਾਣ ਸਤਿਕਾਰ ਦੀ ਕੋਈ ਕੀਮਤ ਨਹੀਂ ਪਰ ਇਸ ਨਾਲ ਸੋਨੂੰ ਮਹੇਸ਼ਵਰੀ ਦੀਆਂ ਜਿੰਮੇਵਾਰੀਆਂ ਵਧੀਆਂ ਹਨ ਜਿਸ ਤੇ ਹੁਣ ਉਸ ਨੇ ਹੋਰ ਵੀ ਦ੍ਰਿੜਤਾ ਨਾਲ ਪਹਿਰਾ ਦੇਣ ਦਾ ਫੈਸਲਾ ਲਿਆ ਹੈ। ਵੱਡੀ ਗੱਲ ਇਹ ਹੈ ਕਿ ਉਹ ਹਮੇਸ਼ਾਂ ਲੋਕ ਅਵਾਜ ਬਣਿਆ ਅਤੇ ਕਦੇ ਵੀ ਪਿੱਛੇ ਮੁੜਕੇ ਨਹੀਂ ਦੇਖਿਆ। ਇਸ ਕਰਕੇ ਵਪਾਰ ਮੰਡਲ ਨੇ ਉਸ ਨੂੰ ਸੂਬਾ ਸਕੱਤਰ ਦੀ ਜਿੰਮੇਵਾਰੀ ਦਿੱਤੀ ਹੈ। ਸ਼ਹਿਰ ਦੇ ਬਾਜ਼ਾਰਾਂ ’ਚ ਜਦੋਂ ਟੋਅ ਵੈਨਾਂ ਸੱਪਾਂ ਵਾਂਗ ਫੁਕਾਰੇ ਮਾਰਦੀਆਂ ਫਿਰਦੀਆਂ ਸਨ ਤੋਂ ਉਸ ਨੇ ਵਪਾਰੀਆਂ ਦੇ ਬੂਹਿਆਂ ਤੇ ਅਲਖ ਜਗਾਈ ਅਤੇ ਅੰਤ ਨੂੰ ਵਪਾਰ ਡੱਸਣ ਲੱਗੇ ਇਸ ਨਾਗ ਨੂੰ ਵਪਾਰੀਆਂ ਦੇ ਸਹਿਯੋਗ ਨਾਲ ਪਟਾਰੀ ’ਚ ਪਾਕੇ ਹੀ ਸਾਹ ਲਿਆ। ਉਸ ਨੇ ਕਿੰਨਰ ਸਮਾਜ ਨਾਲ ਵਧਾਈਆਂ ਸਬੰਧੀ ਹੁੰਦੇ ਝਗੜਿਆਂ ਨੂੰ ਨਿਪਟਾਉਣ ’ਚ ਸਫਲਤਾ ਹਾਸਲ ਕੀਤੀ। ਹੁਣ ਜਦੋਂ ਮਰਜੀ ਦੇਖ ਲਵੋ ਕਦੇ ਉਹ ਘਰਾਂ ਚੋਂ ਸੱਪ ਫੜਦਾ ਨਜ਼ਰ ਆਉਂਦਾ ਹੈ ਅਤੇ ਕਦੀ ਹਸਪਤਾਲਾਂ ’ਚ ਲੋੜਵੰਦਾਂ ਲਈ ਖੁਨ ਦਾ ਪ੍ਰਬੰਧ ਕਰਦਾ ਦਿਖਾਈ ਦਿੰਦਾ ਹੈ। ਨੌਜਵਾਨ ਵੈਲਫੇਅਰ ਸੁਸਾਇਟੀ ਦੀ ਅਗਵਾਈ ਹੇਠ ਦਿਨ ਰਾਤ ਐਂਬੂਲੈਂਸਾਂ ਮਰੀਜਾਂ ਅਤੇ ਹਾਦਸਾ ਪੀੜਤਾਂ ਨੂੰ ਹਸਪਤਾਲਾਂ ’ਚ ਪਹੁੰਚਾਉਣ ’ਚ ਲੱਗੀਆਂ ਰਹਿੰਦੀਆਂ ਹਨ। ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਸ਼ੀਤ ਲਹਿਰ ਦੌਰਾਨ ਲੋਕ ਰਜਾਈਆਂ ’ਚ ਲੰਮੀਆਂ ਤਾਣਕੇ ਸੁੱਤੇ ਹੁੰਦੇ ਹਨ ਤਾਂ ਉਹ ਪੀੜਤਾਂ ਦੀ ਬਾਂਹ ਫੜ੍ਹਨ ਲਈ ਘਰੋਂ ਬਾਹਰ ਹੁੰਦਾ ਹੈ। ਸੋਨੂੰ ਮਹੇਸ਼ਵਰੀ ਦੇ ਇੱਕ ਜਾਣਕਾਰ ਨੇ ਦੱਸਿਆ ਕਿ 2007 ‘ਚ ਇੱਕ ਧਾਰਮਿਕ ਸਮਾਗਮ ਦੌਰਾਨ ਸੋਨੂੰ ਮਹੇਸ਼ਵਰੀ ਨੂੰ ਕੋਬਰਾ ਨਾਗ ਨੇ ਡੰਗ ਮਾਰ ਦਿੱਤਾ ਜੋ ਉਸਦਾ ਜਜਬਾ ਬੁਲੰਦ ਕਰਨ ਵਾਲਾ ਸਾਬਤ ਹੋਇਆ। ਉਨ੍ਹਾਂ ਦੱਸਿਆ ਕਿ ਕਰੋਨਾਂ ਦੌਰਾਨ ਜਦੋਂ ਆਪਣਿਆਂ ਨੇ ਵੀ ਹੱਥ ਲਾਉਣ ਤੋਂ ਜਵਾਬ ਦੇ ਦਿੱਤਾ ਤਾਂ ਸੋਨੂੰ ਮਹੇਸ਼ਵਰੀ ਨੇ ਆਪਣੇ ਵਲੰਟੀਅਰਾਂ ਨਾਲ ਲਾਸ਼ਾਂ ਦੇ ਅੰਤਿਮ ਸਸਕਾਰ ਕਰਵਾਏ ਸਨ। ਕਹਾਣੀ ਇੱਥੇ ਹੀ ਨਹੀਂ ਮੁੱਕੀ ਅੱਤ ਦੀ ਕਿੱਲਤ ਦੌਰਾਨ ਸੋਨੂੰ ਨੇ ਕਰੋਨਾ ਪੀੜਤ ਮਰੀਜਾਂ ਲਈ ਆਕਸੀਜ਼ਨ ਦਾ ਪ੍ਰਬੰਧ ਕੀਤਾ ਅਤੇ ਟੀਕਾਕਰਨ ਕੈਂਪਾਂ ਦੀ ਅਗਵਾਈ ਕੀਤੀ। ਕੋਵਿਡ ਕੇਅਰ ਸੈਂਟਰ ਦੇ ਕਨਵੀਨਰ ਤੱਤਕਾਲੀ ਐਸਡੀਐਮ ਅਮਰਿੰਦਰ ਸਿੰਘ ਟਿਵਾਣਾ ਅਤੇ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਦੇ ਮੋਢੇ ਨਾਲ ਮੋਢਾ ਜੋੜਕੇ ਲਾਮਿਸਾਲ ਕਾਰਜ ਕੀਤੇ। ਇਸ ਸੈਂਟਰ ’ਚ ਕਰੋਨਾ ਪੀੜਤ ਮਰੀਜਾਂ ਦੇ ਬਿਸਤਰਿਆਂ ਤੇ ਵਿਛਾਈਆਂ ਜਾਣ ਵਾਲੀਆਂ ਚਾਦਰਾਂ ਆਦਿ ਧੋਤੀਆਂ ਅਤੇ ਦਿਨ ਰਾਤ ਲੰਗਰ ਭੇਜਣ ਦਾ ਉਪਰਾਲਾ ਜਾਰੀ ਰੱਖਿਆ ਜਿਸ ਬਾਰੇ ਤਾਂ ਉਸ ਸੰਕਟ ਦੌਰਾਨ ਆਮ ਬੰਦਾ ਸੋਚ ਵੀ ਨਹੀਂ ਸਕਦਾ ਸੀ। ਕਰੋਨਾ ਦੇ ਵਧੇਂ ਪ੍ਰਕੋਪ ਦੌਰਾਨ ਮੌਤਾਂ ਦੀ ਵਧ ਰਹੀ ਗਿਣਤੀ ਨੂੰ ਦੇਖਦਿਆਂ ਸੋਨੂੰ ਨੇ ਕੋਵਿਡ ਕੇਅਰ ਸੈਂਟਰ ਖੋਹਲਣ ਦਾ ਫੈਸਲਾ ਕਰ ਲਿਆ। ਇਸ ਮੌਕੇ ਸੋਨੂੰ ਦੇ ਰਾਹ ’ਚ ਸਿਆਸੀ ਟੰਗ ਅੜਾਈ ਵੀ ਹੋਈ ਪਰ ਉਹ ਡਾਕਟਰ ਵਿਤੁਲ ਗੁਪਤਾ ਵੱਲੋਂ ਸੌਂਪਿਆ ‘ਕਿਸ਼ੋਰੀ ਰਾਮ ਹਸਪਤਾਲ’ ਕੋਵਿਡ ਸੈਂਟਰ ’ਚ ਤਬਦੀਲ ਕਰਕੇ ਹੀ ਹਟਿਆ। ਸਮਾਜ ਪ੍ਰਤੀ ਫਰਜ: ਸੋਨੂੰ ਮਹੇਸ਼ਵਰੀ ਸੋਨੂੰ ਮਹੇਸ਼ਵਰੀ ਨੂੰ ਸਮਾਜ ਸੇਵਾ ਦੇ ਇਸ ਲੰਬੇ ਸਫਰ ਦੌਰਾਨ ਕਈ ਵਾਰ ਔਕੜਾਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਉਹ ਅਡੋਲ ਰਿਹਾ। ਭਾਵੇਂ ਪੁਰਸਕਾਰਾਂ ਦੇ ਪ੍ਰਦੂਸ਼ਣ ਦੌਰਾਨ ਆਪਣਿਆਂ ਨੂੰ ਨਿਵਾਜਣ ਦੇ ਤੱਥ ਵੀ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਮਹੇਸ਼ਵਰੀ ਸਮਾਜ ਨੇ ਬਠਿੰਡਾ ਦੇ ਇਸ ‘ਸੱਚੇ ਸੁੱਚੇ ਸਿਪਾਹੀ ਅਤੇ ਇਮਾਨਦਾਰ ਪੁੱਤ’ ਨੂੰ ਸਨਮਾਨਿਤ ਕਰਕੇ ਇਨਸਾਨਾਂ ਦੀ ਕਦਰ ਕਰਨ ਵਾਲਿਆਂ ਦੇ ਕਾਫਲੇ ਦਾ ਮੁੱਲ ਪਾਇਆ ਹੈ। ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਉਹ ਕਿਸੇ ਤੇ ਅਹਿਸਾਨ ਨਹੀਂ ਕਰ ਰਿਹਾ ਬਲਕਿ ਸਮਾਜ ਪ੍ਰਤੀ ਆਪਣਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਨੁੱਖਤਾ ਪੱਖੀ ਸੋਨੂੰ ਨੂੰ ਸਲਾਮ ਨਾਗਰਿਕ ਚੇਤਨਾ ਮੰਚ ਦੇ ਪ੍ਰਧਾਨਾ ਸੇਵਾਮੁਕਤ ਪ੍ਰਿੰਸੀਪਲ ਬੱਗਾ ਸਿੰਘ ਦਾ ਕÇੀਣਾ ਸੀ ਕਿ ਜਾਗਦੀਆਂ ਜਮੀਰਾਂ ਵਾਲੇ ਲੋਕ ਹਰ ਬਿਪਤਾ ਆਪਣੀ ਮੰਨਦੇ ਹਨ ਜਿਸ ਦੀ ਨਿਵੇਕਲੀ ਮਿਸਾਲ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਮਨੁੱਖਤਾ ਲਈ ਏਦਾਂ ਦਾ ਜਜਬਾ ਰੱਖਣ ਵਾਲੇ ਨੌਜਵਾਨਾਂ ਨੂੰ ਕੌਣ ਸਲਾਮ ਨਹੀਂ ਕਰਨ ਚਾਹੇਗਾ। ਉਨ੍ਹਾਂ ਨੇ ਸੋਨੂੰ ਮਹੇਸ਼ਵਰੀ ਅਤੇ ਉਨ੍ਹਾਂ ਦੀ ਟੀਮ ਤੋਂ ਇਲਾਵਾ ਗੱਭਰੂਆਂ ਦੇ ਇਸ ਕਾਫਲੇ ਨੂੰ ਸਹਿਯੋਗ ਦੇਣ ਵਾਲਿਆਂ ਦੀ ਭਰਵੀਂ ਸ਼ਲਾਘਾ ਵੀ ਕੀਤੀ ਹੈ।
Total Responses : 168