ਪੰਜਾਬੀ ਭਾਸ਼ਾ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਇਤਿਹਾਸਕ ਉਪਰਾਲਾ: ਹਰਮੀਤ ਸਿੰਘ ਕਾਲਕਾ
ਨਵੀਂ ਦਿੱਲੀ 13 ਜਨਵਰੀ,2026
ਸਰਦਾਰ ਹਰਮੀਤ ਸਿੰਘ ਕਾਲਕਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਂ ਬੋਲੀ ਪੰਜਾਬੀ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਗੁਰਮੁਖੀ ਲਿਪੀ ਦੇ ਪ੍ਰਚਾਰ-ਪ੍ਰਸਾਰ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਕ ਨਿਵੇਕਲਾ ਤੇ ਇਤਿਹਾਸਕ ਉਪਰਾਲਾ ਕੀਤਾ ਗਿਆ ਹੈ। ਇਸ ਉਪਰਾਲੇ ਤਹਿਤ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ (ਦਿੱਲੀ ਯੂਨੀਵਰਸਿਟੀ) ਵਿੱਚ ਗੁਰਮੁਖੀ ਲਿਪੀ ਦੇ ਕੇਂਦਰ ਦਾ ਨੀਂਹ ਪੱਥਰ ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਅੱਜ ਰੱਖਿਆ ਗਿਆ।
ਇਸ ਵਿਸ਼ੇਸ਼ ਸਮਾਗਮ ਵਿੱਚ ਸਰਦਾਰ ਤਰਲੋਚਨ ਸਿੰਘ ਸਾਬਕਾ ਰਾਜ ਸਭਾ ਮੈਂਬਰ,ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਕਾਲਜ ਪ੍ਰਬੰਧਕ, ਅਧਿਆਪਕ ਵਰਗ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਗੁਰਮੁਖੀ ਲਿਪੀ ਸਾਡੀ ਧਾਰਮਿਕ, ਸਾਂਸਕ੍ਰਿਤਿਕ ਅਤੇ ਸਾਹਿਤਕ ਵਿਰਾਸਤ ਦੀ ਰੀੜ੍ਹ ਦੀ ਹੱਡੀ ਹੈ। ਇਹ ਕੇਂਦਰ ਨੌਜਵਾਨ ਪੀੜ੍ਹੀ ਨੂੰ ਮਾਂ ਬੋਲੀ ਨਾਲ ਜੋੜਨ, ਗੁਰਮੁਖੀ ਦੇ ਵਿਗਿਆਨਿਕ ਅਤੇ ਅਕਾਦਮਿਕ ਅਧਿਐਨ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬੀ ਭਾਸ਼ਾ ਨੂੰ ਵਿਸ਼ਵ ਪੱਧਰ ‘ਤੇ ਮਜ਼ਬੂਤ ਕਰਨ ਵਿੱਚ ਮੀਲ ਪੱਥਰ ਸਾਬਤ ਹੋਵੇਗਾ। ਸਰਦਾਰ ਹਰਮੀਤ ਸਿੰਘ ਕਾਲਕਾ ਨੇ ਇਸ ਸ਼ੁਭ ਮੌਕੇ ‘ਤੇ ਕਾਲਜ ਦੇ ਸਮੂਹ ਪ੍ਰਬੰਧਕਾਂ, ਸਟਾਫ ਅਤੇ ਵਿਦਿਆਰਥੀਆਂ ਨੂੰ ਦਿਲੋਂ ਵਧਾਈਆਂ ਦਿੰਦਿਆਂ ਆਸ ਕੀਤੀ ਕਿ ਇਹ ਕੇਂਦਰ ਭਾਸ਼ਾਈ ਚੇਤਨਾ, ਅਧਿਐਨ ਅਤੇ ਅਨੁਸੰਧਾਨ ਦਾ ਕੇਂਦਰ ਬਣ ਕੇ ਪੰਜਾਬੀ ਭਾਸ਼ਾ ਦੀ ਸ਼ਾਨ ਨੂੰ ਨਵੀਂ ਦਿਸ਼ਾ ਦੇਵੇਗਾ।