ਸੰਭਾਵਿਤ ਸਮੱਸਿਆਵਾਂ ਤੋਂ ਬਚਣ ਲਈ ਗੰਨੇ ਦੀ ਬਿਜਾਈ 4-5 ਫੁੱਟ ਦੀ ਦੂਰੀ ਤੇ ਕੀਤੀ ਜਾਵੇ: ਡਾਕਟਰ ਅਮਰੀਕ ਸਿੰਘ
ਰਾਜ ਪੱਧਰੀ ਟੀਮ ਵੱਲੋਂ ਗੰਨੇ ਦੀ ਕਟਾਈ ਕਰਨ ਵਾਲੀ ਮਸ਼ੀਨ ਦਾ ਜਾਇਜ਼ਾ ਲੈਣ ਲਈ ਜ਼ਿਲਾ ਗੁਰਦਾਸਪੁਰ ਦਾ ਕੀਤਾ ਦੌਰਾ
ਰੋਹਿਤ ਗੁਪਤਾ
ਗੁਰਦਾਸਪੁਰ, 3 ਜਨਵਰੀ
ਪੰਜਾਬ ਵਿੱਚ ਇਸ ਸਮੇਂ ਗੰਨੇ ਦੀ ਕਟਾਈ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਪ੍ਰੰਤੂ ਮਜ਼ਦੂਰਾਂ ਦੀ ਘਾਟ ਨੇ ਗੰਨਾ ਕਾਸ਼ਤਕਾਰਾਂ ਦੀ ਮੁਸ਼ਕਲ ਵਧਾ ਦਿੱਤੀ ਹੈ ਜਿਸ ਨੂੰ ਮੁੱਖ ਰੱਖਦਿਆਂ ਗੰਨੇ ਦੀ ਕਟਾਈ ਕਰਨ ਵਾਲੀਆਂ ਮਸ਼ੀਨਾਂ ਮੰਗ ਵਧ ਗਈ ਹੈ । ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਦੇ ਅਧਿਕਾਰਤ ਖੇਤਰ ਦੇ ਪਿੰਡ ਧਾਲੌਰੀਆ ਵਿਚ ਗੰਨੇ ਦੀ ਮਸ਼ੀਨ ਨਾਲ ਹੋ ਰਹੀ ਗੰਨੇ ਦੀ ਕਟਾਈ ਦੇ ਕੰਮ ਦਾ ਜਾਇਜ਼ਾ ਲੈਂਦਿਆਂ ਕੇਨ ਕਮਿਸ਼ਨਰ ਪੰਜਾਬ ਡਾਕਟਰ ਅਮਰੀਕ ਸਿੰਘ ਨੇ ਇਸ ਬਾਰੇ ਗੱਲਬਾਤ ਕਰਦਿਆਂ ਦਸਿਆ ਕਿ ਮਜ਼ਦੂਰਾਂ ਦੀ ਘਾਟ ਨੇ ਗੰਨਾ ਕੱਟਣ ਵਾਲੀ ਮਸ਼ੀਨ ਦੀ ਮੰਗ ਵਧਾ ਦਿੱਤੀ ਹੈ ਅਤੇ ਇਸ ਵੇਲੇ ਪੰਜਾਬ ਵਿੱਚ ਕਰੀਬ 30 ਮਸ਼ੀਨਾਂ ਗੰਨੇ ਦੀ ਕਟਾਈ ਕਰ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਇੱਕ ਮਸ਼ੀਨ ਸੀਜ਼ਨ ਦੌਰਾਨ ਕਰੀਬ 250-300 ਏਕੜ ਗੰਨੇ ਦੀ ਕਟਾਈ ਕਰ ਦਿੰਦੀ ਹੈ ਅਤੇ ਇੱਕ ਕੁਇੰਟਲ ਗੰਨੇ ਦੀ ਕਟਾਈ ਤੋਂ ਲੈ ਕੇ ਮਿੱਲ ਤੱਕ ਪਹੁੰਚਾਉਣ ਦਾ ਪ੍ਰਤੀ ਕੁਇੰਟਲ 80-100/- ਰੁਪਏ ਕਿਰਾਇਆ, ਮਸ਼ੀਨ ਮਾਲਕਾਂ ਵਲੋਂ ਗੰਨਾ ਕਾਸ਼ਤਕਾਰਾਂ ਕੋਲੋਂ ਵਸੂਲਿਆ ਜਾ ਰਿਹਾ ਹੈ ।
ਉਨ੍ਹਾਂ ਦੱਸਿਆ ਕਿ ਗੰਨੇ ਦੀ ਕਟਾਈ ਕਰਨ ਵਾਲੀ ਮਸ਼ੀਨ ਖੇਤ ਵਿਚ ਗੰਨੇ ਦੀ ਫ਼ਸਲ ਨੂੰ ਮੁੱਢ ਤੋਂ ਕੱਟ ਕੇ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਕੇ ਇੱਕ ਵਿਸ਼ੇਸ਼ ਟਰਾਲੀ ਵਿਚ ਪਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਮਸ਼ੀਨ ਨਾਲ ਗੰਨੇ ਦੀ ਕਟਾਈ ਕਰਨ ਲਈ ਫ਼ਸਲ ਦਾ ਡਿੱਗਿਆ ਨਹੀਂ ਹੋਣਾ ਚਾਹੀਦਾ। ਉਨ੍ਹਾਂ ਗੰਨਾ ਕਾਸ਼ਤਕਾਰਾਂ ਨੂੰ ਅਪੀਲ ਹੈ ਕਿ ਭਵਿਖ ਵਿਚ ਪੇਸ਼ ਆਉਣ ਵਾਲੀਆਂ ਸਮੱਸਿਆਂਵਾਂ ਤੋਂ ਬਚਣ ਲਈ ਫਰਵਰੀ - ਮਾਰਚ ਦੌਰਾਨ ਗੰਨੇ ਦੀ ਬਿਜਾਈ ਢਾਈ ਫੁੱਟ ਦੀ ਦੂਰੀ ਦੀ ਬਿਜਾਏ ਲਾਈਨ ਤੋਂ ਲਾਈਨ 4-5 ਫੁੱਟ ਦੀ ਦੂਰੀ ਤੇ ਕਰਨ ਨੁੰ ਤਰਜੀਹ ਦੇਣ ਅਤੇ ਤਕਨੀਕੀ ਤੌਰ ਤੇ ਹੀ ਗੰਨੇ ਦੀ ਫ਼ਸਲ ਦੀ ਸੰਭਾਲ ਕਰਨ।
ਡਾਕਟਰ ਗੁਲਜ਼ਾਰ ਸਿੰਘ ਸੰਘੇੜਾ ਨੇ ਦੱਸਿਆ ਕਿ ਇਸ ਮਸ਼ੀਨ ਦੇ ਜਿੱਥੇ ਫਾਇਦੇ ਹਨ ਉਥੇ ਗੰਨਾ ਕਾਸ਼ਤਕਾਰਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਆਮ ਕਰਕੇ ਗੰਨੇ ਦੀ ਬਿਜਾਈ ਢਾਈ ਤੋਂ ਤਿੰਨ ਫੁੱਟ ਦੀ ਦੂਰੀ ਦੀਆਂ ਲਾਈਨਾਂ ਵਿਚ ਕੀਤੀ ਜਾਂਦੀ ਹੈ ਜਦ ਕਿ ਮਸ਼ੀਨ ਨਾਲ ਕਟਾਈ ਕਰਨ ਲਈ ਲਾਈਨ ਤੋਂ ਲਾਈਨ ਦੀ ਦੂਰੀ 4-5 ਫੁੱਟ ਤੇ ਗੰਨੇ ਦੀ ਬਿਜਾਈ ਕਰਨੀ ਹੁੰਦੀ ਹੈ,ਕਿਉਂਕਿ ਮਸ਼ੀਨ ਦੀ ਬਣਤਰ ਇਸ ਤਰਾਂ ਬਣੀ ਹੋਈ ਹੈ ਕਿ ਲਾਈਨ ਤੋਂ ਲਾਈਨ ਦਾ ਫਾਸਲਾ 4-5 ਫੁੱਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮਸ਼ੀਨ ਦੀ ਵਰਤੋਂ ਦੇ ਨਾਲ - ਨਾਲ ਗੰਨੇ ਦੀਆਂ ਕਾਸ਼ਤਕਾਰੀ ਤਕਨੀਕਾਂ ਵਿਚ ਬਦਲਾਅ ਨਾਂ ਕੀਤਾ ਤਾਂ ਭਵਿਖ ਵਿਚ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ।
ਇਸ ਮੌਕੇ ਡਾਇਰੈਕਟਰ ਖੇਤਰੀ ਖੋਜ ਕੇਂਦਰ ਕਪੂਰਥਲਾ ਡਾਕਟਰ ਗੁਲਜ਼ਾਰ ਸਿੰਘ ਸੰਘੇੜਾ,ਪ੍ਰੋਜੈਕਟ ਅਫ਼ਸਰ ਗੰਨਾ ਡਾਕਟਰ ਮਨਧੀਰ ਸਿੰਘ,ਸਹਾਇਕ ਗੰਨਾ ਵਿਕਾਸ ਅਫ਼ਸਰ ਡਾਕਟਰ ਗੁਰਜੋਤ ਸਿੰਘ ,ਅਗਾਂਹ ਵਧੂ ਕਿਸਾਨ ਗੌਰਵ ਕੁਮਾਰ ਅਤੇ ਨਵੀਨ ਕੁਮਾਰ ਹਾਜ਼ਰ ਸਨ।