ਕਪੂਰਥਲਾ ਵਿੱਚ ਗੋਲੀਕਾਂਡ: ਕੈਨੇਡਾ ਤੋਂ ਪਰਤੀ 40 ਸਾਲਾ ਹੇਮਪ੍ਰੀਤ ਕੌਰ ਦਾ ਕਤਲ
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ 2 ਜਨਵਰੀ 2026 : ਕਪੂਰਥਲਾ ਦੇ ਭੀੜ-ਭਾੜ ਵਾਲੇ ਬਾਜ਼ਾਰ ਵਾਲੇ ਰਸਤੇ ਸੀਨਪੁਰਾ ਵਿੱਚ ਇੱਕ 40 ਸਾਲਾ ਮਹਿਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕ ਮਹਿਲਾ ਦਾ ਨਾਮ ਹੇਮਪ੍ਰੀਤ ਕੌਰ ਉਰਫ਼ ਹੇਮਾ ਹੈ।
ਉਹ ਲਗਭਗ ਇੱਕ ਮਹੀਨਾ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਪਰਤੀ ਸੀ। ਇਹ ਵਾਰਦਾਤ ਦੁਪਹਿਰ ਸਮੇਂ ਹੋਈ। ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲ 'ਤੇ ਆਏ ਅਤੇ ਜ਼ਬਰਦਸਤੀ ਘਰ ਵਿੱਚ ਦਾਖਲ ਹੋ ਕੇ ਹੇਮਪ੍ਰੀਤ ਕੌਰ ਨੂੰ ਗੋਲੀ ਮਾਰ ਦਿੱਤੀ।
ਘਰ ਵਿੱਚ ਰਹਿਣ ਵਾਲੀ ਇੱਕ ਬਜ਼ੁਰਗ ਔਰਤ ਨੇ ਦੱਸਿਆ ਕਿ ਕੁਝ ਲੋਕ ਜ਼ਬਰਦਸਤੀ ਘਰ ਵਿੱਚ ਦਾਖਲ ਹੋਏ ਅਤੇ ਉਸ ਤੋਂ ਬਾਅਦ ਗੋਲੀਆਂ ਚੱਲਣ ਦੀ ਆਵਾਜ਼ ਆਈ।
ਪੁਲਿਸ ਦੇ ਸ਼ੁਰੂਆਤੀ ਵੇਰਵਿਆਂ ਅਨੁਸਾਰ ਕੁੱਲ ਚਾਰ ਗੋਲੀਆਂ ਚੱਲੀਆਂ। ਇਨ੍ਹਾਂ ਵਿੱਚੋਂ ਇੱਕ ਗੋਲੀ ਹੇਮਾ ਨੂੰ ਮਾਰੀ ਗਈ ਅਤੇ ਤਿੰਨ ਹਵਾਈ ਫਾਇਰ ਹੋਏ ਹਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲ ਰਹੀ ਹੈ। ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਵਿੱਚ ਰਖਵਾ ਦਿੱਤਾ ਗਿਆ ਹੈ।
ਹੇਮਪ੍ਰੀਤ ਕੌਰ ਦਾ ਪਤੀ ਅਤੇ ਬੇਟਾ ਕੈਨੇਡਾ ਵਿੱਚ ਹਨ ਅਤੇ ਇਸ ਅਚਾਨਕ ਹੋਈ ਵਾਰਦਾਤ ਕਾਰਨ ਸਾਰੇ ਸਦਮੇ ਵਿੱਚ ਹਨ।
ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।