ਸਰਕਾਰ ਤੋਂ 10 ਜਨਵਰੀ ਤੱਕ ਕੋਈ ਹੁੰਘਾਰਾ ਨਾ ਮਿਲਣ ਤੇ ਵੈਟਰਨਰੀ ਡਾਕਟਰਾਂ ਕਰਨਗੇ ਸੰਘਰਸ਼ ਨੂੰ ਹੋਰ ਤੇਜ਼
ਮੋਹਾਲੀ, 4 ਜਨਵਰੀ 2026
ਪੰਜਾਬ ਦੇ ਵੈਟਨਰੀ ਡਾਕਟਰਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਸਰਕਾਰ ਦੇ ਰਵੱਈਏ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ । ਜ਼ਿਕਰਯੋਗ ਹੈ ਕਿ ਪੰਜਾਬ ਦੇ ਵੈਟਨਰੀ ਡਾਕਟਰ ਪਿਛਲੇ ਕਰੀਬ 5 ਸਾਲਾਂ ਤੋਂ ਆਪਣੀਆਂ ਜਾਇਜ਼ ਮੰਗਾਂ :-
1. 1977 ਤੋਂ ਲੈਕੇ 42 ਸਾਲ ਤੱਕ ਚੱਲੀ ਮੈਡੀਕੋਜ਼ ਨਾਲ ਪੇਅ-ਪੈਰਿਟੀ ਦੀ ਬਹਾਲੀ
2. ਡੀ.ਏ.ਸੀ.ਪੀ. (ਡਾਇਨਾਮਿਕ ਅਸ਼ੋਰਡ ਕੈਰੀਅਰ ਪ੍ਰੋਗਰੈਸ਼ਨ ) 4-9-14 ਸਕੀਮ ਦੀ ਬਹਾਲੀ
3. ਐਚ.ਆਰ.ਏ. ਆਨ ਐਨ.ਪੀ.ਏ. ਮੁੜ ਲਾਗੂ ਕਰਵਾਉਣਾ ਅਤੇ
4. ਪ੍ਰੋਬੇਸ਼ਨ ਦੌਰਾਨ ਪੂਰੀ ਤਨਖਾਹ
ਨੂੰ ਲੈ ਕੇ ਸੰਘਰਸ਼ ਦੇ ਰਾਹ ਤੇ ਹਨ। ਪੰਜਾਬ ਦੇ ਸਮੂਹ ਵੈਟਨਰੀ ਡਾਕਟਰਾਂ ਨੇ ਮਿਤੀ 23 ਅਤੇ 24 ਦਸੰਬਰ 2025 ਨੂੰ ਦੋ ਦਿਨ ਆਪਣੇ ਜ਼ਿਲ੍ਹਿਆਂ ਦੇ ਪੌਲੀਕਲੀਨਿਕਾਂ ਵਿਖੇ ਧਰਨੇ ਲਗਾ ਕੇ ਸਰਕਾਰ ਪ੍ਰਤੀ ਆਪਣਾ ਰੋਸ ਪ੍ਰਗਟ ਕੀਤਾ ਸੀ ਅਤੇ ਪਿਛਲੀ ਸਰਕਾਰ ਵੱਲੋਂ ਗਲਤ ਢੰਗ ਅਪਣਾ ਕੇ ਜਾਰੀ ਕੀਤੇ ਗਏ ਪੱਤਰ ਅਤੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਵੀ ਸਾੜੀਆਂ ਸਨ। ਇਸ ਤੋਂ ਬਾਅਦ ਮਿਤੀ 24-12-2025 ਨੂੰ ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਪੰਜਾਬ ਵੱਲੋਂ ਪੱਤਰ ਮੀਮੋ ਨੰਬਰ 2025/ਅ-11/15877 ਜਾਰੀ ਕਰਕੇ ਵੈਟਨਰੀ ਡਾਕਟਰਾਂ ਨੂੰ ਡੀ.ਏ.ਸੀ.ਪੀ. ਸਕੀਮ ਦੁਬਾਰਾ ਲਾਗੂ ਕਰਨ ਨਾਲ ਹੋਣ ਵਾਲੇ ਖਰਚੇ ਦਾ ਵਿੱਤੀ ਮੁਲਾਂਕਣ ਕਰਨ ਲਈ ਡਿਪਟੀ ਡਾਇਰੈਕਟਰਾਂ ਤੋਂ ਸਮਾਂ-ਬੱਧ ਮਿਤੀ 31-12-2025 ਤੱਕ ਸੂਚਨਾ ਮੁਕੰਮਲ ਕਰਕੇ ਸਦਰ ਦਫਤਰ ਨੂੰ ਭੇਜਣ ਦੀ ਹਦਾਇਤ ਕੀਤੀ ਸੀ, ਪਰ ਅਜੇ ਤੱਕ ਇਹ ਰਿਪੋਰਟ ਕੰਪਾਇਲ ਨਹੀਂ ਹੋ ਪਾਈ ਅਤੇ ਨਾ ਹੀ ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ ਪੈਰਿਟੀ ਨੂੰ ਮੀਟਿੰਗ ਲਈ ਕੋਈ ਸੱਦਾ ਦਿੱਤਾ ਗਿਆ ਹੈ। ਵੈਟਨਰੀ ਡਾਕਟਰਾਂ ਵਿੱਚ ਸਰਕਾਰ ਦੇ ਇਸ ਬੇਰੁਖੀ ਅਤੇ ਢਿੱਲੇ ਰਵੱਈਏ ਕਾਰਨ ਬਹੁਤ ਰੋਸ ਪਾਇਆ ਜਾ ਰਿਹਾ ਹੈ। ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ ਪੈਰਿਟੀ ਵੱਲੋਂ ਚਿਤਾਵਨੀ ਦਿੱਤੀ ਗਈ ਕਿ ਜੇ ਸਰਕਾਰ ਵੱਲੋਂ ਉੱਨ੍ਹਾਂ ਦੀਆਂ ਮੰਗਾਂ ਪ੍ਰਤੀ ਮਿਤੀ 10.1.2026 ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ ਜਾਂਦਾ ਤਾਂ ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ ਪੈਰਿਟੀ ਵੱਲੋਂ ਮਜਬੂਰਨ ਚੱਲਦੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਜੁਆਇੰਟ ਐਕਸ਼ਨ ਕਮੇਟੀ ਦੇ ਕਨਵੀਨਰ ਡਾਕਟਰ ਗੁਰਚਰਨ ਸਿੰਘ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਵੈਟਨਰੀ ਡਾਕਟਰਾਂ ਦੀਆਂ ਮੰਗਾਂ ਨੂੰ ਤੁਰੰਤ ਲਾਗੂ ਕਰਵਾਉਣ ਲਈ ਨਿੱਜੀ ਪੱਧਰ ਤੇ ਦਖਲ ਦੇਣ ਲਈ ਅਪੀਲ ਕੀਤੀ।