ਇਫਟੂ ਨੇ ਨਵਾਂਸ਼ਹਿਰ ਵਿਚ ਆਟੋ ਮਾਰਚ ਕਰਕੇ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜੀਆਂ
ਪ੍ਰਮੋਦ ਭਾਰਤੀ
ਨਵਾਂਸ਼ਹਿਰ 03 ਜਨਵਰੀ 2025 : ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼( ਇਫਟੂ) ਵਲੋਂ ਅੱਜ ਨਵਾਂਸ਼ਹਿਰ ਵਿਖੇ ਆਟੋ ਮਾਰਚ ਕਰਕੇ ਚਾਰ ਲੇਬਰ ਕੋਡ ਅਤੇ ਬੀਜ ਸੋਧ ਬਿੱਲ 2025 ਦੀਆਂ ਕਾਪੀਆਂ ਸਾੜੀਆਂ ਗਈਆਂ। ਪਹਿਲਾਂ ਇਫਟੂ ਵਰਕਰ ਸਥਾਨਕ ਆਟੋ ਸਟੈਂਡ ਉੱਤੇ ਇੱਕੱਠੇ ਹੋਏ ਅਤੇ ਸ਼ਹਿਰ ਵਿਚ ਮਾਰਚ ਕਰਕੇ ਡੀ ਸੀ ਦਫਤਰ ਅੱਗੇ ਤਿੰਨ ਘੰਟੇ ਧਰਨਾ ਦਿੱਤਾ।ਇਸ ਮੌਕੇ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸੂਬਾ ਸਕੱਤਰ ਅਵਤਾਰ ਸਿੰਘ ਤਾਰੀ, ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ, ਜਿਲਾ ਪ੍ਰਧਾਨ ਗੁਰਦਿਆਲ ਰੱਕੜ,ਜਿਲਾ ਸਕੱਤਰ ਪਰਵੀਨ ਕੁਮਾਰ ਨਿਰਾਲਾ, ਆਟੋ ਯੂਨੀਅਨ ਦੇ ਜਿਲਾ ਪ੍ਰਧਾਨ ਪੁਨੀਤ ਕੁਮਾਰ ਬਸ਼ੌੜੀ,ਤਰਨਜੀਤ, ਗੋਪੀ,ਦੇਸ ਰਾਜ, ਕੁਲਵਿੰਦਰ ਆਗੂਆਂ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਚਾਰ ਲੇਬਰ ਕੋਡ ਦੇਸ਼ ਦੇ ਮਜ਼ਦੂਰ ਵਰਗ ਉੱਤੇ ਬਹੁਤ ਵੱਡਾ ਹਮਲਾ ਹੈ।ਇਹ ਮਜ਼ਦੂਰ ਜਮਾਤ ਕੋਲੋਂ ਉਸਦੇ ਮੁੱਢਲੇ ਅਧਿਕਾਰ ਖੋਹ ਲੈਂਦੇ ਹਨ ਜੋ ਮਜ਼ਦੂਰਾਂ ਨੇ ਦਹਾਕਿਆਂ ਤੱਕ ਸੰਘਰਸ਼ ਕਰਕੇ ਅਤੇ ਅਣਗਿਣਤ ਕੁਰਬਾਨੀਆਂ ਕਰਕੇ ਪ੍ਰਾਪਤ ਕੀਤੇ ਸਨ। ਇਹ ਮਜ਼ਦੂਰ ਜਮਾਤ ਕੋਲੋਂ ਉਸਦਾ ਯੂਨੀਅਨ ਬਣਾਉਣ ਦਾ ਹੱਕ, ਹੜਤਾਲ ਕਾਰਨ ਦਾ ਹੱਕ ਖੋਹਦੇਂ ਹਨ, ਰੁਜ਼ਗਾਰ ਸੁਰੱਖਿਆ ਉੱਤੇ ਹੱਲਾ ਬੋਲਦੇ ਹਨ।ਇਹ ਪੱਕੀਆਂ ਨੌਕਰੀਆਂ ਨੂੰ ਖ਼ਤਮ ਕਰਦੇ ਹਨ, ਕੰਮ ਸਮਾਂ ਦਿਹਾੜੀ ਅੱਠ ਘੰਟੇ ਤੋਂ ਵਧਾਕੇ 12 ਘੰਟੇ ਕਰਦੇ ਹਨ।ਇਹਨਾ ਨਾਲ ਕਿਰਤ ਵਿਭਾਗ ਦੇ ਅਧਿਕਾਰੀ ਸਿਰਫ਼ ਸਲਾਹਕਾਰ ਬਣਕੇ ਰਹਿ ਜਾਣਗੇ ਜਿਸਦਾ ਮਾਲਕਾਂ ਨੂੰ ਲਾਭ ਹੋਵੇਗਾ ਅਤੇ ਮਜਦੂਰਾਂ ਨੂੰ ਨੁਕਸਾਨ।
ਆਗੂਆਂ ਨੇ ਕਿਹਾ ਕਿ ਇਹ ਕੋਡ ਕਾਰਪੋਰੇਟਰਾਂ ਵਲੋਂ ਮਜਦੂਰਾਂ ਦੀ ਮਿਹਨਤ ਸ਼ਕਤੀ ਦੀ ਬੇਕਿਰਕ ਲੁੱਟ ਕਰਨ ਲਈ ਲਿਆਂਦੇ ਗਏ ਹਨ। ਆਗੂਆਂ ਨੇ ਲੋਕਾਂ ਨੂੰ ਇਹਨਾਂ ਕੋਡਾਂ ਦਾ ਤਿੱਖਾ ਵਿਰੋਧ ਕਰਨ ਦਾ ਸੱਦਾ ਦਿੱਤਾ।ਆਟੋ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਬੱਸ ਅੱਡੇ ਵਿਚ ਆਟੋ ਸਟੈਂਡ ਲਈ ਜਗ੍ਹਾ ਮੰਗ ਰਹੇ ਹਨ ਪਰ ਜਿਲਾ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ।