ਥਰਮਲ ਕਲੋਨੀ ਦੇ ਠੇਕਾ ਮੁਲਾਜ਼ਮਾਂ ਨੇ ਆਪਣੇ ਸਾਥੀ ਰਾਮ ਚਰਨ ਨੂੰ ਭਰੇ ਮਨ ਨਾਲ ਕੀਤਾ ਵਿਦਾ
ਨਿੱਜੀਕਰਨ ਦੀਆਂ ਨੀਤੀਆਂ ਕਾਰਨ ਖਾਲੀ ਹੱਥ ਘਰ ਗਿਆ ਠੇਕਾ ਮੁਲਾਜ਼ਮ:-ਆਗੂ
ਅਸ਼ੋਕ ਵਰਮਾ
ਬਠਿੰਡਾ, 3 ਜਨਵਰੀ 2026 : ਪੀਐਸਪੀਸੀਐਲ /ਪੀਐਸ ਟੀਐਲਕੰਟਰੈਕਚੁਅਲ ਯੂਨੀਅਨ
ਦੇ ਆਗੂਆਂ ਦੀ ਅਗਵਾਈ ਵਿੱਚ ਕੀਤੀ ਇੱਕ ਸਾਦੀ ਵਿਦਾਇਗੀ ਪਾਰਟੀ ਉਪਰੰਤ ਠੇਕਾ ਮੁਲਾਜ਼ਮਾਂ ਨੇ ਆਪਣੇ ਸਾਥੀ ਰਾਮ ਚਰਨ ਨੂੰ ਭਰੇ ਮਨ ਨਾਲ ਘਰ ਨੂੰ ਵਿਦਾ ਕੀਤਾ।,ਇਸ ਸਮੇਂ ਹਾਜ਼ਿਰ ਪ੍ਰਧਾਨ ਰਾਮ ਰਤਨ ਲਾਲ ਮਨਦੀਪ ਸਿੰਘ ਰਾਜੇਸ਼ ਕੁਮਾਰ ਮਹਿੰਦਰ ਕੁਮਾਰ ਨੇ ਕਿਹਾ ਕਿ ਸਾਥੀ ਰਾਮ ਚਰਨ ਇੱਕ ਇਮਾਨਦਾਰ ਅਤੇ ਜਥੇਬੰਦੀ ਦੇ ਨਕਸ਼ੇ-ਕਦਮ ਤੇ ਚੱਲਣ ਵਾਲਾ ਸੰਘਰਸ਼ਸ਼ੀਲ ਠੇਕਾ ਮੁਲਾਜ਼ਮ ਹੈ ਜੋ ਬਠਿੰਡਾ ਵਿਖੇ 01 ਦਸੰਬਰ 2012 ਨੂੰ ਅਣਸਕਿਲਡ ਠੇਕਾ ਮੁਲਾਜ਼ਮ ਵਜੋਂ ਥਰਮਲ ਕਲੋਨੀ ਸਿਵਲ ਮੈਨਟੀਨੈਸ ਸੈਲ ਵਿੱਚ ਠੇਕਾ ਪ੍ਰਣਾਲੀ ਤਹਿਤ ਭਰਤੀ ਹੋਇਆ ਸੀ। ਉਹ 60 ਸਾਲ ਦੀ ਉਮਰ ਹੋਣ ਉਪਰੰਤ ਓਹੀ ਅਣਸਕਿਲਡ ਠੇਕਾ ਮੁਲਾਜ਼ਮ ਦੀ ਪੋਸਟ ਤੇ ਸੇਵਾ-ਮੁਕਤ ਹੋਇਆ ਹੈ।
ਆਗੂਆਂ ਨੇ ਕਿਹਾ ਕਿ ਰੰਗ ਬਦਲ-ਬਦਲਕੇ ਆਉਂਦੀਆਂ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਨਿੱਜੀਕਰਨ ਅਤੇ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਸਾਥੀ
ਰਾਮ ਚਰਨ ਅੱਜ 24 ਸਾਲ ਦੀਆਂ ਸਖ਼ਤ ਸੇਵਾਵਾਂ ਦੇਣ ਉਪਰੰਤ ਇੱਕ ਅਣਸਕਿਲਡ ਠੇਕਾ ਮੁਲਾਜ਼ਮ ਵਜੋਂ ਹੀ ਸੇਵਾ-ਮੁਕਤ ਹੋਕੇ ਖਾਲੀ ਹੱਥ ਘਰ ਵਾਪਿਸ ਗਿਆ ਹੈ। ਬੇਸ਼ੱਕ ਸਾਥੀ ਠੇਕਾ ਮੁਲਾਜ਼ਮਾਂ ਨੇ ਆਪਣੇ ਪਿਆਰੇ ਸਾਥੀ ਰਾਮ ਚਰਨ ਨੂੰ ਵਿਦਾਇਗੀ ਸਮੇਂ ਛੋਟੇ-ਛੋਟੇ ਗਿਫਟਾਂ ਨਾਲ਼ ਸਨਮਾਨਿਤ ਕੀਤਾ,ਪਰ ਜੇਕਰ ਸਰਕਾਰਾਂ ਨੇ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਦੀ ਲੋਕਮਾਰੂ ਨੀਤੀ ਨਾ ਲਿਆਂਦੀ ਹੁੰਦੀ ਤਾਂ ਅੱਜ ਸਾਥੀ ਰਾਮ ਚਰਨ ਇੱਕ ਰੈਗੂਲਰ ਮੁਲਾਜ਼ਮ ਵਜੋਂ ਸੇਵਾ-ਮੁਕਤ ਹੋਕੇ ਘਰ ਜਾਣਾ ਸੀ ਅਤੇ ਬਾਕੀ ਰਹਿੰਦੇ ਜੀਵਨ ਵਸੇਰੇ ਲਈ ਪੈਨਸ਼ਨ ਆਦਿ ਹੋਰ ਸਹੂਲਤਾਂ ਵੀ ਮਿਲਣੀਆਂ ਸੀ,ਪਰ ਸਰਕਾਰਾਂ ਦੀਆਂ ਨਿੱਜੀਕਰਨ ਦੀਆਂ ਗਲਤ ਨੀਤੀਆਂ ਕਾਰਨ ਅੱਜ ਸਾਥੀ ਰਾਮ ਚਰਨ ਨੂੰ ਖਾਲੀ ਹੱਥ ਘਰ ਜਾਣਾ ਪਿਆ ਹੈ।ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਮੂਹ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕੀਤਾ ਜਾਵੇ ਅਤੇ ਸਮੂਹ ਸਰਕਾਰੀ ਵਿਭਾਗਾਂ ਵਿੱਚ ਪਿਛਲੇ ਲੰਬੇ ਅਰਸੇ ਤੋਂ ਲਗਾਤਾਰ ਸੇਵਾਵਾਂ ਦੇ ਰਹੇ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਪਹਿਲ ਅਤੇ ਤਰਜ਼ਬੇ ਦੇ ਆਧਾਰ ਤੇ ਵਿਭਾਗਾਂ ਵਿੱਚ ਰੈਗੂਲਰ ਕੀਤਾ ਜਾਵੇ !