ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਨੇ ਹੁਕਮਰਾਨਾਂ ਨੂੰ ਅਸਲੀਅਤ ਤੋਂ ਜਾਣੂ ਕਰਵਾਇਆ: ਪ੍ਰੋ. ਚੰਦੂਮਾਜਰਾ
ਵਿੱਖਰੀ ਹੋਈ ਅਕਾਲੀ ਸ਼ਕਤੀ ਨੂੰ ਇਕੱਠੇ ਹੋਣ ਦੀ ਲੋੜ
ਪਟਿਆਲਾ 18 ਦਸੰਬਰ 2025 - ਅੱਜ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਹਲਕਾ ਸਨੌਰ ਦੇ ਬਲਾਕ ਸੰਮਤੀ ਦੇ ਵੱਖ-ਵੱਖ ਜ਼ੋਨਾਂ ਤੋਂ ਆਪਣੇ ਚਾਰ ਜੇਤੂ ਰਹੇ ਉਮੀਦਵਾਰਾਂ ਨੂੰ ਸਨਮਾਨਿਤ ਕਰਦਿਆਂ ਆਖਿਆ ਕਿ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਆਏ ਚੋਣ ਨਤੀਜਿਆਂ ਨੇ ਸੱਤਾਧਾਰੀਆਂ ਨੂੰ ਅਸਲੀਅਤ ਤੋਂ ਜਾਣੂ ਕਰਵਾਇਆ। ਉਨ੍ਹਾਂ ਆਖਿਆ ਕਿ ਇਨ੍ਹਾਂ ਚੋਣਾਂ ਦੇ ਨਤੀਜੇ ਇਹ ਸਾਬਿਤ ਕਰਦੇ ਹਨ ਕਿ ਪੰਜਾਬ ਦੇ ਲੋਕਾਂ ਨੇ ਆਪ ਪਾਰਟੀ ਦੀ ਸਿਆਸਤ ਨੂੰ ਮੁੱਢੋਂ ਹੀ ਨਿਕਾਰ ਦਿੱਤਾ ਹੈ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਭਾਵੇਂ ਹੁਕਮਰਾਨ ਪਾਰਟੀ ਵੱਲੋਂ ਕਾਗਜ਼ ਦਾਖ਼ਲ ਕਰਵਾਉਣ ਤੋਂ ਲੈਕੇ ਬੈੱਲਟ ਬਾਕਸ ਸ੍ਰਟਰਾਂਗ ਰੂਮਾਂ ਤੱਕ ਲੈਕੇ ਜਾਣ ਸਮੇਂ ਤੱਕ ਕਾਨੂੰਨ ਪ੍ਰਣਾਲੀ ਨੂੰ ਸਿੱਕੇ ਟੰਗਦਿਆਂ ਕੋਈ ਕਸਰ ਬਾਕੀ ਨਹੀਂ ਛੱਡੀ ਗਈ, ਇਸਦੇ ਬਾਵਜੂਦ ਵੀ ਆਏ ਚੋਣ ਨਤੀਜੇ ਆਪ ਪਾਰਟੀ ਦੀ ਨੀਂਦ ਉਡਾਉਣ ਵਾਲੇ ਹਨ।
ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਸੂਬਾ ਸਰਕਾਰ ਦੁਆਰਾ ਸੱਤਾ ਸੰਭਾਲਣ ਤੋਂ ਲੈਕੇ ਹੁਣ ਤੱਕ ਬੋਲੇ ਝੂਠਾਂ ਦਾ ਜਵਾਬ ਪੰਜਾਬ ਦੇ ਲੋਕਾਂ ਨੇ ਇਹਨਾਂ ਚੋਣਾਂ ਰਾਹੀਂ ਦਿੱਤਾ। ਉਨ੍ਹਾਂ ਆਖਿਆ ਇਹਨਾਂ ਨਤੀਜਿਆਂ ਤੋਂ ਇਹ ਸੰਕੇਤ ਮਿਲਦੇ ਹਨ ਕਿ ਸੂਬੇ ਦੇ ਲੋਕ ਆਪ ਪਾਰਟੀ ਨੂੰ ਆ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਪੱਕੇ ਤੌਰ ਉੱਤੇ ਬਾਹਰ ਦਾ ਰਸਤਾ ਦਿਖਾਉਣ ਵਾਲੀ ਮੋਹਰ ਲਗਾ ਚੁੱਕੇ ਹਨ।
ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਨ੍ਹਾਂ ਚੋਣਾਂ ਦੇ ਨਤੀਜੇ ਇਹ ਸਾਬਤ ਕਰਦੇ ਹਨ ਜੇਕਰ ਪੂਰੀਆਂ ਪੰਥਕ ਧਿਰਾਂ ਤੇ ਅਕਾਲੀ ਸਿਆਸਤ ਇੱਕ ਮੰਚ ਤੇ ਆਕੇ ਇਹ ਚੋਣਾਂ ਲੜਦੀ ਤਾਂ ਪੂਰੇ ਪੰਜਾਬ ਵਿੱਚ ਨਤੀਜੇ ਕੁੱਝ ਹੋਰ ਹੀ ਹੋਣੇ ਸਨ। ਇਸ ਦੌਰਾਨ ਉਨ੍ਹਾਂ ਪੰਜਾਬ ਦੀਆਂ ਸਮੁੱਚੀਆਂ ਪੰਥਕ ਧਿਰਾਂ ਅਤੇ ਵਿੱਖਰੀ ਹੋਈ ਅਕਾਲੀ ਸ਼ਕਤੀ ਨੂੰ ਇਕਮੁੱਠ ਹੋਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਆਖਿਆ ਕਿ ਤਰਨਤਾਰਨ ਦੀ ਜ਼ਿਮਨੀ ਚੋਣ ਅਤੇ ਪੰਚਾਇਤ ਸੰਮਤੀ ਚੋਣਾਂ ਤੋਂ ਇਹ ਪ੍ਰਤੱਖ ਹੈ ਕਿ ਜੇਕਰ ਅਕਾਲੀ ਅਤੇ ਪੰਥਕ ਧਿਰਾਂ ਇਕਜੁੱਟ ਹੋਣ ਤਾਂ ਪੰਜਾਬ ਵਿੱਚ ਕੋਈ ਵੀ ਬਾਹਰੀ ਪਾਰਟੀ ਸੂਬੇ ਤੇ ਰਾਜ ਕਰਨ ਬਾਰੇ ਸੋਚ ਵੀ ਨਹੀਂ ਸਕੇਗੀ।
ਅਖੀਰ ਚ ਉਨ੍ਹਾਂ ਵਿਧਾਨ ਸਭਾ ਹਲਕਾ ਸਨੌਰ ਤੋਂ ਬਲਾਕ ਸੰਮਤੀ ਅਤੇ ਜਿਲਾਂ ਪ੍ਰੀਸ਼ਦ ਚੋਣਾਂ ਵਿੱਚ ਜਿੱਤੇ ਹੋਏ ਸਮੁੱਚੇ ਉਮੀਦਵਾਰਾਂ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੰਦਿਆਂ ਧੰਨਵਾਦ ਕੀਤਾ ਉਨ੍ਹਾਂ ਸਾਰੇ ਆਜ਼ਾਦ ਉਮੀਦਵਾਰਾਂ ਦਾ ਜਿਨਾਂ ਸਰਕਾਰ ਦੇ ਜਬਰ ਅਤੇ ਦਬਾਅ ਦੀ ਪਰਵਾਹ ਨੇ ਕਰਦਿਆਂ ਆਜ਼ਾਦ ਚੋਣ ਲੜਨ ਦਾ ਜੇਰਾ ਵਿਖਾਇਆ।
ਇਸ ਮੌਕੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਬਲਾਕ ਸੰਮਤੀ ਚੌਰਾ ਤੋਂ ਜਸਵਿੰਦਰ ਕੌਰ ਪਤਨੀ ਕੁਲਦੀਪ ਸਿੰਘ ਸਰਪੰਚ, ਲਲੀਨਾ ਜੋਨ ਤੋਂ ਪ੍ਰਗਟ ਸਿੰਘ, ਮਹਾਦੀਪੁਰ ਤੋ ਹਰਵਿੰਦਰ ਸਿੰਘ, ਬੁੱਧਮੋਰ ਤੋ ਬੀਬੀ ਲਾਭ ਕੌਰ ਪਤਨੀ ਕਰਮ ਸਿੰਘ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਕੁਲਵਿੰਦਰ ਸਿੰਘ ਭੁਨਰਹੇੜੀ, ਬਲਵਿੰਦਰ ਸਿੰਘ ਕਰਹੇੜੀ, ਗੁਰਦੀਪ ਸਿੰਘ ਸੇਖਪੁਰਾ, ਗੁਰਚਰਨ ਸਿੰਘ ਕੌਲੀ ਪ੍ਰੇਮ ਸਿੰਘ ਸਵਾਇਆ ਵਾਲਾ, ਗੁਰਜੰਟ ਸਿੰਘ ਨੂਰਖੇੜੀਆਂ, ਜਗਜੀਤ ਸਿੰਘ ਡੰਡੋਆ, ਪੂਜਾ ਰਾਣੀ ਕਰਹੇੜੀ, ਤਰਲੋਕ ਸਿੰਘ ਹਾਜ਼ੀਪੁਰ, ਕੈਪਟਨ ਖੁਸ਼ਵੰਤ ਸਿੰਘ ਢਿੱਲੋਂ, ਪਰਮਜੀਤ ਕੌਰ ਖਾਕਟਾਂ, ਭੁਪਿੰਦਰ ਸਿੰਘ ਪਿੰਡ ਚੌਰਾ, ਲਾਡੀ ਬੋਲੜ, ਪੱਪੂ ਡੰਡੋਆ, ਪਰਮਜੀਤ ਬੋਲੜ ਆਦਿ ਮੌਜੂਦ ਸਨ।