ਗੁਰਦਾਸਪੁਰ: ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਦਿੱਤਾ ਫਤਵਾ- ਰਮਨ ਬਹਿਲ
ਗੁਰਦਾਸਪੁਰ ਪੰਚਾਇਤ ਸੰਮਤੀ ਦੇ 21 ਜੋਨਾਂ ਵਿੱਚੋਂ 19 ਅਤੇ ਜਿਲ੍ਹਾ ਪ੍ਰੀਸ਼ਦ ਦੇ 3 ਜੋਨਾਂ ਵਿੱਚ ਆਪ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ
ਰੋਹਿਤ ਗੁਪਤਾ
ਗੁਰਦਾਸਪੁਰ, 18 ਦਸੰਬਰ 2025- ਹਲਕਾ ਇੰਚਾਰਜ ਰਮਨ ਬਹਿਲ ਨੇ ਗੁਰਦਾਸਪੁਰ ਵਾਸੀਆਂ ਦਾ ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵਿੱਚ ਵਿਖਾਏ ਗਏ ਵਿਸ਼ਵਾਸ਼ ਲਈ ਧੰਨਵਾਦ ਕਰਦਿਆ ਕਿਹਾ ਕਿ ਉਹ ਹਲਕਾ ਗੁਰਦਾਸਪੁਰ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਨ ਲਈ 24 ਘੰਟੇ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਹਨ।
ਰਮਨ ਬਹਿਲ ਹਲਕਾ ਇੰਚਾਰਜ ਨੇ ਗੁਰਦਾਸਪੁਰ ਪੰਚਾਇਤ ਸੰਮਤੀ ਦੇ 21 ਜੋਨਾਂ ਵਿੱਚ ਆਮ ਆਦਮੀ ਪਾਰਟੀ 19 ਅਤੇ ਜਿਲ੍ਹਾ ਪ੍ਰੀਸ਼ਦ ਦੇ 3 ਜੋਨਾਂ ਵਿੱਚ ਮਿਲੀ ਜਿੱਤ 'ਤੇ ਮੁਬਾਰਕਬਾਦ ਦਿੰਦਿਆ ਕਿਹਾ ਕਿ 'ਆਪ' ਦੀ ਹੋਈ ਇਤਿਹਾਸਿਕ ਜਿੱਤ ਲਈ ਦਿਨ-ਰਾਤ ਮਿਹਨਤ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਸਾਰੇ ਹੀ ਅਹੁਦੇਦਾਰਾਂ, ਆਗੂਆਂ ਅਤੇ ਹਰ ਵਲੰਟੀਅਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਨ।
ਉਨ੍ਹਾਂ ਕਿਹਾ ਕਿ ਹਲਕਾ ਗੁਰਦਾਸਪੁਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਜੋਨਾਂ ਵਿੱਚ ਮਿਲੀ ਜਿੱਤ ਇਹ ਸਾਬਿਤ ਕਰਦੀ ਹੈ ਕਿ ਲੋਕ ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸੂਬਾ ਸਰਕਾਰ ਦੀਆ ਲੋਕ-ਪੱਖੀ ਨੀਤੀਆਂ ਤੋਂ ਸੰਤੁਸ਼ਟ ਹਨ। ਸੂਬਾ ਵਾਸੀਆਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਨਿਰਵਿਘਨ ਦਿੱਤੀ ਜਾ ਰਹੀ ਹੈ, ਸਿੱਖਿਆ ਕ੍ਰਾਂਤੀ, ਰੁਜ਼ਗਾਰ ਕ੍ਰਾਂਤੀ ਅਤੇ ਮਾਨ ਸਰਕਾਰ ਦੁਆਰਾ ਕੀਤੇ ਜਾ ਰਹੇ ਲੋੋਕ ਪੱਖੀ ਕੰਮਾਂ ਤੋਂ ਸੂਬਾ ਵਾਸੀ ਖ਼ੁਸ਼ ਹਨ।
ਰਮਨ ਬਹਿਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਜੋ ਕੰਮ 70 ਸਾਲਾਂ 'ਚ ਨਹੀਂ ਕਰ ਸਕੀਆਂ, ਉਹ ਕੰਮ ਲੋਕਾਂ ਦੀ ਆਪਣੀ ਸਰਕਾਰ ਨੇ ਸਿਰਫ਼ 4 ਸਾਲਾਂ 'ਚ ਕਰ ਦਿਖਾਏ ਨੇਂ, ਤਾਂ ਹੀ ਲੋਕ ਅੱਜ ਮਾਨ ਸਰਕਾਰ ਦੇ ਨਾਲ ਖੜ੍ਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਉਹ ਹਲਕਾ ਗੁਰਦਾਸਪੁਰ ਦੇ ਸਰਬਪੱਖੀ ਵਿਕਾਸ ਲਈ ਦ੍ਰਿੜ ਸੰਕਲਪ ਹਨ ਅਤੇ ਹੋਰ ਤੇਜ਼ੀ ਨਾਲ ਹਲਕੇ ਦਾ ਚਹੁਪੱਖੀ ਵਿਕਾਸ ਕਰਵਾਉਣਗੇ ਅਤੇ ਲੋਕਾਂ ਦੀਆਂ ਮੁਸ਼ਕਲਾ ਪਹਿਲ ਦੇ ਅਧਾਰ ਤੇ ਹੱਲ ਕੀਤੀਆਂ ਜਾਣਗੀਆਂ।
ਇਸ ਮੌਕੇ ਚੇਅਰਮੈਨ ਭਾਰਤ ਭੂਸ਼ਣ ਸ਼ਰਮਾ, ਹਨੀ ਬਹਿਲ, ਹਲਕਾ ਕੋਆਡੀਨੇਟਰ ਨੀਰਜ ਸਲੋਹਤਰਾ ਅਤੇ ਪਾਰਟੀ ਦੇ ਸੀਨੀਅਰ ਆਗੂ ਅਤੇ ਵਰਕਰ ਮੌਜੂਦ ਸਨ।