ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ 26 ਨਵੰਬਰ ਨੂੰ ਚੰਡੀਗੜ੍ਹ ਵੱਲ ਕੂਚ ਕਰਨ ਦਾ ਐਲਾਨ
ਅਸ਼ੋਕ ਵਰਮਾ
ਮਹਿਲ ਕਲਾਂ, 21 ਨਵੰਬਰ 2025 :ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਮਹਿਲ ਕਲਾਂ ਦੀ ਵਿਸ਼ੇਸ਼ ਮੀਟਿੰਗ ਛੇਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਜੀ ਮਹਿਲ ਕਲਾਂ ਵਿਖੇ ਬਲਾਕ ਪ੍ਰਧਾਨ ਨਾਨਕ ਸਿੰਘ ਅਮਲਾ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਇਤਿਹਾਸਕ ਜੇਤੂ ਦਿੱਲੀ ਕਿਸਾਨ ਦੀ 5ਵੀਂ ਵਰ੍ਹੇ ਗੰਢ 26 ਨਵੰਬਰ 2025 ਮਨਾਉਣ ਲਈ ਕੀਤੀ ਗਈ। ਮੀਟਿੰਗ ਵਿੱਚ ਸੂਬੇ ਦੇ ਪ੍ਧਾਨ ਮਨਜੀਤ ਸਿੰਘ ਧਨੇਰ ਉਚੇਚੇ ਤੌਰ 'ਤੇ ਸ਼ਾਮਲ ਹੋਏ। ਇਸ ਮੌਕੇ ਗੁਰਦੇਵ ਸਿੰਘ ਮਾਂਗੇਵਾਲ ਸੂਬਾ ਆਗੂ, ਜਗਰਾਜ ਸਿੰਘ ਹਰਦਾਸਪੁਰਾ ਜਿਲ੍ਹਾ ਆਗੂ, ਸਤਨਾਮ ਸਿੰਘ ਮੂੰਮ, ਨਾਨਕ ਸਿੰਘ ਅਮਲਾ ਸਿੰਘ ਵਾਲਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਦਿੱਲੀ ਮੋਰਚੇ ਦੇ 5ਵੀਂ ਵਰ੍ਹੇ ਗੰਢ ਨੂੰ ਸਮਰਪਿਤ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਅਤੇ ਪੰਜਾਬ ਸਰਕਾਰ ਨਾਲ ਸਬੰਧਤ ਮੰਗਾਂ ਦਾ ਹੱਲ ਕਰਾਉਣ ਲਈ 26 ਨਵੰਬਰ ਨੂੰ ਚੰਡੀਗੜ੍ਹ ਦੇ 34 ਸੈਕਟਰ ਵਿੱਚ ਵਿਸ਼ਾਲ ਧਰਨਾ ਦਿੱਤਾ ਜਾਵੇਗਾ।
ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਉਸ ਸਮੇਂ ਸੰਯੁਕਤ ਕਿਸਾਨ ਮੋਰਚੇ ਨਾਲ ਵਾਅਦੇ ਕੀਤੇ ਸਨ ਉਨ੍ਹਾਂ ਵਾਅਦਿਆ ਤੋ ਸਰਕਾਰ ਭੱਜ ਰਹੀ ਹੈ। ਜਿਵੇਂ ਸੰਘਰਸ਼ ਦੌਰਾਨ ਕਿਸਾਨਾਂ ਤੇ ਪਾਏ ਕੇਸ ਵਾਪਸ ਕਰਾਉਣ ਕੇਂਦਰ ਸਰਕਾਰ ਨੇ ਫੌਰੀ ਕੇਸ ਵਾਪਸ ਲੈਣ ਦਾ ਵਾਅਦਾ ਕੀਤਾ ਸੀ ਪਰ ਪੰਜ ਸਾਲ ਬੀਤ ਜਾਣ ਦੇ ਬਾਵਜ਼ੂਦ ਅਜੇ ਤੱਕ ਕੇਸ ਵਾਪਸ ਨਹੀਂ ਲਏ ਗਏ। ਬਿਜਲੀ ਸੋਧ ਬਿਲ 2025 ਲਾਗੂ ਕੀਤਾ ਜਾ ਰਿਹਾ ਹੈ।ਜਿਵੇਂ ਸਮਾਰਟ ਮੀਟਰ ਲਾਏ ਜਾ ਰਹੇ ਹਨ ਸਮਾਰਟ ਮੀਟਰਾਂ ਰਾਹੀਂ ਪ੍ਰੀ ਪੇਡ ਸਕੀਮ ਲਾਗੂ ਕਰਕੇ ਪਵਰਕਾਮ ਨੂੰ ਕਾਰਪੋਰੇਟ ਦੇ ਹਵਾਲੇ ਕਰਨ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ ਜੋ ਕਿ ਬਿਜਲੀ ਵਰਤੋਂ ਕਰਨਾ ਗਰੀਬਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗਾ ਅਤੇ ਪੰਜਾਬ ਦੀ ਆਰਥਿਕਤਾ ਤੇ ਬਹੁਤ ਬੁਰਾ ਅਸਰ ਪਵੇਗਾ। ਇਸ ਲਈ ਸਮਾਰਟ ਮੀਟਰਾਂ ਨੂੰ ਲਾਉਣਾ ਤੁਰੰਤ ਬੰਦ ਕਰੇ। ਇਸੇ ਹੀ ਤਰ੍ਹਾਂ ਬਿਜਲੀ ਬੋਰਡ ਦੀਆਂ ਬਠਿੰਡਾ, ਪਟਿਆਲਾ ਥਾਵਾਂ 'ਤੇ ਸੈਂਕੜੇ ਏਕੜ ਜ਼ਮੀਨ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਲਈ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ।
ਗੋਰਾ ਸਿੰਘ ਰਾਏਸਰ, ਕਾਲਾ ਸਿੰਘ ਰਾਏਸਰ, ਸੰਦੀਪ ਸਿੰਘ ਸੋਨੀ ਦੱਧਹੂਰ ਨੇ ਕਿਹਾ ਕਿ ਫ਼ਸਲ ਦੀ ਰਹਿੰਦ ਖੂੰਹਦ ਨੂੰ ਸਾੜਨ ਦਾ ਕਿਸਾਨਾਂ ਸ਼ੌਂਕ ਨਹੀਂ ਗ਼ਰੀਬ ਕਿਸਾਨ ਐਨੀ ਮਹਿੰਗੀ ਮਸ਼ੀਨਰੀ ਨਹੀਂ ਖਰੀਦ ਸਕਦਾ ਅਤੇ ਨਾ ਹੀ ਪੰਜਾਬ ਸਰਕਾਰ ਨੇ ਗ੍ਰੀਨ ਟਰੀਬਿਊਨਲ ਦੀਆਂ ਹਦਾਇਤਾਂ ਅਨੁਸਾਰ ਪ੍ਰਬੰਧ ਕੀਤੇ ਹਨ। ਜੇਕਰ ਮਜ਼ਬੂਰੀ ਵੱਸ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਕਿਸਾਨ ਅੱਗ ਲਾਉਂਦਾ ਹੈ ਪਿਛਲੇ ਸਾਲ ਅੱਗ ਲਾਉਣ ਵਾਲੇ ਕਿਸਾਨਾਂ ਤੋਂ ਨਾਲੇ ਜ਼ੁਰਮਾਨੇ ਭਰਾ ਲਏ ਅਤੇ ਨਾਲੇ ਉਨ੍ਹਾਂ ਤੇ ਕੇਸ ਪਾ ਦਿੱਤੇ ਹਨ। ਇੱਕੋ ਕੇਸ ਵਿੱਚ ਦੋ ਦੋ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ ਜੋ ਕਿ ਗੈਰ ਕਾਨੂੰਨੀ ਹੈ ਅਤੇ ਸਾਰਾਸਰ ਧੱਕਾ ਹੈ ਉਨ੍ਹਾਂ ਦਾ ਜੇ ਹੱਲ ਨਾ ਕੀਤਾ ਗਿਆ ਤਾਂ ਜਥੇਬੰਦੀ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ।
ਇਸ ਸਮੇਂ ਸੱਤਪਾਲ ਸਿੰਘ ਸਹਿਜੜਾ, ਜੱਗਾ ਸਿੰਘ ਮਹਿਲ ਕਲਾਂ ਨੇ ਕਿਹਾ ਕਿ ਸਰਕਾਰਾਂ ਜਿਸ ਤਰ੍ਹਾਂ ਦੇ ਲੋਕ ਵਿਰੋਧੀ ਅਤੇ ਕਾਰਪੋਰੇਟ ਦੇ ਪੱਖੀ ਨੀਤੀਆਂ ਲਾਗੂ ਕਰ ਰਹੀਆਂ ਹਨ ਗਰੀਬ ਤੇ ਮਿਹਨਤਕਸ਼ ਲੋਕਾਂ ਬਹੁਤ ਹੀ ਘਾਤਕ ਹਨ ਉਨ੍ਹਾਂ ਨੂੰ ਰੋਕਣ ਲਈ ਸਮਾਂ ਤਿੱਖੇ ਸੰਘਰਸ਼ਾਂ ਦੀ ਮੰਗ ਕਰਦਾ ਹੈ। ਸੰਘਰਸ਼ ਕਰਨ ਲਈ ਫੰਡਾਂ ਦੀ ਲੋੜ ਪੈਂਦੀ ਹੈ।ਇਸ ਵਾਰ ਹੁਣ ਝੋਨੇ ਦੇ ਘਟੇ ਝਾੜ ਨੇ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਵੱਡੀ ਸੱਟ ਮਾਰੀ ਹੈ ਪਰ ਫੇਰ ਵੀ ਲੋਕ ਵਿਰੋਧੀ ਨੀਤੀਆਂ ਨੂੰ ਮੋੜਾ ਦੇਣ ਲਈ ਪੈਸਿਆਂ ਦੀ ਵੱਡੀ ਲੋੜ ਹੈ ਇਸ ਲਈ ਪਿੰਡ-ਪਿੰਡ ਛਿਮਾਹੀ ਫੰਡ ਦੀ ਮੁਹਿੰਮ ਨੂੰ ਤੇਜ ਕੀਤਾ ਜਾਣਾ ਚਾਹੀਦਾ ਹੈ। ਲੰਬੀ ਚੌੜੀ ਵਿਚਾਰ ਚਰਚਾ ਤੋਂ ਬਾਅਦ ਫ਼ੈਸਲਾ ਹੋਇਆ ਕਿ ਮਹਿਲਕਲਾਂ ਬਲਾਕ ਦੀਆਂ ਸਮੂਹ ਇਕਾਈਆਂ 7 ਵਜੇ ਸਵੇਰੇ ਮਹਿਲਕਲਾਂ ਤੋਂ ਰਵਾਨਾ ਹੋਣਗੀਆਂ। 8 ਵਜੇ ਬਰਨਾਲਾ-ਸੰਗਰੂਰ ਦਾ ਕਾਫ਼ਲਾ ਗੁਰਦੁਆਰਾ ਮਸਤੂਆਣਾ ਸਾਹਿਬ ਤੋਂ ਰਵਾਨਾ ਹੋਵੇਗਾ।