ਕੇਂਦਰੀ ਮੰਤਰੀ ਡਾ. ਵੀਰੇਂਦਰ ਕੁਮਾਰ ਅਤੇ ਗਵਰਨਰ ਕਟਾਰੀਆ ਦੀ ਅਗੁਵਾਈ ਹੇਠ ਨਸ਼ਾ ਮੁਕਤ ਭਾਰਤ ਅਭਿਆਨ ਦੇ 5 ਸਾਲ ਪੂਰੇ ਹੋਣ ਤੇ ਆਯੋਜਿਤ ਸਮਾਗਮ ਵਿੱਚ 10000 ਤੋਂ ਜਿਆਦਾ ਵਿਦਿਆਰਥੀਆਂ ਨੇ ਲਿਆ ਹਿੱਸਾ
ਪੰਜਾਬ 'ਚੋਂ ਨਸ਼ੇ ਨੂੰ ਖਤਮ ਕਰਨਾ ਹੀ ਸਾਡਾ ਮੁੱਡਲਾ ਫਰਜ: ਸੁਖਵਿੰਦਰ ਸਿੰਘ ਬਿੰਦਰਾ
ਲੁਧਿਆਣਾ/ ਅੰਮ੍ਰਿਤਸਰ, 19 ਨਵੰਬਰ 2025- ਕੱਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਡਾ. ਵੀਰੇਂਦਰ ਕੁਮਾਰ ਅਤੇ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਅਤੇ ਸੁਖਵਿੰਦਰ ਸਿੰਘ ਬਿੰਦਰਾ ਦੀ ਅਗੁਵਾਈ ਹੇਠ ਰਾਸ਼ਟਰੀ ਪੱਧਰ ਦੇ ਨਸ਼ਾ ਮੁਕਤ ਭਾਰਤ ਅਭਿਆਨ ਦੇ 5 ਸਾਲ ਪੂਰੇ ਹੋਣ 10000 ਤੋਂ ਜਿਆਦਾ ਵਿਦਿਆਰਥੀਆਂ ਨੇ ਸ਼ਾਮਿਲ ਹੋ ਕੇ ਕਾਮਯਾਬ ਬਣਾਇਆ।
ਸੁਖਵਿੰਦਰ ਸਿੰਘ ਬਿੰਦਰਾ ਮੈਂਬਰ (ਐਨ.ਆਈ.ਐਸ.ਡੀ.) ਅਤੇ ਵਿਸ਼ੇਸ਼ ਮੈਂਬਰ (ਐਨ.ਸੀ.ਸੀ.ਡੀ.ਆਰ.), ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ, (ਭਾਰਤ ਸਰਕਾਰ) ਨੇ ਮਾਨਯੋਗ ਕੈਬਨਿਟ ਮੰਤਰੀ ਡਾ. ਵੀਰੇਂਦਰ ਕੁਮਾਰ, ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਦੀ ਅਗੁਵਾਈ ਹੇਠ 18 ਨਵੰਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਰਾਸ਼ਟਰੀ ਪੱਧਰ ਤੇ ਪੰਜਾਬ ਦੇ ਯੂਥ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿੱਚ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ , ਬੀਐੱਸਐੱਫ ਕਰਮਚਾਰੀਆਂ, ਸਵੈ-ਸਹਾਇਤਾ ਸਮੂਹਾਂ, ਅਧਿਆਤਮਕ ਸੰਗਠਨਾਂ, ਯੁਵਾ ਕਲੱਬਾਂ ਅਤੇ ਗੈਰ-ਸਰਕਾਰੀ ਸੰਗਠਨਾਂ ਸਮੇਤ 10,000 ਤੋਂ ਵੱਧ ਭਾਗੀਦਾਰਾਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਅੰਮ੍ਰਿਤਸਰ ਦੇ ਸਰਕਟ ਹਾਊਸ ਵਿੱਚ ਹੋਏ ਸੰਖੇਪ ਪ੍ਰੋਗਰਾਮ ਵਿੱਚ ਮਾਣਯੋਗ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਡਾ. ਵੀਰੇਂਦਰ ਕੁਮਾਰ ਦਾ ਸ ਸੁਖਵਿੰਦਰ ਸਿੰਘ ਬਿੰਦਰਾ ਅਤੇ ਐੱਨਐੱਮਬੀਏ ਪੰਜਾਬ ਦੀ ਟੀਮ ਵਲੋਂ ਭਰਵਾਂ ਸੁਆਗਤ ਕੀਤਾ ਗਿਆ।
ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੇ ਮਾਨਯੋਗ ਕੈਬਨਿਟ ਮੰਤਰੀ ਡਾ. ਵੀਰੇਂਦਰ ਕੁਮਾਰ ਦੀ ਮੌਜੂਦਗੀ ਅੰਮ੍ਰਿਤਸਰ ਦੇ ਲੋਕਾਂ ਲਈ ਪ੍ਰੇਰਨਾ ਦਾ ਇੱਕ ਵੱਡਾ ਸਰੋਤ ਬਣਿਆ ਅਤੇ ਮਾਨਯੋਗ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਮੁਕਤ ਭਾਰਤ ਅਭਿਆਨ ਦੀ ਦੇਸ਼ ਵਿਆਪੀ ਮੁਹਿੰਮ ਨੂੰ ਹੋਰ ਮਜ਼ਬੂਤੀ ਮਿਲੀ। ਉਹਨਾ ਕਿਹਾ ਕਿ ਨਸ਼ਾ ਪੂਰੇ ਪਰਿਵਾਰ ਦੀ ਜ਼ਿੰਦਗੀ ਬਰਬਾਦ ਕਰ ਦਿੰਦਾ ਹੈ। ਇਹ ਨਸ਼ਾ ਮੁਕਤ ਭਾਰਤ ਅਭਿਆਨ ਨੌਜਵਾਨਾਂ ਨੂੰ ਅੱਗੇ ਵਧਣ ਦਾ ਮੌਕਾ ਦਿੰਦਾ ਹੈ। ਨਸ਼ਾ ਖਤਮ ਕਰਕੇ ਨੌਜਵਾਨਾਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਬਿੰਦਰਾ ਨੇ ਕਿਹਾ ਕਿ ਸਾਡੇ ਮੰਤਰਾਲੇ ਦੀ ਯੋਗ ਅਗਵਾਈ ਹੇਠ ਭਾਰਤ ਨੂੰ ਜਲਦੀ ਹੀ ਨਸ਼ਾ ਮੁਕਤ ਬਣਾਇਆ ਜਾਵੇਗਾ।
ਇਸ ਮੌਕੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਇੱਕ ਵਿਸ਼ੇਸ਼ ਸੁਨੇਹਾ ਪੜ੍ਹ ਕੇ ਸੁਣਾਇਆ ਗਿਆ, ਜਿਸ ਵਿੱਚ ਉਨ੍ਹਾਂ ਨੇ ਸਾਰੇ ਹਿੱਸੇਦਾਰਾਂ ਨੂੰ ਵਧਾਈ ਦਿੱਤੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਨਸ਼ਾ ਮੁਕਤ ਭਾਰਤ ਸਿਰਫ ਸਮੂਹਿਕ ਸੰਕਲਪ, ਨਿਰੰਤਰ ਸਮਾਜਿਕ ਯਤਨਾਂ ਅਤੇ ਹਰੇਕ ਨਾਗਰਿਕ, ਖ਼ਾਸ ਕਰਕੇ ਨੌਜਵਾਨਾਂ ਦੀ ਸਰਗਰਮ ਭਾਗੀਦਾਰੀ ਨਾਲ ਹਾਸਲ ਕੀਤਾ ਜਾ ਸਕਦਾ ਹੈ। ਇਸ ਪ੍ਰੋਗਰਾਮ ਦੌਰਾਨ ਓਲੰਪੀਅਨ, ਮੁਕਾਬਲੇ ਦੇ ਜੇਤੂ, ਮਾਸਟਰ ਵਲੰਟੀਅਰ, ਮੁੜ ਵਸੇਬਾ ਨਸ਼ਾ ਪੀੜ੍ਹਤ ਅਤੇ ਨਸ਼ਾ ਮੁਕਤੀ ਦੇ ਖ਼ੇਤਰ ਸ਼ਾਨਦਾਰ ਯੋਗਦਾਨ ਪਾਉਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ।
ਪੰਜਾਬ ਦੇ ਮਾਣਯੋਗ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਵਲੋਂ ਐੱਨਐੱਮਬੀਏ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਮਾਗਮ ਵਿੱਚ ਚਾਰ ਨਵੀਆਂ ਡਿਜੀਟਲ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ। ਇਸ ਵਿੱਚ ਤਿੰਨ ਪੋਰਟਲ ਅਤੇ ਇੱਕ ਐਪ ਦੀ ਆਰੰਭਤਾ ਸ਼ਾਮਲ ਸੀ।
ਇਸ ਮੌਕੇ 'ਤੇ ਸੰਬੋਧਨ ਕਰਦੇ ਹੋਏ ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਕੇਂਦਰੀ ਮੰਤਰੀ ਨੇ ਨਾਗਰਿਕਾਂ, ਨੌਜਵਾਨਾਂ, ਔਰਤਾਂ, ਵਿੱਦਿਅਕ ਸੰਸਥਾਵਾਂ ਅਤੇ ਅਧਿਆਤਮਕ ਸੰਗਠਨਾਂ ਦੇ ਸਮੂਹਿਕ ਯਤਨਾਂ ਰਾਹੀਂ ਐੱਨਐੱਮਬੀਏ ਨੂੰ ਇੱਕ ਅਸਲ ਲੋਕ ਮੁਹਿੰਮ ਵਿੱਚ ਬਦਲਣ ਦੀ ਸ਼ਲਾਘਾ ਕੀਤੀ। ਕੇਂਦਰੀ ਮੰਤਰੀ ਨੇ ਨਸ਼ਿਆਂ ਦੇ ਖ਼ਾਤਮੇ ਅਤੇ ਇੱਕ ਸਿਹਤਮੰਦ, ਜਾਗਰੂਕ ਅਤੇ ਮਜ਼ਬੂਤ ਭਾਰਤ ਸਿਰਜਣ ਲਈ ਸਰਕਾਰ ਦੀ ਅਟੁੱਟ ਵਚਨਬੱਧਤਾ ਨੂੰ ਦੁਹਰਾਇਆ।
ਇਸ ਪ੍ਰੋਗਰਾਮ ਤੋਂ ਬਾਅਦ ਮਾਨਯੋਗ ਕੇਂਦਰੀ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਿਥੇ ਸ਼੍ਰੋਮਣੀ ਗੁਰੂਦਵਾਰਾ ਕਮੇਟੀ ਨੇ ਕੇਂਦਰੀ ਮੰਤਰੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।
ਬਿੰਦਰਾ ਨੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਵਾਲੇ ਹਰੇਕ ਉਸ ਨਾਗਰਿਕ, ਨੌਜਵਾਨਾਂ, ਔਰਤਾਂ, ਵਿੱਦਿਅਕ ਸੰਸਥਾਵਾਂ ਅਤੇ ਅਧਿਆਤਮਕ ਸੰਗਠਨਾਂ ਜਿਹਨਾਂ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ ਉਹਨਾਂ ਸਭ ਦਾ ਧੰਨਵਾਦ ਕੀਤਾ । ਇਸ ਮੌਕੇ ਸੁਖਵਿੰਦਰ ਬਿੰਦਰਾ ਦੇ ਨਾਲ ਐੱਨਐੱਮਬੀਏ ਪੰਜਾਬ ਦੀ ਟੀਮ ਦੇ ਮੈਂਬਰ ਮਨੋਹਰ ਸਿੰਘ ਰੰਧਾਵਾ ਅਮਨਦੀਪ ਸਿੰਘ ਹਰੀਪੁਰ, ਸਤਿੰਦਰ ਪਾਲ ਹੈਰੀ ਆਹਲੂਵਾਲੀਆ, ਪੁਸ਼ਪਿੰਦਰ ਗੁਰੁ, ਐਡਵੋਕੇਟ ਰਾਹੁਲ, ਡਾ. ਹਰਪ੍ਰੀਤ ਗਰੇਵਾਲ, ਹਰਕੀਰਤ ਸਿੰਘ ਅਰੋੜਾ, ਗੁਰਜੀਤ ਸਿੰਘ ਸੰਧੂ, ਦੀਪਕ ਰਾਜਪੂਤ, ਡਾ. ਰਮਨਦੀਪ ਸਿੰਘ, ਪ੍ਰਵੇਸ਼ ਸ਼ਰਮਾ, ਮੁਨੀਸ਼ ਕੁਮਾਰ, ਗੁਰਜੀਤ ਸਿੰਘ, ਮਨਦੀਪ ਕੁਮਾਰ, ਨਿਤਿਨ ਗਰਗ, ਸੋਨੀਆ ਚੌਹਾਨ , ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕਰਮਜੀਤ ਸਿੰਘ ਅਤੇ ਹੋਰ ਵੀ ਵਲੰਟੀਅਰ ਸਾਥੀ ਹਾਜ਼ਰ ਸਨ।