ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਜੀਵਨ ਅਤੇ ਸਿੱਖਿਆਵਾਂ ਉਤੇ ਸੈਮੀਨਾਰ ਕਰਵਾਇਆ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 10 ਨਵੰਬਰ 2025
ਸਰਕਾਰੀ ਕਾਲਜ ਮਹੈਣ , ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤੇ ਪ੍ਰਿੰਸੀਪਲ ਵਿਨੀਤਾ ਅਨੰਦ ਦੀ ਅਗਵਾਈ ਵਿਚ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਜੀਵਨ ਅਤੇ ਸਿੱਖਿਆਵਾਂ ਉਤੇ ਸੈਮੀਨਾਰ ਕਰਵਾਇਆ ਗਿਆ । ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਮੀਨਾਰ ਵਿਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸ੍ਰੀ ਹਰਮਿੰਦਰ ਸਿੰਘ ਨੰਗਲ , ਸ੍ਰੀ ਹਰਪ੍ਰੀਤ ਸਿੰਘ ਗੰਗੂਵਾਲ ਅਤੇ ਸ੍ਰੀ ਜਸਵੀਰ ਸਿੰਘ ਮਹੈਣ ਬੁਲਾਰੇ ਦੇ ਤੌਰ ਤੇ ਹਾਜ਼ਰ ਹੋਏ। ਉਹਨਾਂ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਜਨਮ ਸ੍ਰੀ ਹਰਗੋਬਿੰਦ ਜੀ ਦੇ ਘਰ ਵਿੱਚ ਮਾਤਾ ਨਾਨਕੀ ਜੀ ਦੀ ਕੁੱਖ ਤੋਂ 1 ਅਪ੍ਰੈਲ 1621 ਈਸਵੀ ਨੂੰ ਅੰਮ੍ਰਿਤਸਰ ਵਿਖੇ ਹੋਇਆ । ਗੁਰੂ ਜੀ ਬਚਪਨ ਤੋਂ ਹੀ ਸੰਤ ਸਰੂਪ, ਅਡੋਲ ਚਿੱਤ, ਗੰਭੀਰ ਤੇ ਨਿਰਭੈ ਸੁਭਾਅ ਦੇ ਮਾਲਕ ਸਨ। ਉਹਨਾਂ ਨੇ ਭਾਈ ਗੁਰਦਾਸ ਤੋਂ ਗੁਰਮੁੱਖੀ, ਹਿੰਦੀ, ਬ੍ਰਿਜ, ਅਰਬੀ, ਫਾਰਸੀ ਅਤੇ ਸੰਸਕ੍ਰਿਤ ਆਦਿ ਭਾਸ਼ਾਵਾਂ ਤੇ ਭਾਰਤੀ ਵੇਦ ਅਤੇ ਪੁਰਾਣਾ ਦੀ ਸਿੱਖਿਆ ਹਾਸਿਲ ਕੀਤੀ, ਬਾਬਾ ਬੁੱਢਾ ਜੀ ਤੋਂ ਤੀਰ ਅੰਦਾਜੀ ਅਤੇ ਘੋੜਸਵਾਰੀ ਸਿੱਖੀ ਅਤੇ ਉਹਨਾਂ ਨੇ ਤਲਵਾਰਬਾਜੀ ਦੀ ਸਿੱਖਿਆ ਆਪਣੇ ਪਿਤਾ ਤੋਂ ਪ੍ਰਾਪਤ ਕੀਤੀ । ਗੁਰੂ ਜੀ ਨੇ ਸੰਨ 1665 ਵਿਚ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜਿਲੇ ਦੀ ਡਾਓਜਰ ਰਾਣੀ ਚੰਪਾ ਤੋਂ 500 ਰੁਪਏ ਦੀ ਅਦਾਇਗੀ ਤੇ ਜਮੀਨ ਖਰੀਦੀ ਜੋ ਕੀਰਤਪੁਰ ਸਾਹਿਬ ਤੋਂ ਲਗਭਗ 6 ਮੀਲ ਦੀ ਦੂਰੀ ਤੇ ਸੀ। ਇਹ ਜਮੀਨ ਲੋਧੀਪੁਰ, ਮੀਆਂਪੁਰ ਅਤੇ ਸਹੋਤੇ ਦੇ ਪਿੰਡਾਂ ਦੀ ਸੀ। ਇੱਥੇ ਮੱਖੋਵਾਲ ਦੇ ਟਿੱਲੇ ਤੇ ਗੁਰੂ ਤੇਗ ਬਹਾਦੁਰ ਜੀ ਨੇ ਇਕ ਸ਼ਹਿਰ ਦੀ ਉਸਾਰੀ ਕਰਵਾਈ। ਇਸ ਸ਼ਹਿਰ ਦਾ ਅਸਲ ਨਾਂ ਚੱਕ ਨਾਨਕੀ ਸੀ ਜੋ ਬਾਅਦ ਵਿੱਚ ਆਨੰਦਪੁਰ ਸਾਹਿਬ ਦੇ ਨਾਂ ਤੇ ਮਸ਼ਹੂਰ ਹੋਇਆ। ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀਆਂ ਰਚਨਾਵਾਂ ਵਿੱਚ 59 ਸ਼ਬਦ, 57 ਸਲੋਕ ਅਤੇ 15 ਰਾਗ ਸ਼ਾਮਿਲ ਹਨ ਅਤੇ ਉਹਨਾਂ ਦੀਆਂ ਲਿਖਤਾਂ ਨੂੰ 782 ਰਚਨਾਵਾਂ ਦਾ ਸਿਹਰਾ ਦਿੱਤਾ ਗਿਆ ਹੈ। ਉਹਨਾਂ ਦੀਆਂ ਰਚਨਾਵਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 219 ਤੋਂ ਲੈ ਕੇ ਪੰਨਾ ਨੰਬਰ 1427 ਤੱਕ ਅੰਕਿਤ ਹਨ। ਗੁਰੂ ਜੀ ਨੇ ਸਮਾਜ ਨੂੰ ਦੂਜਿਆਂ ਦੀ ਭਲਾਈ ਲਈ ਤਿਆਗ ਕਰਨ ਦੀ ਮਿਸ਼ਾਲ ਪੇਸ਼ ਕੀਤੀ। ਉਹਨਾਂ ਨੇ ਦੂਜਿਆਂ ਨੂੰ ਡਰਾਉਣ ਅਤੇ ਦੂਜਿਆਂ ਤੋਂ ਡਰਨ ਦੀ ਮਨਾਹੀ ਕੀਤੀ । ਗੁਰੂ ਜੀ ਨੇ ਸਮਾਨਤਾ, ਭਾਈਚਾਰਾ , ਏਕਤਾ ਅਤੇ ਸਹਿਯੋਗ ਦਾ ਸੰਦੇਸ਼ ਦਿੱਤਾ। ਗੁਰੂ ਜੀ ਨੇ ਦੂਜੇ ਧਰਮਾਂ ਦਾ ਸਤਿਕਾਰ ਅਤੇ ਸਹਿਣਸੀਲਤਾ ਦਾ ਸੰਦੇਸ਼ ਦਿੱਤਾ। ਗੁਰੂ ਜੀ ਨੇ ਨਿਸ਼ਕਾਮ ਸੇਵਾ ਅਤੇ ਮਾਨਵਤਾ ਦੀ ਭਲਾਈ ਲਈ ਕੁਰਬਾਨੀ ਦੇਣ ਦੀ ਸਿੱਖਿਆ ਦਿੱਤੀ । ਇਸ ਮੌਕੇ ਪਿੰਡ ਮਹੈਣ ਦੇ ਪਤਵੰਤੇ ਸੱਜਣ ਸੁਮਨ ਕੁਮਾਰੀ, ਮਨਜੀਤ ਕੌਰ, ਸੁਸਨ ਦੇਵੀ , ਸੁਰਜੀਤ ਕੌਰ , ਦੇਸ ਰਾਜ , ਵੀਰ ਸਿੰਘ , ਦਰਸ਼ਨ ਸਿੰਘ ਅਤੇ ਜਗਤਾਰ ਚੰਦ ਹਾਜ਼ਰ ਸਨ । ਸੈਮੀਨਾਰ ਨੂੰ ਸਫਲ ਬਣਾਉਣ 'ਚ ਡਾ: ਦਿਲਰਾਜ ਕੌਰ , ਪ੍ਰੋ : ਬੋਬੀ , ਪ੍ਰੋ : ਅਮਿਤ ਕੁਮਾਰ ਯਾਦਵ ਅਤੇ ਪ੍ਰੋ : ਸਰਨਦੀਪ ਦਾ ਯੋਗਦਾਨ ਸਲਾਘਾਯੋਗ ਸੀ ।