ਖੁੰਬਾਂ ਦੀ ਕਾਸ਼ਤ ਲਾਹੇਵੰਦ ਕਿੱਤਾ, ਕਿਸਾਨਾਂ ਨੂੰ ਸਹਾਇਕ ਧੰਦੇ ਅਪਣਾਉਣ ਦੀ ਅਪੀਲ
ਸਹਾਇਕ ਧੰਦਿਆਂ ਨੂੰ ਹੁਲਾਰਾ ਦੇਣ ਲਈ ਸਬਸਿਡੀ ਵੀ ਉਪਲਬਧ: ਡਾ. ਰਾਜੇਸ਼ ਕੁਮਾਰ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 10 ਨਵੰਬਰ,2025
ਪੰਜਾਬ ਸਰਕਾਰ ਵੱਲੋਂ ਫ਼ਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਬਾਗਬਾਨੀ ਵਿਭਾਗ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਵਿਖੇ ਕਿਸਾਨਾਂ ਨੂੰ ਖੁੰਬਾਂ ਦੀ ਕਾਸ਼ਤ, ਮਾਰਕੀਟਿੰਗ ਅਤੇ ਮੰਗ ਤੋਂ ਜਾਣੂ ਕਰਵਾਉਣ ਲਈ ਟ੍ਰੇਨਿੰਗ ਪ੍ਰੋਗਰਾਨ ਕਰਵਾਇਆ, ਜਿਸ ਵੁਚ ਕਿਸਾਨਾਂ ਨੇ ਖੁੰਬਾਂ ਦੀ ਕਾਸ਼ਤ ਅਤੇ ਹੋਰ ਅਹਿਮ ਜਾਣਕਾਰੀਆਂ ਹਾਸਲ ਕੀਤੀਆਂ।
ਟ੍ਰੇਨਿੰਗ ਦੌਰਾਨ ਬਾਗਬਾਨੀ ਵਿਭਾਗ ਦੇ। ਸਹਾਇਕ ਡਾਇਰੈਕਟਰ ਡਾ.ਰਾਜੇਸ਼ ਕੁਮਾਰ ਨੇ ਕਿਸਾਨਾਂ ਨੂੰ ਦੱਸਿਆ ਕਿ ਖੇਤੀ ਵਿਭਿੰਨਤਾ ਵਿੱਚ ਬਾਗਬਾਨੀ ਫਸਲਾਂ ਦੀ ਅਹਿਮ ਭੂਮਿਕਾ ਹੈ ਅਤੇ ਇਨ੍ਹਾਂ ਫਸਲਾਂ ਦੀ ਕਾਸ਼ਤ ਕਰਕੇ ਵਧੀਆ ਆਮਦਨ ਯਕੀਨੀ ਬਣਾਈ ਜਾ ਸਕਦੀ ਹੈ । ਉਨ੍ਹਾਂ ਕਿਹਾ ਕਿ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ ਵਿਭਾਗ ਵਲੋਂ ਵੱਖ-ਵੱਖ ਕਿਸਾਨਾਂ ਨੂੰ ਸਕੀਮਾਂ ਉੱਤੇ ਸਬਸਿਡੀ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤੀ ਦੇ ਨਾਲ-ਨਾਲ ਵਧੇਰੇ ਆਮਦਨ ਲੈਣ ਲਈ ਕਿਸਾਨਾਂ ਨੂੰ ਸਹਾਇਕ ਕਿੱਤੇ ਵੀ ਅਪਣਾਉਣੇ ਚਾਹੀਦੇ ਹਨ।
ਸਹਾਇਕ ਡਾਇਰੈਕਟਰ ਡਾ.ਰਾਜੇਸ਼ ਕੁਮਾਰ ਨੇ ਝੁੰਬਾਂ ਦੀ ਕਾਸ਼ਤ ਬਾਰੇ ਦੱਸਿਆ ਕਿ ਖੁੰਬਾਂ ਦੀ ਕਾਸ਼ਤ ਬਹੁਤ ਹੀ ਲਾਭਕਾਰੀ ਕਿੱਤਾ ਹੈ। ਉਨ੍ਹਾਂ ਦੱਸਿਆ ਕਿ ਬਟਨ ਟਾਇਪ ਖੁੰਬ ਦੀ ਕਮਰਸ਼ੀਅਲ ਤੌਰ ‘ਤੇ ਕਾਸ਼ਤ ਕੀਤੀ ਜਾਂਦੀ ਹੈ ਜਿਸਦੀ ਮਾਰਕੀਟ ਵਿੱਚ ਮੰਗ ਬਹੁਤ ਜ਼ਿਆਦਾ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਖੁੰਬਾਂ ਵਿੱਚ ਖੁਰਾਕੀ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਅਤੇ ਇਸ ਤੋਂ ਇਲਾਵਾ ਢੀਂਗਰੀ, ਪਰਾਲੀ ਵਾਲੀ ਖੁੰਬ ਅਤੇ ਮਿਲਕੀ ਖੁੰਬ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਖੁੰਬਾਂ ਦੀ ਕਾਸ਼ਤ ਸਰਦ ਰੁੱਤ ਵਿੱਚ ਹੁੰਦੀ ਹੈ ਜਦਕਿ ਕੰਟਰੋਲ ਤਾਪਮਾਨ ਨਾਲ ਸਾਰਾ ਸਾਲ ਖੁੰਬਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਬਾਗਬਾਨੀ ਵਿਭਾਗ ਵਲੋਂ ਖੁੰਬਾਂ ਦੀ ਕਾਸ਼ਤ ਦੇ ਪ੍ਰੋਜੈਕਟ ਉੱਤੇ 40% ਸਬਸਿਡੀ ਦਿੱਤੀ ਜਾ ਰਹੀ ਹੈ।ਢੀਂਗਰੀ ਖੁੰਬ ਦਾ ਬੀਜ ਬਾਗਬਾਨੀ ਵਿਭਾਗ ਦੇ ਦਫਤਰਾਂ ਵਿੱਚ ਉਪਲੱਬਧ ਹੈ। ਉਹਨਾਂ ਨੇ ਕਿਸਾਨ ਵੀਰਾਂ ਨੂੰ ਵਿਭਾਗ ਦੀਆਂ ਸਕੀਮਾਂ ਸਬੰਧੀ ਜਾਣਕਾਰੀ ਲੈਣ ਲਈ ਅਤੇ ਢੀਂਗਰੀ ਖੁੰਬ ਦੇ ਬੀਜ ਲੈਣ ਲਈ ਬਾਗਬਾਨੀ ਵਿਭਾਗ ਨਾਲ ਤਾਲ-ਮੇਲ ਕਰਨ ਲਈ ਅਪੀਲ ਕੀਤੀ।