ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਕਰਨਗੇ ਵਿਸੇਸ਼ ਸਫਾਈ ਮੁਹਿੰਮ ਦੀ ਸੁਰੂਆਤ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 9 ਨਵੰਬਰ,2025
ਸ੍ਰ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਤੇ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਵੱਲੋਂ 10 ਨਵੰਬਰ ਤੋਂ ਵਿਸੇਸ਼ ਸਫਾਈ ਮੁਹਿੰਮ ਦੀ ਸੁਰੂਆਤ ਕੀਤੀ ਜਾਵੇਗੀ। ਸਵੇਰੇ 7 ਵਜੇ ਸ.ਬੈਂਸ ਆਪਣੇ ਸਹਿਯੋਗੀ ਸਾਥੀਆਂ, ਟੀਮ ਵਰਕਰਾਂ ਅਤੇ ਨਗਰ ਕੋਂਸਲ ਦੇ ਕਰਮਚਾਰੀਆਂ ਦੇ ਨਾਲ ਇਸ ਵਿਆਪਕ ਮੁਹਿੰਮ ਦੀ ਸੁਰੂਆਤ ਖੁੱਦ ਸਫਾਈ ਕਾਰਜਾਂ ਦੀ ਅਗਵਾਈ ਕਰਕੇ ਕਰਨਗੇ। ਉਨ੍ਹਾਂ ਦੇ ਨਾਲ ਨਗਰ ਕੋਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ ਅਤੇ ਸਮੂਹ ਕੋਂਸਲਰ ਤੇ ਸ਼ਹਿਰ ਦੇ ਪਤਵੰਤੇ ਵੀ ਮੋਜੂਦ ਹੋਣਗੇ।
ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਤੋ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਦਾ ਚੱਪਾ ਚੱਪਾ ਲਿਸ਼ਕਾਉਣ ਲਈ 10 ਨਵੰਬਰ ਤੋਂ ਇਹ ਮੁਹਿੰਮ ਚਲਾਈ ਜਾਵੇਗੀ ਜੋ 30 ਨਵੰਬਰ ਤੱਕ ਵਿਆਪਕ ਪੱਧਰ ਤੇ ਨਿਰਵਿਘਨ ਜਾਰੀ ਰਹੇਗੀ। ਇਸ ਮੁਹਿੰਮ ਵਿੱਚ ਸਥਾਨਕ ਲੋਕਾਂ, ਦੁਕਾਨਦਾਰਾਂ ਦਾ ਵੀ ਸਹਿਯੋਗ ਮੰਗਿਆ ਗਿਆ ਹੈ। ਇਸ ਮੁਹਿੰਮ ਵਿੱਚ ਸ਼ਹਿਰ ਦੀਆਂ ਮੁੱਖ ਸੜਕਾਂ, ਗਲੀਆਂ, ਨਾਲੀਆਂ ਦੀ ਸਫਾਈ ਅਤੇ ਗੰਦਗੀ ਮੁਕਤ ਰੱਖਣ ਲਈ ਵਿਸੇਸ਼ ਡਰਾਈਵ ਚਲਾਈ ਜਾਵੇਗੀ ਤੇ ਨਾਲ ਹੀ ਦੁਪਹਿਰ ਨੂੰ ਰੋਗਾਣੂ ਮੁਕਤ ਕਰਨ ਅਤੇ ਫੋਗਿੰਗ ਨਾਲ ਵਾਤਾਵਰਣ ਨੂੰ ਸਵੱਛ ਰੱਖਣ ਦਾ ਉਪਰਾਲਾ ਕੀਤਾ ਜਾਵੇਗਾ। ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਤੇ ਨਿਰੰਤਰ ਪਾਣੀ ਦਾ ਛਿੜਕਾਓ ਅਤੇ ਪੋਦਿਆਂ ਦੀ ਛੰਗਾਈ ਅਤੇ ਸਫਾਈ ਤੇ ਵੀ ਵਿਸੇਸ਼ ਧਿਆਨ ਦਿੱਤਾ ਜਾਵੇਗਾ। ਸ੍ਰ.ਬੈਂਸ ਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਇਕੱਠੇ ਕੀਤੇ ਕੂੜੇ ਦਾ ਢੁਕਵਾ ਪ੍ਰਬੰਧਨ ਕਰਨ ਅਤੇ ਸਿੰਗਲ ਯੂਜ ਪਲਾਸਟਿਕ ਅਤੇ ਡਿਸਪੋਜਲ ਦੀ ਵਰਤੋਂ ਨਾ ਕਰਦੇ ਹੋਏ ਗਿੱਲਾ ਅਤੇ ਸੁੱਕਾ ਕੂੜਾ ਵੱਖੋ ਵੱਖਰਾ ਰੱਖਣ ਲਈ ਵੀ ਅਪੀਲ ਕੀਤੀ ਜਾਵੇਗੀ। ਉਨ੍ਹਾਂ ਵੱਲੋਂ ਸ਼ਹਿਰ ਵਾਸੀਆਂ ਤੋ ਸਹਿਯੋਗ ਮੰਗਦੇ ਹੋਏ ਕਿਹਾ ਗਿਆ ਹੈ ਕਿ ਸ਼ਹੀਦੀ ਸ਼ਤਾਬਦੀ ਸਮਾਗਮਾਂ ਮੌਕੇ ਦੇਸ਼ ਵਿਦੇਸ਼ ਤੋ ਲੱਖਾਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਪਹੁੰਚ ਰਹੀਆਂ ਹਨ, ਉਨ੍ਹਾਂ ਨੂੰ ਸਵੱਛ ਵਾਤਾਵਰਣ ਮੁਹੱਇਆ ਕਰਵਾਉਣਾ ਸਾਡਾ ਫਰਜ਼ ਹੈ। ਸੰਗਤਾਂ ਦੀਆਂ ਭਾਵਨਾਂਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਗੁਰੂ ਨਗਰੀ ਦਾ ਹਰ ਕੋਨਾ ਲਿਸ਼ਕਾਇਆ ਜਾਵੇਗਾ।