ਰਮਨ ਬਹਿਲ ਦੇ ਯਤਨਾਂ ਸਦਕਾ ਸਰਕਾਰੀ ਕਾਲਜ ਨੂੰ ਮਿਲੇ ਹੋਰ ਚਾਰ ਨਵੇਂ ਕੋਰਸ
2026-27 ਸੈਸ਼ਨ ਤੋਂ ਬੀ.ਏ. (ਫਾਈਨ ਆਰਟਸ), ਬੀ.ਏ. (ਮਾਸ ਕਮਿਊਨੀਕੇਸ਼ਨ), ਐਮ.ਏ. ਅੰਗਰੇਜ਼ੀ, ਐਮ.ਐਸ.ਸੀ. ਮੈਥਮੈਟਿਕਸ ਕੋਰਸ ਸ਼ੁਰੂ ਹੋਣਗੇ
ਰੋਹਿਤ ਗੁਪਤਾ
ਗੁਰਦਾਸਪੁਰ , 7 ਨਵਬੰਰ ਰਮਨ ਬਹਿਲ ਹਲਕਾ ਇੰਚਾਰਜ ਵਲੋਂ ਲਗਾਤਾਰ ਹਲਕੇ ਦੇ ਵਿਕਾਸ ਲਈ ਦਿਨ ਰਾਤ ਕਾਰਜ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਵਲੋਂ ਕੀਤੇ ਗਏ ਯਤਨਾਂ ਸਦਕਾ ਸਰਕਾਰੀ ਕਾਲਜ ਗੁਰਦਾਸਪੁਰ ਨੂੰ ਨਵੇਂ ਚਾਰ ਕੋਰਸ ਮਿਲੇ ਹਨ, ਜੋ ਨਵੇਂ ਸੈਸਨ ਵਿੱਚ ਸ਼ੁਰੂ ਹੋਣਗੇ।
ਅੱਜ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਪਹੁੰਚੇ ਹਲਕਾ ਇੰਚਾਰਜ ਰਮਨ ਬਹਿਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਲਗਾਤਾਰ ਸਰਕਾਰੀ ਕਾਲਜ ਦੀ ਹੋਰ ਬਿਹਤਰੀ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਗੁਰਦਾਸਪੁਰ ਦੇ ਸਰਕਾਰੀ ਕਾਲਜ ਨੂੰ ਮੁੜ ਸਿੱਖਿਆ ਦੇ ਖੇਤਰ ਵਿੱਚ ਅੱਗੇ ਲਿਜਾਇਆ ਗਿਆ ਹੈ ਅਤੇ ਉਨ੍ਹਾਂ ਵਲੋਂ ਪਹਿਲਾਂ ਵੀ ਕਾਲਜ ਵਿੱਚ ਚਾਰ ਨਵੇਂ ਕੋਰਸ ਲਿਆਂਦੇ ਗਏ ਸਨ।
ਰਮਨ ਬਹਿਲ ਨੇ ਦੱਸਿਆ ਕਿ ਸਰਕਾਰੀ ਕਾਲਜ ਗੁਰਦਾਸਪੁਰ, ਜੋ ਗੁਰਦਾਸਪੁਰ ਜ਼ਿਲ੍ਹੇ ਵਿੱਚ ਉੱਚ ਸਿੱਖਿਆ ਦਾ ਪ੍ਰਮੁੱਖ ਕੇਂਦਰ ਹੈ, ਆਪਣੀ ਅਕਾਦਮਿਕ ਪ੍ਰਗਤੀ ਨਾਲ ਨਿੱਤ ਨਵੇਂ ਮਾਪਦੰਡ ਸਥਾਪਿਤ ਕਰ ਰਿਹਾ ਹੈ। ਕਾਲਜ ਵਿੱਚ ਪਿਛਲੇ ਸਾਲ ਲਗਭਗ 1500 ਵਿਦਿਆਰਥੀਆਂ ਸੀ, ਹੁਣ ਵਧ ਕੇ 2200 ਵਿਦਿਆਰਥੀਆਂ ਤੱਕ ਪਹੁੰਚ ਗਈ ਹੈ। ਇਹ ਵਾਧਾ ਕਾਲਜ ਵਿੱਚ ਗੁਣਵੱਤਾ, ਵਿਸ਼ਵਾਸ ਅਤੇ ਵਿਦਿਆਰਥੀਆਂ ਦੀ ਵਧਦੀ ਰੁਚੀ ਦਾ ਸਪਸ਼ਟ ਪ੍ਰਤੀਕ ਹੈ।
ਉਨ੍ਹਾਂ ਦੱਸਿਆ ਕਿ ਮੌਜੂਦਾ ਸੈਸ਼ਨ ਵਿੱਚ ਕਾਲਜ ਵਿੱਚ ਚਾਰ ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ । ਜਿਨ੍ਹਾਂ ਵਿੱਚ ਬੀ. ਕਾਮ (ਟੈਕਸ ਪਲੈਨਿੰਗ ਅਤੇ ਮੈਨੇਜਮੈਂਟ),ਐਮ. ਕਾਮ,ਬੀ.ਬੀ.ਏ. (ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ), ਐਮ.ਏ. ਪੰਜਾਬੀ ।
ਇਹ ਸਾਰੇ ਕੋਰਸ ਵਿਦਿਆਰਥੀਆਂ ਦੀ ਅਕਾਦਮਿਕ ਅਤੇ ਪ੍ਰੋਫੈਸ਼ਨਲ ਜ਼ਿੰਦਗੀ ਵਿੱਚ ਨਵੇਂ ਮੌਕੇ ਪੈਦਾ ਕਰਨਗੇ। ਬੀ.ਕਾਮ ਟੈਕਸ ਪਲੈਨਿੰਗ ਅਤੇ ਬੀ.ਬੀ.ਏ. ਵਰਗੇ ਕੋਰਸ ਆਧੁਨਿਕ ਵਪਾਰ ਅਤੇ ਪ੍ਰਬੰਧਕੀ ਵਿਵਸਥਾ ਨਾਲ ਜੁੜੇ ਹੋਏ ਹਨ, ਜਦਕਿ ਐਮ.ਏ. ਪੰਜਾਬੀ ਪੰਜਾਬੀ ਸਾਹਿਤ ਅਤੇ ਸੰਸਕ੍ਰਿਤੀ ਨੂੰ ਅਗਲੀ ਪੀੜ੍ਹੀ ਤੱਕ ਸੰਭਾਲਣ ਦਾ ਮਾਧਿਅਮ ਬਣੇਗਾ।
ਕਾਲਜ ਵੱਲੋਂ 2026-27 ਸੈਸ਼ਨ ਤੋਂ ਚਾਰ ਹੋਰ ਨਵੇਂ ਕੋਰਸਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ । ਜਿਨ੍ਹਾਂ ਵਿੱਚ ਬੀ.ਏ. (ਫਾਈਨ ਆਰਟਸ), ਬੀ.ਏ. (ਮਾਸ ਕਮਿਊਨੀਕੇਸ਼ਨ)
, ਐਮ.ਏ. ਅੰਗਰੇਜ਼ੀ, ਐਮ.ਐਸਸੀ. ਮੈਥਮੈਟਿਕਸ।
ਉਨ੍ਹਾਂ ਦੱਸਿਆ ਕਿ ਇਹ ਸਾਰੇ ਕੋਰਸਾਂ ਲਈ ਪੰਜਾਬ ਸਰਕਾਰ ਵੱਲੋਂ ਮਨਜ਼ੂਰੀ ਪ੍ਰਾਪਤ ਹੋ ਚੁੱਕੀ ਹੈ ਅਤੇ ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨਾਲ ਐਫੀਲੀਏਸ਼ਨ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ। ਇਹ ਕਾਲਜ ਲਈ ਇੱਕ ਵੱਡੀ ਅਕਾਦਮਿਕ ਉਪਲਬਧੀ ਹੈ ਜਿਸ ਨਾਲ ਇਹ ਪੂਰੀ ਤਰ੍ਹਾਂ ਪੋਸਟ ਗ੍ਰੈਜੂਏਟ ਕਾਲਜ ਬਣ ਜਾਵੇਗਾ।
ਕਾਲਜ ਵਿੱਚ ਹੁਣ ਇੱਕ ਨਵੀਂ ਸਕਿਲ ਡਿਵੈਲਪਮੈਂਟ ਲੈਬ ਤਿਆਰ ਕੀਤੀ ਜਾ ਰਹੀ ਹੈ, ਜੋ ਕਿ ਅਗਲੇ ਇੱਕ ਮਹੀਨੇ ਵਿੱਚ ਪੂਰੀ ਤਰ੍ਹਾਂ ਕਾਰਗਰ ਹੋ ਜਾਵੇਗੀ। ਇਸ ਲੈਬ ਲਈ ਲੋੜੀਂਦਾ ਸਾਜੋ-ਸਮਾਨ ਕਾਲਜ ਵੱਲੋਂ ਪ੍ਰਾਪਤ ਕਰ ਲਿਆ ਗਿਆ ਹੈ। ਇਹ ਲੈਬ ਵਿਦਿਆਰਥੀਆਂ ਨੂੰ ਵੱਖ-ਵੱਖ ਰੋਜ਼ਗਾਰ ਕੇਂਦਰਿਤ ਪ੍ਰਸ਼ਿਕਸ਼ਣ, ਡਿਜ਼ੀਟਲ ਸਕਿਲਸ, ਕਮਿਊਨੀਕੇਸ਼ਨ ਅਤੇ ਪ੍ਰੈਜ਼ੇਂਟੇਸ਼ਨ ਸਕਿਲਸ ਵਿੱਚ ਪ੍ਰੈਕਟਿਕਲ ਅਨੁਭਵ ਪ੍ਰਦਾਨ ਕਰੇਗੀ।
ਪ੍ਰਿੰਸੀਪਲ ਪ੍ਰੋ. ਅਸ਼ਵਨੀ ਭੱਲਾ ਨੇ ਰਮਨ ਬਹਿਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਸਰਕਾਰੀ ਕਾਲਜ ਗੁਰਦਾਸਪੁਰ ਨੇ ਨਵੀਂ ਉਚਾਈਆਂ ਨੂੰ ਛੂਹਿਆ ਹੈ ਅਤੇ ਉਹ ਲਗਾਤਾਰ ਵਿਦਿਆਰਥੀ ਨੂੰ ਉੱਚ ਮਿਆਰੀ ਸਿੱਖਿਆ ਪ੍ਰਦਾਨ ਲਈ ਯਤਨਸ਼ੀਲ ਹਨ।
ਇਸ ਤੋਂ ਪਹਿਲਾਂ ਕਾਲਜ ਕੌਂਸਲ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਦੀ ਮੀਟਿੰਗ ਵਿੱਚ ਅਹਿਮ ਫੈਸਲੇ ਸਰਬਸੰਮਤੀ ਨਾਲ ਲਏ ਗਏ। ਸ਼ਹਿਰ ਵਾਸਿਆਂ ਲਈ ਕਾਲਜ ਦਾ ਮੁੱਖ ਗੇਟ ਸੈਰ ਕਰਨ ਲਈ ਸਵੇਰੇ 5:00 ਤੋਂ 8:00 ਵਜੇ ਤੱਕ ਖੋਲਿਆ ਜਾਵੇਗਾ।ਕਾਲਜ ਦਾ ਟੈਂਕੀ - ਗੇਟ ( ਫੁੱਟਬਾਲ ਗਰਾਊਂਡ) ਸ਼ਹਿਰ ਵਾਸੀਆਂ ਦੇ ਸੈਰ ਕਰਨ ਲਈ ਸ਼ਾਮ 3:00 ਵਜੇ ਤੋਂ 6:00 ਵਜੇ ਤੱਕ ਖੋਲਿਆ ਜਾਵੇਗਾ। ਇਸ ਸਮੇਂ ਦੌਰਾਨ ਕਾਲਜ ਕੈਂਪਸ ਵਿੱਚ ਅਨੁਸ਼ਾਸਨ ਅਤੇ ਅਣਸੁਖਾਵੇਂ ਅਨਸਰਾਂ ਤੋਂ ਸੁਰੱਖਿਆਂ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਪੀ.ਸੀ.ਆਰਦੀ ਡਿਊਟੀ ਲਗਾਈ ਜਾਵੇਗੀ।
ਇਸ ਮੌਕੇ ਮੈਂਬਰ ਜੋਗਿੰਦਰ ਸਿੰਘ, ਭਾਰਤ ਭੂਸ਼ਣ, ਸੁਰੇਸ਼ ਚੰਦਰ, ਬਲਵਿੰਦਰ ਸਿੰਘ ਐਮ. ਸੀ., ਹਰਦੀਪ ਸਿੰਘ ਆਦਿ ਮੌਜੂਦ ਸਨ।