ਲੋਕਾਂ ਨੂੰ ਪੀ.ਸੀ. ਐਕਟ ਦੀ ਜਾਣਕਾਰੀ ਹੋਣਾ ਸਮੇਂ ਦੀ ਮੁੱਖ ਲੋੜ: ਹਰਪ੍ਰੀਤ ਸਿੰਘ ਮੰਡੇਰ
ਵਿਜੀਲੈਂਸ ਬਿਊਰੋ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਵਚਨਬੱਧ, ਲੋਕਾਂ ਦਾ ਸਹਿਯੋਗ ਅਤਿ-ਅਹਿਮ
ਜਾਗਰੂਕਤਾ ਨਾਲ ਰਿਸ਼ਵਤਖੋਰੀ, ਮਿਲਾਵਟਖੋਰੀ ਅਤੇ ਘਪਲੇਬਾਜੀ ਨੂੰ ਰੋਕਿਆ ਜਾ ਸਕਦੈ : ਐਸ.ਐਸ.ਪੀ. ਜਲੰਧਰ ਰੇਂਜ
ਭ੍ਰਿਸ਼ਟਾਚਾਰ ਵਿਰੁੱਧ ਐਂਟੀ ਕਰੱਪਸ਼ਨ ਲਾਈਨ 95012-00200, ਟੋਲ ਫਰੀ ਨੰਬਰ 1800-1800-1000 ਜਾਂ ਆਨਲਾਈਨ ਪੋਰਟਲ ’ਤੇ ਦਿੱਤੀ ਜਾ ਸਕਦੀ ਹੈ ਸ਼ਿਕਾਇਤ
ਡੀ.ਏ.ਐਨ. ਕਾਲਜ ਆਫ ਐਜੂਕੇਸ਼ਨ ’ਚ ਕਰਵਾਇਆ ਜਾਗਰੂਕਤਾ ਪ੍ਰੋਗਰਾਮ
ਨਵਾਂਸ਼ਹਿਰ, 28 ਅਕਤੂਬਰ : ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦੀ ਰੋਕਥਾਮ ਲਈ ਰਾਜ ਭਰ ਵਿੱਚ ਮਨਾਏ ਜਾ ਰਹੇ ਵਿਜੀਲੈਂਸ ਜਾਗਰੂਕਤਾ ਹਫਤੇ ਤਹਿਤ ਅੱਜ ਇੱਥੇ ਕਰਵਾਏ ਜਾਗਰੂਕਤਾ ਪ੍ਰੋਗਰਾਮ ਦੌਰਾਨ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਦੇ ਐੱਸ.ਐੱਸ.ਪੀ. ਹਰਪ੍ਰੀਤ ਸਿੰਘ ਮੰਡੇਰ ਨੇ ਸਮਾਜ ਦੀਆਂ ਸਾਰੀਆਂ ਧਿਰਾਂ ਨੂੰ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਰਿਆਂ ਖਾਸਕਰ ਨੌਜਵਾਨਾਂ ਨੂੰ ਪੀ.ਸੀ.ਐਕਟ ਤੋਂ ਚੰਗੀ ਤਰ੍ਹਾਂ ਜਾਣੂ ਹੋਣਾ ਬਹੁਤ ਜਰੂਰੀ ਹੈ ਜਿਸ ਨਾਲ ਰਿਸ਼ਵਤਖੋਰੀ ਨੂੰ ਅਸਰਦਾਰ ਢੰਗ ਨਾਲ ਰੋਕਿਆ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਵਿਰੁੱਧ ਜੰਗ ਨੂੰ ਸਾਂਝੇ ਹੰਭਲਿਆਂ ਨਾਲ ਜਿੱਤਿਆ ਜਾ ਸਕਦਾ ਹੈ।
ਸਥਾਨਕ ਡੀ.ਏ.ਐਨ. ਕਾਲਜ ਆਫ ਐਜੂਕੇਸ਼ਨ ਫਾਰ ਵਿਮੈਨ ਵਿਖੇ ਵਿਜੀਲੈਂਸ ਬਿਊਰੋ ਵੱਲੋਂ “ਚੌਕਸੀ- ਸਾਡੀ ਸਾਂਝੀ ਜਿੰਮੇਵਾਰੀ’’ ਦੇ ਨਾਅਰੇ ਹੇਠ ਕਰਵਾਏ ਜਾਗਰੂਕਤਾ ਪ੍ਰੋਗਰਾਮ ਮੌਕੇ ਬੋਲਦਿਆਂ ਐਸ.ਐਸ.ਪੀ. ਹਰਪ੍ਰੀਤ ਸਿੰਘ ਮੰਡੇਰ ਨੇ ਕਿਹਾ ਕਿ ਭ੍ਰਿਸ਼ਟਾਚਾਰ ਰੋਕੂ ਐਕਟ –1988 (ਪੀ.ਸੀ.ਐਕਟ) ਵੱਖ-ਵੱਖ ਤਰ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਠੱਲ ਪਾਉਣ ਵਿੱਚ ਬਹੁਤ ਕਾਰਗਰ ਹੈ ਜਿਸ ਬਾਰੇ ਸਾਰਿਆਂ ਨੂੰ ਜਾਣੂ ਅਤੇ ਜਾਗਰੂਕ ਹੋਣਾ ਸਮੇਂ ਦੀ ਮੁੱਖ ਮੰਗ ਹੈ।
ਪੀ.ਸੀ.ਐਕਟ ਦੀਆਂ ਵੱਖ-ਵੱਖ ਧਾਰਾਵਾਂ ਦਾ ਜ਼ਿਕਰ ਕਰਦਿਆਂ ਹਰਪ੍ਰੀਤ ਸਿੰਘ ਮੰਡੇਰ ਨੇ ਕਿਹਾ ਕਿ ਜਦੋਂ ਲੋਕ ਇਸ ਐਕਟ ਦੀਆਂ ਧਾਰਾਵਾਂ ਪ੍ਰਤੀ ਜਾਣਕਾਰ ਹੋ ਗਏ ਤਾਂ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਲਈ ਨਾ ਤਾਂ ਮਜ਼ਬੂਰ ਕੀਤਾ ਜਾ ਸਕੇਗਾ ਸਗੋਂ ਉਹ ਰਿਸ਼ਵਤਖੋਰੀ, ਮਿਲਾਵਟਖੋਰੀ ਅਤੇ ਵੱਖ-ਵੱਖ ਪ੍ਰਾਜੈਕਟਾਂ ਅਤੇ ਸਕੀਮਾਂ ਨੂੰ ਲਾਗੂ ਕਰਨ ਵੇਲੇ, ਜੇਕਰ ਕੋਈ ਘਪਲੇਬਾਜੀ ਹੁੰਦੀ ਹੈ ਤਾਂ ਉਸਨੂੰ ਉਜਾਗਰ ਕਰਵਾਕੇ ਬਣਦੀ ਕਾਰਵਾਈ ਅਮਲ ਵਿੱਚ ਲਿਆ ਸਕਣਗੇ। ਉਨ੍ਹਾਂ ਨੇ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਦਫਤਰਾਂ ਵਿੱਚ ਜੇਕਰ ਕੋਈ ਭ੍ਰਿਸ਼ਟ ਕਾਰਵਾਈ ਬਾਰੇ ਪਤਾ ਲੱਗਦਾ ਹੈ ਤਾਂ ਇਸ ਬਾਬਤ ਬਿਨ੍ਹਾਂ ਕਿਸੇ ਝਿਜਕ ਅਤੇ ਦੇਰੀ ਤੋਂ ਵਿਜੀਲੈਂਸ ਬਿਊਰੋ ਨੂੰ ਸੂਚਿਤ ਕੀਤਾ ਜਾਵੇ । ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਲੋਕਾਂ ਖਾਸਕਰ ਨੌਜਵਾਨਾਂ ਦੇ ਸਹਿਯੋਗ ਅਤੇ ਸਰਗਰਮ ਹਿੱਸੇਦਾਰੀ ਨਾਲ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕੀਤਾ ਜਾ ਸਕਦਾ ਹੈ। ਵਿਜੀਲੈਂਸ ਬਿਊਰੋ ਦੀ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਵਚਨਬੱਧਤਾ ਨੂੰ ਦੁਹਰਾਉਂਦਿਆਂ ਐਸ.ਐਸ.ਪੀ ਹਰਪ੍ਰੀਤ ਸਿੰਘ ਮੰਡੇਰ ਨੇ ਕਿਹਾ ਕਿ ਜੇਕਰ ਕੋਈ ਸਰਕਾਰੀ ਮੁਲਾਜ਼ਮ ਰਿਸ਼ਵਤ ਮੰਗਦਾ ਹੈ ਜਾਂ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦਾ ਹੈ ਜਾਂ ਸਰਕਾਰੀ ਕੰਮਾਂ/ਫੰਡਾਂ ਦੀ ਦਰਵਰਤੋਂ ਕਰਦਾ ਹੈ ਤਾਂ ਬਿਊਰੋ ਦੀ ਐਂਟੀ ਕੁੱਰਪਸ਼ਨ ਲਾਈਨ ਦੇ ਨੰਬਰ 95012-00200 ਜਾਂ ਟੋਲ ਫਰੀ ਨੰਬਰ 1800-1800-1000 ’ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਬਿਊਰੋ ਦੇ ਆਨਲਾਈਨ ਪੋਰਟਲ vigilancebureau.punjab.gov.in ਜਾਂ complaint2vb@punjab.gov.in ’ਤੇ ਵੀ ਸ਼ਿਕਾਇਤ ਭੇਜੀ ਜਾ ਸਕਦੀ ਹੈ।
ਵਿਜੀਲੈਂਸ ਬਿਊਰੋ ਦੀਆਂ ਸਰਗਰਮੀਆਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਬਿਊਰੋ ਵੱਲੋਂ ਰਿਸ਼ਵਤਖੋਰੀ ਖਿਲਾਫ ਜੰਗੀ ਪੱਧਰ ’ਤੇ ਕੰਮ ਕਰਦਿਆਂ ਬੀਤੇ ਸਮੇਂ ਦੌਰਾਨ ਰਿਸ਼ਵਤਖੋਰੀ ਵਿਰੁੱਧ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ ਹਨ। ਉਨ੍ਹਾ ਕਿਹਾ ਕਿ ਵਿਜੀਲੈਂਸ ਜਾਗਰੂਕਤਾ ਹਫਤੇ ਦਾ ਮਕਸਦ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਕੇ ਭ੍ਰਿਸ਼ਟਾਚਾਰ ਦੀ ਰੋਕਥਾਮ ਲਈ ਸਰਗਰਮ ਭਾਈਵਾਲ ਬਣਾਉਣਾ ਹੈ।
ਇਸ ਤੋਂ ਪਹਿਲਾਂ ਵਿਜੀਲੈਂਸ ਬਿਊਰੋ ਦੇ ਡੀ.ਐਸ.ਪੀ.ਸਹਾਇਕ ਕਮਿਸ਼ਨਰ ਜਗਦੀਪ ਸਿੰਘ,ਕਾਲਜ ਪ੍ਰਿੰਸੀਪਲ ਕਰੁਨਾ ਓਬਰਾਏ, ਅਸਿਸਟੈਂਟ ਪ੍ਰੌਫੈਸਰ ਰਜਨੀ ਬਾਲਾ, ਵਿਦਿਆਰਥਣਾਂ ਵਿੰਨੀ ਭੁੱਚਰ, ਨਵਰੂਪ ਕੌਰ, ਰਿਤਿਕਾ ਅਤੇ ਆਸ਼ਿਮਾ ਨੇ ਭ੍ਰਿਸ਼ਟਾਚਾਰ ਦੀ ਰੋਕਥਾਮ ਲਈ ਆਪੋ-ਆਪਣੇ ਵਿਚਾਰ ਰੱਖੇ। ਐਸ.ਐਸ.ਪੀ. ਹਰਪ੍ਰੀਤ ਸਿੰਘ ਮੰਡੇਰ ਨੇ ਵਿਦਿਆਰਥੀਣਾਂ ਦਾ ਸਨਮਾਨ ਵੀ ਕੀਤਾ । ਇਸ ਮੌਕੇ ਡੀ.ਐਸ.ਪੀ. ਰਾਜ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ ਅਤੇ ਵਿਦਿਆਰਥੀ ਵੀ ਮੌਜੂਦ ਸਨ।