ਕਿਸਾਨ ਆਗੂ ਤੇ ਕਤਲ ਦਾ ਪਰਚਾ ਦਰਜ ਕਰਨ ਖਿਲਾਫ ਐਸਐਸਪੀ ਦਫਤਰ ਅੱਗੇ ਧਰਨਾ ਦੇਣ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ , 28 ਅਕਤੂਬਰ 2025 : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੰਗਤ ਦੇ ਸੀਨੀਅਰ ਮੀਤ ਪ੍ਰਧਾਨ ਰਾਮ ਸਿੰਘ ਕੋਟਗੁਰੂ ਤੇ ਝੂਠਾ ਕਤਲ ਦਾ ਪਰਚਾ ਦਰਜ ਕਰਨ ਵਿਰੁੱਧ ਕੱਲ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਠਿੰਡਾ ਜ਼ਿਲ੍ਹੇ ਵੱਲੋਂ ਐਸਐਸਪੀ ਦਫਤਰ ਬਠਿੰਡਾ ਅੱਗੇ ਧਰਨਾ ਦਿੱਤਾ ਜਾਵੇਗਾ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਦੱਸਿਆ ਕਿ 26 ਅਕਤੂਬਰ ਨੂੰ ਰਾਮ ਸਿੰਘ ਦੇ ਭਰਾ ਲਛਮਣ ਸਿੰਘ ਦੀ ਨੂੰਹ ਸੁਖਜੀਵਨ ਕੌਰ ਦੀ ਕਿਸੇ ਗੈਰ ਕੁਦਰਤੀ ਕਾਰਨਾਸ਼ ਕਰਕੇ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਮੌਤ ਹੋ ਗਈ ਸੀ ਜਿਸ ਨੇ ਹਸਪਤਾਲ ਵਿੱਚ ਵੀ ਬਿਆਨ ਦਿੱਤੇ ਹਨ ਕਿ ਮੇਰੇ ਬਿਮਾਰ ਹੋਣ ਦਾ ਕਾਰਨ ਮੇਰੇ ਸਹੁਰੇ ਪੇਕਾ ਪਰਿਵਾਰ ਨਹੀਂ ਹੈ ਮੈਂ ਕਿਸੇ ਖਿਲਾਫ ਕਾਰਵਾਈ ਨਹੀਂ ਕਰਾਉਣਾ ਚਾਹੁੰਦੀ ।
ਉਹਨਾਂ ਕਿਹਾ ਕਿ ਸੁਖਜੀਵਨ ਕੌਰ ਦੇ ਪੇਕੇ ਪਰਿਵਾਰ ਦੇ ਝੂਠੇ ਬਿਆਨਾਂ ਤੇ ਪੰਜਾਬ ਸਰਕਾਰ ਨੇ ਜਥੇਬੰਦੀ ਦੇ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਕਿੜ ਕੱਢਣ ਦੀ ਨੀਤੀ ਤੇ ਚਲਦਿਆਂ ਰਾਮ ਸਿੰਘ ਨੂੰ ਝੂਠੇ ਕਤਲ ਕੇਸ ਵਿੱਚ ਨਾਮਜਦ ਕਰ ਦਿੱਤਾ ਹੈ ।ਉਹਨਾਂ ਕਿਹਾ ਕਿ ਜਿਸ ਝੂਠੇ ਬਿਆਨ ਤੇ ਰਾਮ ਸਿੰਘ ,ਉਸ ਦੀ ਪਤਨੀ ਤੇ ਹੋਰਾਂ ਤੇ ਇਹ ਕਹਿ ਕੇ ਪਰਚਾ ਦਰਜ ਕੀਤਾ ਹੈ ਕਿ ਇਹਨਾਂ ਨੇ ਸੁਖਜੀਵਨ ਨੂੰ ਧੱਕੇ ਨਾਲ 10 ਅਕਤੂਬਰ ਨੂੰ ਜਹਿਰ ਦਿੱਤੀ ਹੈ । ਉਸ ਦਿਨ ਰਾਮ ਸਿੰਘ ਫਾਜਿਲਕਾ ਜਿਲੇ ਦੇ ਹੜ ਪੀੜਤ ਇਲਾਕੇ ਵਿੱਚ ਹੜ ਪੀੜਤਾਂ ਨੂੰ ਕੱਪੜੇ ਵੰਡਣ ਗਿਆ ਹੋਇਆ ਸੀ। ਉਹਨਾਂ ਕਿਹਾ ਕਿ ਰਾਮ ਸਿੰਘ ਆਪਣੇ ਭਰਾ ਲਛਮਣ ਸਿੰਘ ਤੋਂ ਅਲੱਗ ਰਹਿੰਦਾ ਹੈ। ਉਸ ਦੇ ਅਲੱਗ ਹੀ ਮੀਟਰ ਲੱਗਿਆ ਹੋਇਆ ਹੈ। ਅਲੱਗ ਹੀ ਖੇਤੀਬਾੜੀ ਦਾ ਕਾਰੋਬਾਰ ਹੈ।