6.5 ਕਰੋੜ ਨਾਲ ਬਦਲੇਗੀ ਹੁਸ਼ਿਆਰਪੁਰ ਦੇ ਪਿੰਡਾਂ ਦੀ ਨੁਹਾਰ : ਵਿਧਾਇਕ ਬ੍ਰਮ ਸ਼ੰਕਰ ਜਿੰਪਾ
-ਬਣਨਗੀਆਂ 38 ਕਿਲੋਮੀਟਰ ਲੰਬੀਆਂ 23 ਸੜਕਾਂ
-ਕਿਹਾ, 2015-16 ਤੋਂ ਅਟਕੀਆਂ ਸੜਕਾਂ ਨੂੰ ਹੁਣ ਮਿਲੀ ਮੰਜ਼ਿਲ, ਹੁਣ ਨਹੀਂ ਰੁਕੇਗਾ ਵਿਕਾਸ
-ਸੜਕਾਂ ਦਾ ਕੰਮ ਹੋਵੇਗਾ ਗੁਣਵੱਤਾਪੂਰਨ, ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ
-ਮੁੱਖ ਮੰਤਰੀ ਦਾ ਕੀਤਾ ਧੰਨਵਾਦ- ਕਿਹਾ, ਢਾਂਚਾਗਤ ਵਿਕਾਸ ਨਵੀਂ ਉਚਾਈਆਂ ’ਤੇ
ਹੁਸ਼ਿਆਰਪੁਰ, 25 ਅਕਤੂਬਰ :
ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਦੇ ਸ਼ਹਿਰੀ ਖੇਤਰ ਦੇ ਨਾਲ-ਨਾਲ ਪਿੰਡਾਂ ਵਿਚ ਵੀ ਵਿਕਾਸ ਕਾਰਜ ਤੇਜ਼ੀ ਨਾਲ ਜਾਰੀ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਵਿਚ 6.5 ਕਰੋੜ ਰੁਪਏ ਦੀ ਲਾਗਤ ਨਾਲ 38 ਕਿਲੋਮੀਟਰ ਲੰਬੀਆਂ 23 ਸੜਕਾਂ ਦਾ ਨਿਰਮਾਣ ਕਾਰਜ ਕੀਤਾ ਜਾ ਰਿਹਾ ਹੈ, ਜਿਸ ਨਾਲ ਵਿਧਾਨ ਸਭਾ ਹਲਕੇ ਦੇ ਗ੍ਰਾਮੀਣ ਕਨੈਕਟਿਵਿਟੀ ਵਿਚ ਵੱਡਾ ਸੁਧਾਰ ਆਵੇਗਾ।
ਵਿਧਾਇਕ ਜਿੰਪਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਦੇ ਕਰੀਬ ਸਾਰੇ ਪਿੰਡਾਂ ਦੀਆਂ ਸੜਕਾਂ ਨੂੰ ਕਵਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਸੜਕਾਂ ਸਾਲ 2015-16 ਤੋਂ ਪੈਂਡਿੰਗ ਸਨ, ਜਿਸ ’ਤੇ ਇਸ ਦੌਰਾਨ ਦੋ ਸਰਕਾਰਾਂ ਬਦਲ ਜਾਣ ਦੇ ਬਾਵਜੂਦ ਕਿਸੇ ਨੇ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਲੋਕਾਂ ਦੀ ਹਰ ਸਮੱਸਿਆ ਦਾ ਧਿਆਨ ਰੱਖ ਕੇ ਉਨ੍ਹਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਕੀਤਾ ਹੈ।
ਵਿਧਾਇਕ ਨੇ ਦੱਸਿਆ ਕਿ ਸੜਕ ਨਿਰਮਾਣ ਤਹਿਤ ਸ਼ਾਮਿਲ ਮੁੱਖ ਸੜਕਾਂ ਵਿਚ ਹੁਸ਼ਿਆਰਪੁਰ-ਊਨਾ ਰੋਡ ਨਾਰਾ ਤੋਂ ਡੱਲੇਵਾਲ ਠਰੋਲੀ, ਹੁਸ਼ਿਆਰਪੁਰ-ਬਹਾਦਰਪੁਰ ਰੋਡ ਤੋਂ ਬੱਸੀ ਗੁਲਾਮ ਹੁਸੈਨ, ਬੱਸੀ ਪੁਰਾਣੀ ਤੋਂ ਐਮ.ਸੀ. ਲਿਮਟ ਤੱਕ, ਨਵੀਂ ਆਬਾਦੀ ਆਦਮਵਾਲ ਤੋਂ ਬਹਾਦਪੁਰ-ਬੱਸੀ ਗੁਲਾਮ ਹੁਸੈਨ ਲਿੰਕ ਰੋਡ, ਸ਼ੇਰਗੜ੍ਹ ਪੁਰਹੀਰਾਂ ਤੋਂ ਢੋਲਣਵਾਲ, ਹੁਸ਼ਿਆਰਪੁਰ ਬਾਈਪਾਸ ਫੇਸ-1 ਤੋਂ ਬਜਵਾੜਾ, ਡੱਲੇਵਾਲ-ਠਰੋਲੀ ਤੋਂ ਪਟਿਆੜੀਆਂ ਵਾਇਆ ਹਾਈ ਸਕੂਲ, ਬੱਸੀ ਦਾਊਦ ਖਾਂ ਤੋਂ ਨਾਰੂ ਨੰਗਲ ਪੁਰਾਣਾ, ਸ਼ੇਰਗੜ੍ਹ ਤੋਂ ਛਾਉਣੀ ਕਲਾਂ, ਹੁਸ਼ਿਆਰਪੁਰ-ਊਨਾ ਰੋਡ ਤੋਂ ਚੱਕ ਸਾਧੂ-ਖੜ੍ਹਕਾਂ ਬੇਸ ਕੈਂਪ, ਗੁੱਜਰ ਬੱਸੀ ਤੋਂ ਐਮ.ਸੀ ਲਿਮਟ ਤੱਕ, ਮੰਨਣ ਤੋਂ ਪਟਿਆੜੀ, ਆਦਮਵਾਲ-ਸ਼ੇਰਪੁਰ ਰੋਡ ਤੋਂ ਬੱਸੀ ਗ਼ੁਲਾਮ ਹੁਸੈਨ, ਹੁਸ਼ਿਆਰਪੁਰ-ਧਰਮਸ਼ਾਲਾ ਤੋਂ ਥੱਥਲ, ਮਾਂਝੀ ਤੋਂ ਨਾਰਾ ਸਕੂਲ ਅਤੇ ਸ਼ਮਸ਼ਾਨਘਾਟ, ਪੁਰਾਣੀ ਬੱਸੀ ਮੰਦਰ ਵਾਲੀ ਗਲ਼ੀ, ਬੱਸੀ ਕਿੱਕਰਾਂ ਤੋਂ ਸਤਿਆਲ, ਬਿਲਾਸਪੁਰ ਬੱਸੀ ਬਾਹੀਆਂ ਵਾਇਆ ਸਿੰਘਪੁਰ ਅਤੇ ਬੱਸੀ ਮੁਸਤਫ਼ਾ ਤੋਂ ਮਹਿਲਾਂਵਾਲੀ ਰੋਡ ਸ਼ਾਮਲ ਹੈ।
ਵਿਧਾਇਕ ਨੇ ਕਿਹਾ ਕਿ ਇਨ੍ਹਾਂ ਸੜਕਾਂ ਦੇ ਪੂਰਾ ਹੋਣ ਨਾਲ ਟ੍ਰੈਫਿਕ ਦਾ ਦਬਾਅ ਘੱਟ ਹੋਵੇਗਾ ਅਤੇ ਪੇਂਡੂ ਹਲਕਿਆਂ ਵਿਚ ਆਰਥਿਕ ਗਤੀਵਿਧੀਆਂ ਨੂੰ ਬੜ੍ਹਾਵਾ ਮਿਲੇਗਾ। ਜਿੰਪਾ ਨੇ ਜਨਤਾ ਨੂੰ ਭਰੋਸਾ ਦਿਵਾਇਆ ਕਿ ਸੜਕਾਂ ਦੇ ਨਿਰਮਾਣ ਕਾਰਜਾਂ ਵਿਚ ਕੋਈ ਵੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਹਰੇਕ ਪ੍ਰੋਜੈਕਟ ਨੂੰ ਗੁਣਵੱਤਾਪੂਰਵਕ ਪੂਰਾ ਕੀਤਾ ਜਾਵੇਗਾ।
ਵਿਧਾਇਕ ਨੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿ ਮਾਨ ਸਰਕਾਰ ਦੀ ਅਗਵਾਈ ਵਿਚ ਪੰਜਾਬ ਦਾ ਢਾਂਚਾਗਤ ਵਿਕਾਸ ਨਵੀਂਆਂ ਉਚਾਈਆਂ ਨੂੰ ਛੂਹ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸ਼ਹਿਰੀ ਵਿਕਾਸ ਦੇ ਨਾਲ-ਨਾਲ ਪਿੰਡਾਂ ਦੇ ਵਿਕਾਸ ਨੂੰ ਵੀ ਪਹਿਲ ਦੇ ਰਹੀ ਹੈ ਅਤੇ ਆਉਣ ਵਾਲੇ ਮਹੀਨਿਆਂ ਵਿਚ ਹਲਕੇ ਵਿਚ ਹੋਰ ਵੀ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ।
ਇਸ ਮੌਕੇ ਅਮਰਜੋਤ ਸੈਣੀ, ਕੁਲਵਿੰਦਰ ਸਿੰਘ ਹੁੰਦਲ, ਪ੍ਰੀਤਪਾਲ, ਤਲਵਿੰਦਰ ਬਿੰਦੀ, ਪਵਨ ਕੁਮਾਰ, ਰਾਜਨ ਸੈਣੀ, ਜਤਿੰਦਰ ਸਰਪੰਚ, ਹਰਵਿੰਦਰ ਠਰੋਲੀ, ਰਵੀ ਡੱਲੇਵਾਲ, ਸਾਧੂ ਰਾਮ, ਰਾਜਿੰਦਰ ਕੁਮਾਰ, ਪਰਿਆਗਦੀਪ, ਗ੍ਰਾਮ ਪੰਚਾਇਤ ਨਾਰਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।