ਹਰਸਿਮਰਤ ਕੌਰ ਬਾਦਲ ਨੇ ਔਰਤਾਂ ਖਿਲਾਫ ਭੱਦੀਆਂ ਤੇ ਅਸ਼ਲੀਲ ਟਿੱਪਣੀਆਂ ਕਰਨ ਲਈ FIR ਦਰਜ ਕਰਨ ਲਈ ਕੌਮੀ ਮਹਿਲਾ ਕਮਿਸ਼ਨ ਨੂੰ ਕੀਤੀ ਅਪੀਲ
ਕੌਮੀ ਮਹਿਲਾ ਕਮਿਸ਼ਨ ਨੂੰ ਦਿੱਤੇ ਮੰਗ ਪੱਤਰ ਵਿਚ ਬਠਿੰਡਾ ਦੇ ਐਮ ਪੀ ਨੇ ਜ਼ੋਰ ਦੇ ਕੇ ਕਿਹਾ ਕਿ ਜਨਤਕ ਤੌਰ ’ਤੇ ਔਰਤਾਂ ਦੇ ਮਾਣ ਸਨਮਾਨ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ
ਚੰਡੀਗੜ੍ਹ, 12 ਮਾਰਚ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੌਮੀ ਮਹਿਲਾ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਔਰਤਾਂ ਖਿਲਾਫ ਕੀਤੀਆਂ ਗਈਆਂ ਬੇਹੱਦ ਇਤਰਾਜ਼ਯੋਗ, ਅਪਮਾਨਜਨਕ ਤੇ ਅਸ਼ਲੀਲ ਟਿੱਪਣੀਆਂ ਦਾ ਨੋਟਿਸ ਲਵੇ ਅਤੇ ਉਹਨਾਂ ਖਿਲਾਫ ਐਫ ਆਈ ਆਰ ਦਰਜ ਕਰਨ ਵਾਸਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਹਦਾਇਤ ਦੇਵੇ।
ਕਮਿਸ਼ਨ ਦੇ ਚੇਅਰਪਰਸਨ ਨੂੰ ਲਿਖੇ ਪੱਤਰ ਵਿਚ ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕਿਵੇਂ ਉਹ ਔਰਤਾਂ ਨੂੰ ਪੀਲਾ ਭੂੰਡ ਅਤੇ ਪਾਕਿਸਤਾਨ ਦਾ ਝੰਡਾ ਕਰਾਰ ਦਿੰਦੇ ਸਨ ਤੇ ਜਿਹੋ ਜਿਹਾ ਸੂਟ ਪਾਇਆ ਹੁੰਦਾ ਸੀ, ਉਸ ਮੁਤਾਬਕ ਟਿੱਪਣੀਆਂ ਕਰਦੇ ਸਨ ਤੇ ਆਪਣੇ ਦੋਸਤਾਂ ਨੂੰ ਝੂਠ ਬੋਲਦੇ ਸਨ ਕਿ ਉਹਨਾਂ ਦਾ ਲੜਕੀ ਨਾਲ ਰਿਸ਼ਤਾ ਹੈ। ਉਹਨਾਂ ਕਿਹਾ ਕਿ ਹੋਰ ਵੀ ਮੰਦਭਾਗੀ ਗੱਲ ਹੈ ਕਿ ਕਾਲਜ ਦਿਨਾਂ ਵਿਚ ਲੜਕੀਆਂ ਵਿਚੋਂ ਇਕ ਜਿਸਨੇ ਉਹਨਾਂ ਨਾਲ ਦੋਸਤੀ ਕਰਨ ਤੋਂ ਨਾਂਹ ਕਰ ਦਿੱਤੀ ਸੀ ਨੂੰ ਕਾਲਜ ਵਿਚ ਉਹਨਾਂ ਦਾ ਸਵਾਗਤ ਕਰਨ ਵਾਸਤੇ ਮਜਬੂਰ ਹੋਣਾ ਪਿਆ ਜਿਥੇ ਉਹ ਮੁੱਖ ਮਹਿਮਾਨ ਵਜੋਂ ਗਏ ਸਨ।
ਸਰਦਾਰਨੀ ਬਾਦਲ ਨੇ ਕਿਹਾ ਕਿ ਜਿਸ ਤਰੀਕੇ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ’ਤੇ ਅਕਾਦਮਿਕ ਭਾਈਚਾਰੇ ਦੇ ਸਾਹਮਣੇ ਅਜਿਹੀਆਂ ਗੱਲਾਂ ਕੀਤੀਆਂ ਗਈਆਂ, ਉਸ ਨਾਲ ਔਰਤਾਂ ਦੇ ਮਾਣ ਸਨਮਾਨ ਨੂੰ ਵੱਡੀ ਠੇਸ ਪਹੁੰਚੀ ਹੈ ਤੇ ਗੁੰਡਾਗਰਦੀ, ਛੇੜਛਾੜ ਤੇ ਔਰਤਾਂ ਪ੍ਰਤੀ ਮੰਦੀ ਸ਼ਬਦਾਵਲੀ ਬੋਲਣ ਨੂੰ ਉਤਸ਼ਾਹ ਮਿਲਿਆ ਹੈ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸੰਵਿਧਾਨਕ ਅਹੁਦੇ ’ਤੇ ਬੈਠੇ ਅਤੇ ਸਰਕਾਰ ਦੇ ਮੁਖੀ ਇਕ ਵਿਅਕਤੀ ਨੂੰ ਅਜਿਹੀਆਂ ਗੱਲਾਂ ਸੋਭਦੀਆਂ ਨਹੀਂ ਹਨ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਭਗਵੰਤ ਮਾਨ ਨੇ ਕਾਲਜ ਵਿਦਿਆਰਥੀਆਂ ਦੇ ਸਾਹਮਣੇ ਅਜਿਹੇ ਅਪਮਾਨਜਨਕ ਸ਼ਬਦ ਵਰਤੇ ਹਨ ਜਿਸ ਤੋਂ ਖ਼ਤਰਨਾਕ ਸੰਦੇਸ਼ ਗਿਆ ਹੈ ਕਿ ਔਰਤਾਂ ਦੇ ਮਾਣ ਸਨਮਾਨ ਤੇ ਪਛਾਣ ਨੂੰ ਸਿਰਫ ਹਾਸੇ ਮਜ਼ਾਕ ਤੇ ਸਸਤੇ ਮਖੌਲ ਵਾਸਤੇ ਘਟਾ ਕੇ ਪੇਸ਼ ਕੀਤਾ ਜਾ ਸਕਦਾ ਹੈ।
ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਇਹ ਜਿਣਸੀ ਛੇੜਛਾੜ (ਧਾਰਾ 74), ਔਰਤ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣ (ਧਾਰਾ 79) ਅਤੇ ਔਰਤ ਨੂੰ ਬੇਪਤ ਕਰਨ ਦਾ ਇਰਾਦਾ ਕਰਨਾ (ਧਾਰਾ 75) ਬੀ ਐਨ ਐਸ ਦੇ ਤਹਿਤ ਕੇਸ ਦਰਜ ਕਰਨ ਦਾ ਸਹੀ ਕੇਸ ਬਣਦਾ ਹੈ। ਉਹਨਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਸੰਵਿਧਾਨ ਦੀ ਧਾਰਾ 14, 15 ਅਤੇ 21 ਦੇ ਤਹਿਤ ਬਿਨਾਂ ਲਿੰਗ ਭੇਦ ਦੇ ਬਰਾਬਰੀ ਦੇ ਦਿੱਤੇ ਅਧਿਕਾਰ ਦੇ ਵੀ ਉਲਟ ਹੈ।
ਸਰਦਾਰਨੀ ਬਾਦਲ ਨੇ ਆਪਣੇ ਪੱਤਰ ਵਿਚ ਇਹ ਵੀ ਕਿਹਾ ਕਿ ਜਨਤਕ ਤੌਰ ’ਤੇ ਔਰਤਾਂ ਦੇ ਮਾਣ ਸਨਮਾਨ ਨਾਲ ਕਿਸੇ ਵੀ ਤਰੀਕੇ ਸਮਝੌਤਾ ਨਹੀਂ ਹੋਣਾ ਚਾਹੀਦਾ ਖਾਸ ਤੌਰ ’ਤੇ ਜਦੋਂ ਬਿਆਨਬਾਜ਼ੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੋਵੇ ਜਿਹਨਾਂ ਦੇ ਮੋਢਿਆਂ ’ਤੇ ਸਰਕਾਰ ਚਲਾਉਣ ਤੇ ਲੀਡਰਸ਼ਿਪ ਦੀ ਜ਼ਿੰਮੇਵਾਰੀ ਹੋਵੇ। ਉਹਨਾਂ ਕਿਹਾ ਕਿ ਮੈਂ ਆਸ ਕਰਦੀ ਹਾਂ ਕਿ ਕੌਮੀ ਮਹਿਲਾ ਕਮਿਸ਼ਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇ ਅਤੇ ਮਾਮਲੇ ਵਿਚ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਦੇ ਹੁਕਮ ਦੇਵੇ।
Click to Follow Babushahi Facebook page →