ਆਦਿਵਾਸੀਆਂ ਅਤੇ ਮਾਓਵਾਦੀ ਇਨਕਲਾਬੀਆਂ ਦੇ ਕਤਲੇਆਮ ਵਿਰੁੱਧ ਜਮਹੂਰੀ ਫਰੰਟ ਵੱਲੋਂ ਜਲੰਧਰ 'ਚ ਕਨਵੈਨਸ਼ਨ ਤੇ ਮੁਜ਼ਾਹਰਾ
ਮੁ਼ਜ਼ਾਹਰੇ ’ਚ ਗੂੰਜੇ ਬੁੱਧੀਜੀਵੀਆਂ, ਜਮਹੂਰੀ ਕਾਰਕੁਨਾਂ ਅਤੇ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਰਿਹਾ ਕਰਨ ਦੇ ਨਾਅਰੇ
ਸੱਤਾ ਕੋਲ ਜਾਬਰ ਤਾਕਤ ਜ਼ਰੂਰ ਹੈ ਪਰ ਅਖ਼ੀਰ ਵਿਚ ਜਿੱਤ ਸੱਚ ਦੀ ਹੋਵੇਗੀ – ਨਦੀਮ ਖ਼ਾਨ
ਜਲੰਧਰ, 7 ਦਸੰਬਰ: ਅੱਜ ਇੱਥੇ ਓਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਵੱਲੋਂ ਆਦਿਵਾਸੀਆਂ ਤੇ ਮਾਓਵਾਦੀ ਇਨਕਲਾਬੀਆਂ ਦੇ ਕਰੂਰ ਕਤਲੇਆਮ ਵਿਰੁੱਧ ਅਤੇ ਜੇਲ੍ਹਾਂ ਵਿਚ ਡੱਕੇ ਬੁੱਧੀਜੀਵੀਆਂ, ਜਮਹੂਰੀ ਕਾਰਕੁਨਾਂ ਅਤੇ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਲਈ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਇਸ ਤੋਂ ਪਹਿਲਾਂ ਦੇਸ਼ਭਗਤ ਯਾਦਗਾਰ ਹਾਲ ਵਿਖੇ ਫਰੰਟ ਦੇ ਕਨਵੀਨਰਾਂ ਡਾ.ਪਰਮਿੰਦਰ ਸਿੰਘ, ਪ੍ਰੋਫੈਸਰ ਏ.ਕੇ.ਮਲੇਰੀ, ਯਸ਼ਪਾਲ ਅਤੇ ਬੂਟਾ ਸਿੰਘ ਮਹਿਮੂਦਪੁਰ ਦੀ ਪ੍ਰਧਾਨਗੀ ਹੇਠ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਸੂਬਾਈ ਕਨਵੈਨਸ਼ਨ ਕੀਤੀ ਗਈ। ਜਿਸ ਵਿਚ ਪੰਜਾਬ ਭਰ ਤੋਂ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ, ਔਰਤਾਂ, ਤਰਕਸ਼ੀਲ, ਜਮਹੂਰੀ ਹੱਕਾਂ ਦੇ ਝੰਡਾਬਰਦਾਰ, ਲੋਕ ਪੱਖੀ ਲੇਖਕ, ਸਾਹਿਤਕਾਰ, ਕਲਾਕਾਰ-ਰੰਗਕਰਮੀ ਪਹੁੰਚੇ। ਇਸ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਨਾਮਵਰ ਕਾਰਕੁਨ ਨਦੀਮ ਖ਼ਾਨ, ਉੱਘੇ ਪੱਤਰਕਾਰ ਪ੍ਰਸ਼ਾਂਤ ਰਾਹੀ , ਕਾਰਕੁਨ ਆਸਿਫ਼ ਇਕਬਾਲ ਤਨਹਾ ਅਤੇ ਜਾਣੀ ਪਹਿਚਾਣੀ ਜਮਹੂਰੀ ਸ਼ਖ਼ਸੀਅਤ ਤੇ ਉੱਘੇ ਨਾਟਕਕਾਰ ਗੁਰਸ਼ਰਨ ਭਾਅ ਜੀ ਦੀ ਧੀ ਡਾ. ਨਵਸ਼ਰਨ ਨੇ ਕਿਹਾ ਕਿ ਭਾਰਤੀ ਰਾਜ ਵੱਲੋਂ ਕਰੂਰ ਕਤਲੇਆਮ, ਜੇਲ੍ਹਬੰਦੀ ਅਤੇ ਝੂਠੇ ਕੇਸਾਂ ਰਾਹੀਂ ਜਮਹੂਰੀ ਤੇ ਮਨੁੱਖੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਵੱਲੋਂ 'ਆਤਮ ਸਮਰਪਣ ਕਰਨ ਜਾਂ ਮਰਨ ਲਈ ਤਿਆਰ ਰਹਿਣ' ਦੇ ਵਾਰ-ਵਾਰ ਐਲਾਨ ਗੰਭੀਰ ਚਿੰਤਾ ਦਾ ਵਿਸ਼ਾ ਹਨ। ਭਾਰਤੀ ਹੁਕਮਰਾਨਾਂ ਵੱਲੋਂ ਬਸਤਰ ਅਤੇ ਹੋਰ ਆਦਿਵਾਸੀ ਖੇਤਰਾਂ ਵਿਚ ਵਿਆਪਕ ਨੀਮ-ਫ਼ੌਜੀ ਅਪਰੇਸ਼ਨਾਂ ਦਾ ਇੱਕੋਇਕ ਮਨੋਰਥ ਦੇਸ਼ ਦੇ ਜਲ-ਜੰਗਲ-ਜ਼ਮੀਨਾਂ ਤੇ ਖਣਿਜ ਭੰਡਾਰ ਵਿਦੇਸ਼ੀ ਤੇ ਦੇਸੀ ਇਜਾਰੇਦਾਰ ਸਰਮਾਏਦਾਰਾਂ ਨੂੰ ਲੁਟਾਉਣਾ ਹੈ। ਸਾਰੇ ਜਮਹੂਰੀ ਤੇ ਮਨੁੱਖੀ ਤਕਾਜ਼ਿਆਂ ਨੂੰ ਤਿਆਗਕੇ ਡਰੋਨਾਂ, ਹੈਲੀਕਾਪਟਰਾਂ ਦੀ ਮਦਦ ਨਾਲ ਬਦਰੇਗ ਕਤਲੇਆਮ ਕਰਕੇ ਮੋਦੀ ਸਰਕਾਰ ਇਹ ਜੰਗਲ-ਪਹਾੜ ਅਜਾਰੇਦਾਰ ਸਰਮਾਏਦਾਰਾਂ ਦੇ ਧਾੜਵੀ ਖਣਨ ਪ੍ਰੋਜੈਕਟਾਂ ਦੇ ਹਵਾਲੇ ਕਰਨ ਲਈ ਬਜ਼ਿੱਦ ਹੈ। ਵੱਡੇ ਕਾਰਪੋਰੇਟਾਂ ਦੀ ਲਾਲਚੀ ਅੱਖ ਪੂਰੇ ਦੇਸ਼ ਦੇ ਖੇਤੀ ਅਤੇ ਖਣਿਜ ਭੰਡਾਰਾਂ ਉੱਪਰ ਹੈ ਅਤੇ ਜੇਕਰ ਭਾਰਤ ਦੇ ਮਿਹਨਤਕਸ਼ ਲੋਕ ਜਾਗਰੂਕ ਹੋ ਕੇ ਇਸ ਹਮਲੇ ਨੂੰ ਠੱਲ ਨਹੀਂ ਪਾਉਂਦੇ ਤਾਂ ਦੇਰ-ਸਵੇਰ ਪੂਰੇ ਭਾਰਤ ਦੇ ਲੋਕ ਇਸ ਖ਼ੂਨੀ ਹਮਲੇ ਦਾ ਨਿਸ਼ਾਨਾ ਬਣਨਗੇ। ਆਦਿਵਾਸੀ ਖੇਤਰਾਂ ਵਿਚ ਫਾਸ਼ੀ ਕਹਿਰ ਢਾਹੁਣ ਦੇ ਇਸ ਸਿਲਸਿਲੇ ਨੇ ਕਾਰਪੋਰੇਟ ਜਗਤ ਦੀ ਸੇਵਾ ਲਈ ਪੰਜਾਬ ਵਰਗੇ ਖੇਤਰਾਂ ਵਿਚ ਵੀ ਲੋਕ ਸੰਘਰਸ਼ਾਂ ਨੂੰ ਇਸੇ ਤਰ੍ਹਾਂ ਦਬਾਉਣਾ ਹੈ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਦੀ ਆਪਣੇ ਹੀ ਲੋਕਾਂ ਵਿਰੁੱਧ ਕਾਰਪੋਰੇਟ ਹਿਤੈਸ਼ੀ ਜੰਗ ਅਤੇ ਆਰਐੱਸਐੱਸ-ਭਾਜਪਾ ਦੀ ਫਿਰਕੂ ਪਾਟਕਪਾਊ ਸਿਆਸਤ ਦਾ ਵਿਰੋਧ ਕਰਨ ਵਾਲੇ ਲੋਕ-ਪੱਖੀ ਬੁੱਧੀਜੀਵੀਆਂ ਤੇ ਜਮਹੂਰੀ ਕਾਰਕੁਨਾਂ ਨੂੰ ਬਿਨਾਂ ਮੁਕੱਦਮਾ ਚਲਾਏ ਜੇਲ੍ਹਾਂ ਵਿੱਚ ਸਾੜਿਆ ਜਾ ਰਿਹਾ ਹੈ ਅਤੇ ਹੋਰ ਲੋਕ ਜਮਹੂਰੀ ਕਾਰਕੁਨਾਂ ਨੂੰ ਜੇਲ੍ਹਾਂ 'ਚ ਡੱਕਣ ਦੀ ਤਿਆਰੀ ਕੀਤੀ ਜਾ ਰਹੀ ਹੈ। ਐਡਵੋਕੇਟ ਸੁਰਿੰਦਰ ਗਾਡਲਿੰਗ, ਕਬੀਰ ਕਲਾ ਮੰਚ ਦੇ ਕਲਾਕਾਰਾਂ, ਉੱਘੇ ਚਿੰਤਕ ਉਮਰ ਖ਼ਾਲਿਦ, ਗੁਲਫ਼ਿਸ਼ਾਂ ਫ਼ਾਤਿਮਾ ਸਮੇਤ ਦਰਜਨਾਂ ਜਮਹੂਰੀ ਲੋਕ ‘ਸ਼ਹਿਰੀ ਨਕਸਲੀ’ ਅਤੇ ਹੋਰ ਝੂਠੇ ਬਿਰਤਾਂਤਾਂ ਦੇ ਆਧਾਰ ’ਤੇ ਜੇਲ੍ਹਾਂ ਵਿਚ ਡੱਕੇ ਹੋਏ ਹਨ। ਅਦਾਲਤਾਂ ਦੀ ਉਦਾਸੀਨਤਾ ਕਾਰਨ ਪੂਰੇ ਦੇਸ਼ ਵਿਚ ਸਜ਼ਾ ਪੂਰੀ ਕਰ ਚੁੱਕੇ ਸੈਂਕੜੇ ਕੈਦੀ ਜੇਲ੍ਹਾਂ ਵਿਚ ਸੜ ਰਹੇ ਹਨ। ਬੁਲਾਰਿਆਂ ਨੇ ਸਮੂਹ ਲੋਕ-ਪੱਖੀ ਬੁੱਧੀਜੀਵੀਆਂ ਅਤੇ ਜਮਹੂਰੀ ਕਾਰਕੁਨਾਂ ਅਤੇ ਪੂਰੇ ਦੇਸ਼ ਵਿਚ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਲਈ ਮਜ਼ਬੂਤ ਜਮਹੂਰੀ ਲਹਿਰ ਖੜ੍ਹੀ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਸੱਤਾ ਕੋਲ ਜਾਬਰ ਤਾਕਤ ਜ਼ਰੂਰ ਹੈ ਪਰ ਅਖ਼ੀਰ ਵਿਚ ਜਿੱਤ ਸੱਚ ਦੀ ਹੋਵੇਗੀ।

ਇਕੱਠ ਵਿਚ ਜਸਵਿੰਦਰ ਫਗਵਾੜਾ ਵੱਲੋਂ ਮਤੇ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਹੱਥ ਖੜ੍ਹੇ ਕਰ ਕੇ ਪ੍ਰਵਾਨਗੀ ਦਿੱਤੀ ਗਈ ਅਤੇ ਮੰਗ ਕੀਤੀ ਗਈ ਕਿ ਆਦਿਵਾਸੀ ਖੇਤਰਾਂ 'ਚ "ਓਪਰੇਸ਼ਨ ਕਗਾਰ" ਸਮੇਤ ਹਰ ਤਰ੍ਹਾਂ ਦੇ ਫ਼ੌਜੀ ਅਪਰੇਸ਼ਨ ਬੰਦ ਕੀਤੇ ਜਾਣ, ਝੂਠੇ ਪੁਲਿਸ ਮੁਕਾਬਲਿਆਂ ਸਮੇਤ ਹਰ ਤਰ੍ਹਾਂ ਦੇ ਜਬਰ-ਜ਼ੁਲਮ ਫੌਰੀ ਰੋਕੇ ਜਾਣ, ਉੱਥੋਂ ਸਾਰੇ ਪੁਲਿਸ ਕੈਂਪ ਹਟਾਏ ਜਾਣ ਅਤੇ ਪੁਲਿਸ ਤੇ ਨੀਮ-ਫ਼ੌਜੀ ਬਲ ਵਾਪਸ ਬੁਲਾਏ ਜਾਣ, ਜਲ਼-ਜੰਗਲ-ਜ਼ਮੀਨ ਤੇ ਖਣਿਜ ਭੰਡਾਰ ਕਾਰਪੋਰੇਟਾਂ ਨੂੰ ਲੁਟਾਉਣੇ ਬੰਦ ਕੀਤੇ ਜਾਣ ਅਤੇ ਲੋਕ ਵਿਰੋਧੀ ਆਰਥਕ ਮਾਡਲ ਰੱਦ ਕੀਤਾ ਜਾਵੇ, ਆਦਿਵਾਸੀਆਂ ਦੇ ਟਾਕਰੇ ਖ਼ਿਲਾਫ਼ ਡਰੋਨਾਂ ਤੇ ਹੈਲੀਕਾਪਟਰਾਂ ਰਾਹੀਂ ਬੰਬਾਰੀ ਬੰਦ ਕੀਤੀ, ਮਜ਼ਦੂਰ ਵਿਰੋਧੀ ਕਿਰਤ ਕੋਡ, ਯੂਏਪੀਏ, ਅਫਸਪਾ ਸਮੇਤ ਸਾਰੇ ਕਾਲੇ ਕਾਨੂੰਨ ਰੱਦ ਕੀਤੇ, ਕੌਮੀ ਜਾਂਚ ਏਜੰਸੀ ਭੰਗ ਕੀਤੀ ਜਾਵੇ, ਦਿੱਲੀ ਹਿੰਸਾ, ਭੀਮਾ-ਕੋਰੇਗਾਓਂ ਆਦਿ ਝੂਠੇ ਸਾਜ਼ਿਸ਼ ਕੇਸ ਬਣਾਕੇ ਜੇਲ੍ਹਾਂ ਵਿਚ ਡੱਕੇ ਬੁੱਧੀਜੀਵੀ ਅਤੇ ਜਮਹੂਰੀ ਹੱਕਾਂ ਦੇ ਕਾਰਕੁਨ ਰਿਹਾਅ ਕੀਤੇ ਜਾਣ, ਬਿਨਾਂ ਮੁਕੱਦਮਾ ਚਲਾਏ ਵਰ੍ਹਿਆਂ ਤੋਂ ਜੇਲੀਂ ਡੱਕੇ ਕਾਰਕੁਨਾਂ ਅਤੇ ਸਜ਼ਾ ਪੂਰੀ ਕਰ ਚੁੱਕੇ ਸਾਰੇ ਹੀ ਕੈਦੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਏ, ਨਿੱਜੀਕਰਨ ਬੰਦ ਕੀਤਾ ਜਾਵੇ ਅਤੇ ਨੌਕਰੀ ਤੋਂ ਮੁਅੱਤਲ ਕੀਤੇ ਰੋਡਵੇਜ਼ ਮੁਲਾਜ਼ਮਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ; ਲੋਕਾਂ ਦਾ ਸੰਘਰਸ਼ ਅਤੇ ਜਥੇਬੰਦੀਆਂ ਬਣਾਉਣ ਦਾ ਦਾ ਬੁਨਿਆਦੀ ਜਮਹੂਰੀ ਹੱਕ ਖੋਹਣ ਲਈ ਹਕੂਮਤੀ ਹਮਲੇ ਬੰਦ ਕੀਤੇ ਜਾਣ। ਮੁੱਖ ਵਕਤਾਵਾਂ ਨੂੰ ਪੁਸਤਕਾਂ ਅਤੇ ਗ਼ਦਰੀ ਗੁਲਾਬ ਕੌਰ ਦਾ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਫਰੰਟ ਦੀ ਸੂਬਾ ਕਮੇਟੀ ਦੇ ਨਾਲ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ, ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਜਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਮੰਚ ‘ਤੇ ਸ਼ੁਸ਼ੋਭਿਤ ਸਨ। ਇਨਕਲਾਬੀ ਗਾਇਕਾਂ ਗੁਰਮੀਤ ਜੱਜ, ਧਰਮਿੰਦਰ ਮਸਾਣੀ ਵੱਲੋਂ ਗੀਤ ਪੇਸ਼ ਕੀਤੇ ਗਏ। ਚਾਹ–ਪਾਣੀ ਦੇ ਲੰਗਰ ਦਾ ਪ੍ਰਬੰਧ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਕੀਤਾ ਗਿਆ।