Big News ਭਾਬੀ ਕਮਲ ਕੌਰ ਕਤਲ ਕਾਂਡ: ਅੰਮ੍ਰਿਤਪਾਲ ਮਹਿਰੋਂ ਨੂੰ ਭਗੌੜਾ ਐਲਾਨਣ ਦੀ ਪ੍ਰਕਿਰਿਆ ਸ਼ੁਰੂ
ਅਸ਼ੋਕ ਵਰਮਾ
ਬਠਿੰਡਾ, 6 ਦਸੰਬਰ 2025 : ਬਠਿੰਡਾ ਜ਼ਿਲ੍ਹੇ ਦੀ ਇੱਕ ਅਦਾਲਤ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ ਭਾਬੀ ਕਮਲ ਕੌਰ ਦੀ ਹੱਤਿਆ ਦੇ ਮਾਮਲੇ ’ਚ ਗ੍ਰਿਫਤਾਰੀ ਤੋਂ ਬਚਣ ਲਈ ਫਰਾਰ ਗਰਮ ਖਿਆਲੀ ਸਿੱਖ ਕਾਰਕੁੰਨ ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਉਸ ਦੇ ਇੱਕ ਸਾਥੀ ਰਣਜੀਤ ਸਿੰਘ ਨੂੰ ਭਗੌੜਾ ਅਪਰਾਧੀ (ਪੀਓ) ਐਲਾਨਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅੰਮ੍ਰਿਤਪਾਲ ਮਹਿਰੋਂ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਲੁਕਿਆ ਹੋਇਆ ਹੈ। ਪੁਲਿਸ ਅਨੁਸਾਰ ਭਾਬੀ ਕਮਲ ਕੌਰ ਦੇ ਕਤਲ ਤੋਂ ਬਾਅਦ ਮਹਿਰੋਂ ਅਤੇ ਰਣਜੀਤ ਸਿੰਘ ਦੋਵੇਂ ਅੰਮ੍ਰਿਤਸਰ ਏਅਰਪੋਰਟ ਰਾਹੀਂ ਯੂਏਈ ਵੱਲ ਫਰਾਰ ਹੋ ਗਏ ਸਨ। ਵੇਰਵਿਆਂ ਅਨੁਸਾਰ ਮਾਮਲੇ ਦੀ ਜਾਂਚ ਨਾਲ ਜੁੜੇ ਪੁਲਿਸ ਅਧਿਕਾਰੀ ਨੇ ਅਦਾਲਤ ਨੂੰ ਜਾਣਕਾਰੀ ਦਿੱਤੀ ਸੀ ਕਿ ਕਤਲ ਕਾਂਡ ’ਚ ਸ਼ਾਮਲ ਮੁਲਜਮ ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਉਸ ਨੂੰ ਭਜਾਉਣ ’ਚ ਸਹਾਇਤਾ ਕਰਨ ਵਾਲਾ ਉਸ ਦਾ ਸਾਥੀ ਰਣਜੀਤ ਸਿੰਘ ਫਰਾਰ ਚੱਲ ਰਹੇ ਹਨ।
ਲੰਘੀ 1 ਦਸੰਬਰ ਨੂੰ ਮਾਮਲੇ ਦੀ ਸੁਣਵਾਈ ਕਰਦਿਆਂ ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟਰੇਟ ਗੁਰਕਿਰਪਾਲ ਸਿੰਘ ਸੇਖੋਂ ਦੇ ਸਾਹਮਣੇ ਆਇਆ ਕਿ ਮੁਲਜ਼ਮਾਂ ਵਿਰੁੱਧ ਜਾਰੀ ਕੀਤੇ ਗਏ ਗੈਰ-ਜ਼ਮਾਨਤੀ ਵਾਰੰਟ ਬਿਨਾਂ ਤਾਮੀਲ ਕੀਤਿਆਂ ਵਾਪਸ ਆ ਗਏ ਹਨ। ਇਸ ਪਿੱਛੋਂ ਬਠਿੰਡਾ ਅਦਾਲਤ ਸੰਤੁਸ਼ਟ ਹੋ ਗਈ ਕਿ ਮੁਲਜ਼ਮ ਗ੍ਰਿਫ਼ਤਾਰੀ ਤੋਂ ਬਚਣ ਲਈ ਜਾਣ ਬੁੱਝ ਕੇ ਭੱਜੇ ਹੋਏ ਹਨ ਅਤੇ ਉਹ ਸਧਾਰਨ ਪ੍ਰਕਿਰਿਆ ਰਾਹੀਂ ਤਲਬ ਨਹੀਂ ਕੀਤੇ ਜਾ ਸਕਦੇ ਹਨ। ਅਦਾਲਤ ਨੇ ਹੁਣ ਨੋਟਿਸ ਜਾਰੀ ਕੀਤਾ ਹੈ ਕਿ ਜੇਕਰ ਉਹ ਪੇਸ਼ ਨਾਂ ਹੋਏ ਤਾਂ ਉਨ੍ਹਾਂ ਨੂੰ ਭਗੌੜਾ ਕਰਾਰ ਦਿੱਤਾ ਜਾ ਸਕਦਾ ਹੈ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 22 ਦਸੰਬਰ ਨੂੰ ਰੱਖੀ ਹੈ। ਦੱਸਣਯੋਗ ਹੈ ਕਿ ਲੰਘੀ 27 ਨਵੰਬਰ ਨੂੰ ਮ੍ਰਿਤਕ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੀ ਮਾਂ ਗਿਰਜਾ ਦੇਵੀ ਵਾਸੀ ਲੁਧਿਆਣਾ ਨੇ ਐਡੀਸ਼ਨਲ ਸੈਸ਼ਨ ਜੱਜ ਰਾਜੀਵ ਕਾਲੜਾ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ ਸੀ ਜੋ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਹੈ।
ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿਹਾ ਕਿ ਗਿਰਜਾ ਦੇਵੀ ਵੱਲੋਂ ਅਦਾਲਤ ਵਿੱਚ ਦਿੱਤੇ ਬਿਆਨ ਨੇ ਕੇਸ ਨੂੰ ਕਾਨੂੰਨੀ ਮਜ਼ਬੂਤੀ ਦਿੱਤੀ ਹੈ। ਜਾਣਕਾਰੀ ਅਨੁਸਾਰ, ਇੱਕ ਹੋਰ ਗਵਾਹ ਨਰੇਸ਼ ਕੁਮਾਰ, ਨੇ ਵੀ ਅਦਾਲਤ ਵਿੱਚ ਆਪਣਾ ਬਿਆਨ ਦਰਜ ਕਰਵਾਇਆ ਸੀ। ਐਸਐਸਪੀ ਬਠਿੰਡਾ ਅਮਨੀਤ ਕੌਂਡਲ ਦਾ ਕਹਿਣਾ ਸੀ ਕਿ ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਇੰਟਰਪੋਲ ਦੀ ਸਹਾਇਤਾ ਨਾਲ ਮੈਹਿਰੋਂ ਦੀ ਯੂਏਈ ਤੋਂ ਹਵਾਲਗੀ ਲਈ ਯਤਨਸ਼ੀਲ ਹਨ। ਸੂਤਰ ਦੱਸਦੇ ਹਨ ਕਿ ਭਗੌੜਾ ਐਲਾਨਣ ਤੋਂ ਬਾਅਦ, ਇੰਟਰਪੋਲ ਨੂੰ ਮਹਿਰੋਂ ਵਿਰੁੱਧ ਕਾਰਵਾਈ ਸੌਖੀ ਹੋ ਜਾਏਗੀ ਜੋ ਕਥਿਤ ਤੌਰ ’ਤੇ ਅਪਰਾਧ ਕਰਨ ਤੋਂ ਬਾਅਦ ਦੁਬਈ ਚਲਾ ਗਿਆ ਸੀ। ਪੁਲਿਸ ਅਨੁਸਾਰ, ਕੰਚਨ ਨੂੰ ਮਹਿਰੋਂ ਅਤੇ ਉਸਦੇ ਦੋ ਨਿਹੰਗ ਸਾਥੀਆਂ ਨੇ ਗਲਾ ਘੁੱਟ ਕੇ ਮਾਰ ਦਿੱਤਾ ਸੀ। ਉਦੋਂ ਇਹ ਕਿਹਾ ਗਿਆ ਸੀ ਕਿ ਇਹ ਕਤਲ ਕੰਚਨ ਦੀਆਂ ਵਿਵਾਦਪੂਰਨ ਸੋਸ਼ਲ ਮੀਡੀਆ ਪੋਸਟਾਂ ਤੋਂ ਪ੍ਰੇਰਿਤ ਸੀ, ਜਿਸ ਨੇ ਕਥਿਤ ਤੌਰ ’ਤੇ ਸਿੱਖ ਭਾਈਚਾਰੇ ਨੂੰ ਨਾਰਾਜ਼ ਕੀਤਾ ਸੀ।
ਅੰਮ੍ਰਿਤਪਾਲ ਮਹਿਰੋਂ ਵਿਦੇਸ਼ ਭੱਜਿਆ
ਅੰਮ੍ਰਿਤਪਾਲ ਸਿੰਘ ਮਹਿਰੋਂ ਕਥਿਤ ਤੌਰ ਤੇ ਵਾਰਦਾਤ ਨੂੰ ਅੰਜਾਮ ਦੇਣ ਬਾਅਦ ਰਣਜੀਤ ਸਿੰਘ ਨਾਲ ਕਾਰ ਤੇ ਅੰਮ੍ਰਿਤਸਰ ਪੁੱਜਾ ਸੀ ਜਿੱਥੋਂ ਉਹ ਹਵਾਈ ਜਹਾਜ ਰਾਹੀਂ ਯੂਏਈ ਉਡਾਰੀ ਮਾਰਨ ’ਚ ਸਫਲ ਹੋ ਗਿਆ। ਬਠਿੰਡਾ ਪੁਲਿਸ ਅਨੁਸਾਰ ਅੰਮ੍ਰਿਤਪਾਲ ਸਿੰਘ ਮਹਿਰੋਂ ਲੁੱਕ ਆਊਟ ਕਾਰਨਰ ਨੋਟਿਸ ਜਾਰੀ ਕਰਨ ਪਿੱਛੋਂ ਪੁਲਿਸ ਵੱਲੋਂ ਹਾਸਲ ਕੀਤੀ ਟ੍ਰੈਵਲ ਹਿਸਟਰੀ ਤੋਂ ਇਹ ਗੱਲ ਸਾਹਮਣੇ ਆਈ ਹੈ।
ਦੋ ਮੁਲਜਮ ਜੇਲ੍ਹ ਵਿੱਚ ਬੰਦ
ਬਠਿੰਡਾ ਪੁਲਿਸ ਨੇ ਸੋਸ਼ਲ ਮੀਡੀਆ ਤੇ ਮਕਬੂਲ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੀ ਹੱਤਿਆ ਮਾਮਲੇ ਵਿੱਚ ਜਸਪ੍ਰੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਮਹਿਰੋਂ ਜਿਲ੍ਹਾ ਮੋਗਾ ਅਤੇ ਨਿਮਰਤਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਹਰੀਕੇ ਪੱਤਣ ਜਿਲ੍ਹਾ ਤਰਨਤਾਰਨ ਨੂੰ ਗ੍ਰਿਫਤਾਰ ਕੀਤਾ ਸੀ ਜੋ ਇਸ ਵਕਤ ਜੇਲ੍ਹ ਵਿੱਚ ਬੰਦ ਹਨ। ਪੁਲਿਸ ਦਾ ਕਹਿਣਾ ਸੀ ਕਿ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦਾ ‘ਕਤਲ’ ਅੰਮ੍ਰਿਤਪਾਲ ਸਿੰਘ ਮਹਿਰੋਂ ਸਮੇਤ ਤਿੰਨਾਂ ਨੇ ਕੀਤਾ ਹੈ। ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਇੱਕ ਵੀਡੀਓ ਜਾਰੀ ਕਰਕੇ ਇਸ ਕਤਲ ਦੀ ਜਿੰਮੇਵਾਰੀ ਲੈਂਦਿਆਂ ਸੋਸ਼ਲ ਮੀਡੀਆ ਤੇ ਇਤਰਾਜਯੋਗ ਰੀਲ੍ਹਾਂ ਤੇ ਲੱਚਰਤਾ ਭਰਪੂਰ ਮਸਾਲਾ ਪਾਉਣ ਵਾਲਿਆਂ ਨੂੰ ਚਿਤਵਾਨੀ ਦਿੱਤੀ ਸੀ।
ਸੁਰਖੀਆਂ ’ਚ ਰਹਿੰਦੀ ਸੀ ਭਾਬੀ
ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਤੇ ਭੱਦੀ ਸ਼ਬਦਾਵਲੀ ਵਾਲੇ ਵੀਡੀਓ ਪਾਉਣ ਕਰਕੇ ਕਮਲ ਕੌਰ ਅਕਸਰ ਸੁਰਖੀਆਂ ਵਿੱਚ ਰਹਿੰਦੀ ਸੀ ਜਿਸ ਕਰਕੇ ਹੀ ਉਸ ਦਾ ਕਤਲ ਕਰਨਾ ਸਾਹਮਣੇ ਆਇਆ ਸੀ। ਉਸਦੀ ਇੰਸਟਗਰਾਮ ਪ੍ਰੋਫਾਈਲ ਤੇ ਕਰੀਬ 4 ਲੱਖ ਫਾਲੋਅਰ ਹਨ ਜਦੋਂਕਿ ਫੇਸਬੁੱਕ ਤੇ ਉਸ ਦੀ ਕੰਚਨ ਕੁਮਾਰੀ ਨਾਮ ਵਾਲੀ ਪ੍ਰੋਫਾਈਲ ਇਸ ਤੋਂ ਵੱਖਰੀ ਹੈ। ਇੰਸਟਗਰਾਮ ਤੇ ਪਾਈਆਂ ਵੀਡੀਓ ਅਤੇ ਕੰਚਨ ਕੁਮਾਰੀ ਦੇ ਫੇਸਬੁੱਕ ਅਕਾਊਂਟ ਤੇ ਪਾਈਆਂ ਫੋਟੋਆਂ ਵੀ ਉਸ ਦੀ ਰੰਗੀਨ ਮਿਜਾਜੀ ਦੀ ਗਵਾਹੀ ਭਰਦੀਆਂ ਹਨ। ਪ੍ਰੀਵਾਰ ਨੇ ਕਦੇ ਲੱਖਾਂ ਲੋਕਾਂ ਦੀ ਚਹੇਤੀ ਰਹੀ ਭਾਬੀ ਕਮਲ ਕੌਰ ਦੀ ਲਾਸ਼ ਲਿਜਾਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਦਾ ਸਸਕਾਰ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਨੂੰ ਕਰਨਾ ਪਿਆ ਸੀ।