ਆਪ ਆਗੂ ਬਲਤੇਜ ਪੰਨੂ ਦਾ ਸੁਨੀਲ ਜਾਖੜ 'ਤੇ ਤਿੱਖਾ ਸ਼ਬਦੀ ਹਮਲਾ
*500 ਕਰੋੜ ਦੇ ਕੇ ਕਾਂਗਰਸ ਦਾ ਮੁੱਖ ਮੰਤਰੀ ਬਣਿਆ ਬੰਦਾ ਵਸੂਲੀ ਵਿੱਚ ਕਿੰਨੇ ਜ਼ੀਰੋ ਲਾਵੇਗਾ, ਸੋਚੋ: ਬਲਤੇਜ ਪੰਨੂ*
*ਕਾਂਗਰਸ ਪ੍ਰਧਾਨ ਹੁੰਦਿਆਂ ਤੁਹਾਨੂੰ ਪਤਾ ਸੀ ਕਿ ਸਾਢੇ ਤਿੰਨ ਸੌ ਕਰੋੜ 'ਚ ਵਿਕੀ ਸੀ ਮੁੱਖ ਮੰਤਰੀ ਦੀ ਕੁਰਸੀ, ਫਿਰ ਚੁੱਪ ਕਿਉਂ ਰਹੇ?*
*ਮਹਿੰਗਾਈ ਕਰਕੇ ਹੁਣ 500 ਕਰੋੜ ਹੋ ਗਿਆ ਕਾਂਗਰਸ 'ਚ ਮੁੱਖ ਮੰਤਰੀ ਬਣਨ ਦਾ ਰੇਟ: ਪੰਨੂ*
ਚੰਡੀਗੜ੍ਹ, 7 ਦਸੰਬਰ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਜਨਰਲ ਸਕੱਤਰ ਬਲਤੇਜ ਪੰਨੂ ਨੇ ਭਾਜਪਾ ਆਗੂ ਅਤੇ ਸਾਬਕਾ ਕਾਂਗਰਸ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ 'ਤੇ ਤਿੱਖਾ ਹਮਲਾ ਬੋਲਿਆ ਹੈ। ਪੰਨੂ ਨੇ ਸਵਾਲ ਚੁੱਕਿਆ ਕਿ ਜਾਖੜ ਹੁਣ ਕਹਿ ਰਹੇ ਹਨ ਕਿ ਕਾਂਗਰਸ ਵਿੱਚ ਸਾਢੇ ਤਿੰਨ ਸੌ ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਦੀ ਕੁਰਸੀ ਵੇਚੀ ਗਈ ਸੀ, ਪਰ ਉਸ ਵੇਲੇ ਉਹ ਆਪ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸਨ, ਤਾਂ ਉਨ੍ਹਾਂ ਨੇ ਉਦੋਂ ਆਵਾਜ਼ ਕਿਉਂ ਨਹੀਂ ਚੁੱਕੀ?
ਪੰਨੂ ਨੇ ਕਿਹਾ ਕਿ ਪਹਿਲਾਂ ਕੱਲ੍ਹ ਨਵਜੋਤ ਕੌਰ ਸਿੱਧੂ ਦਾ ਬਿਆਨ ਆਇਆ ਕਿ ਉਨ੍ਹਾਂ ਕੋਲ ਸੀਐਮ ਦਾ ਚਿਹਰਾ ਬਣਨ ਲਈ 500 ਕਰੋੜ ਰੁਪਏ ਨਹੀਂ ਹਨ। ਇਸ ਤੋਂ ਬਾਅਦ ਅੱਜ ਸੁਨੀਲ ਜਾਖੜ ਸਾਹਿਬ ਦਾ ਬਿਆਨ ਆਇਆ ਕਿ ਕਾਂਗਰਸ ਵਿੱਚ ਸਾਢੇ ਤਿੰਨ ਸੌ ਕਰੋੜ ਰੁਪਏ ਦੇ ਕੇ ਸੀਐਮ ਦੀ ਕੁਰਸੀ ਵੇਚੀ ਗਈ ਸੀ।
ਪੰਨੂ ਨੇ ਤੰਜ਼ ਕਸਦਿਆਂ ਕਿਹਾ ਕਿ ਜਾਖੜ ਸਾਹਿਬ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਕਿਤੋਂ ਪਤਾ ਲੱਗਾ ਸੀ, ਪਰ ਉਹ ਅਜੇ ਵੀ ਸਾਫ਼ ਨਹੀਂ ਕਰ ਰਹੇ ਕਿ ਉਸ ਵੇਲੇ ਉਹ ਆਪ ਕਾਂਗਰਸ ਦੇ ਪ੍ਰਧਾਨ ਸਨ। ਉਨ੍ਹਾਂ ਨੂੰ ਕਿਸੇ ਸੁਣੀ-ਸੁਣਾਈ ਗੱਲ 'ਤੇ ਭਰੋਸਾ ਕਰਨ ਦੀ ਲੋੜ ਨਹੀਂ ਸੀ, ਉਨ੍ਹਾਂ ਨੂੰ ਸਿੱਧੇ ਤੌਰ 'ਤੇ ਪਤਾ ਸੀ ਕਿ ਸਾਢੇ ਤਿੰਨ ਸੌ ਕਰੋੜ ਰੁਪਏ ਵਿੱਚ ਕੁਰਸੀ ਵਿਕੀ ਸੀ। ਇਸੇ ਕਰਕੇ ਉਹ ਇੰਨੇ ਯਕੀਨ ਨਾਲ ਇਹ ਗੱਲ ਕਹਿ ਰਹੇ ਹਨ।
ਪੰਨੂ ਨੇ ਸਿੱਧਾ ਸਵਾਲ ਕਰਦਿਆਂ ਕਿਹਾ ਕਿ ਜਾਖੜ ਸਾਹਿਬ ਸਾਫ਼ ਕਰਨ ਕਿ ਕੀ ਪ੍ਰਧਾਨ ਹੁੰਦਿਆਂ ਉਨ੍ਹਾਂ ਨੂੰ ਇਹ ਸਭ ਪਤਾ ਸੀ? ਕੀ ਇਸੇ ਕਰਕੇ ਉਨ੍ਹਾਂ ਦੀ ਵਾਰੀ ਨਹੀਂ ਆਈ ਕਿਉਂਕਿ ਉਸ ਵੇਲੇ ਸਾਢੇ ਤਿੰਨ ਸੌ ਕਰੋੜ ਵਿੱਚ ਕੁਰਸੀ ਵਿਕੀ ਸੀ? ਅਤੇ ਅੱਜ ਮਹਿੰਗਾਈ ਕਰਕੇ ਉਹਦਾ ਰੇਟ ਵਧ ਕੇ 500 ਕਰੋੜ ਹੋ ਗਿਆ, ਜਿਵੇਂ ਕਿ ਨਵਜੋਤ ਕੌਰ ਸਿੱਧੂ ਕਹਿ ਰਹੇ ਹਨ।
'ਆਪ' ਆਗੂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਕਿਸੇ ਪਾਰਟੀ ਵਿੱਚ ਸਾਢੇ ਤਿੰਨ ਸੌ ਕਰੋੜ ਜਾਂ 500 ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਦੀ ਕੁਰਸੀ ਵਿਕੂਗੀ, ਤਾਂ ਉਹ ਭ੍ਰਿਸ਼ਟਾਚਾਰ ਦੀ ਡੂੰਘੀ ਨੀਂਹ ਰੱਖੇਗੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਲੋਕਾਂ ਨੇ ਕਾਂਗਰਸ 'ਤੇ ਦੁਬਾਰਾ ਭਰੋਸਾ ਕੀਤਾ, ਤਾਂ ਇਸਦਾ ਮਤਲਬ ਇਹ ਹੋਵੇਗਾ ਕਿ 500 ਕਰੋੜ ਦੇ ਕੇ ਮੁੱਖ ਮੰਤਰੀ ਬਣਿਆ ਬੰਦਾ ਅੱਗੇ ਪਤਾ ਨਹੀਂ ਕਿੰਨੇ ਜ਼ੀਰੋ ਹੋਰ ਲਾਵੇਗਾ।