MLA ਕੁਲਵੰਤ ਸਿੰਘ ਵੱਲੋਂ ਮੋਹਾਲੀ ਦੇ ਬੁਨਿਆਦੀ ਢਾਂਚੇ ਦੇ ਅਪਗ੍ਰੇਡ ਕੰਮਾਂ ਵਾਸਤੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਵਿਸ਼ੇਸ਼ ਸਾਰੰਗਲ ਨਾਲ ਮੀਟਿੰਗ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਅਕਤੂਬਰ:
ਮੋਹਾਲੀ ਹਲਕੇ ਦੇ ਗਮਾਡਾ ਨਾਲ ਸਬੰਧਤ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਹਲਕਾ ਵਿਧਾਇਕ ਕੁਲਵੰਤ ਸਿੰਘ ਵੱਲੋਂ ਅੱਜ ਗਮਾਡਾ ਦੇ ਮੁੱਖ ਪ੍ਰਸ਼ਾਸਕ ਵਿਸ਼ੇਸ਼ ਸਾਰੰਗਲ ਤੇ ਗਮਾਡਾ ਦੇ ਹੋਰ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਮੋਹਾਲੀ ਦੇ ਕਈ ਮਹੱਤਵਪੂਰਨ ਸੜਕੀ ਅਤੇ ਚੌਂਕਾਂ ਦੇ ਵਿਕਾਸ ਪ੍ਰੋਜੈਕਟਾਂ ਸਬੰਧੀ ਚਰਚਾ ਕੀਤੀ ਗਈ।
ਹਲਕੇ ਦੇ ਵਿਕਾਸ ਪ੍ਰੋਜੈਕਟਾਂ ਸਬੰਧੀ ਵਿਧਾਇਕ ਕੁਲਵੰਤ ਸਿੰਘ ਨੇ ਪੀ.ਆਰ. 7 ਸੜਕ ’ਤੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ, ਸੈਕਟਰ 69-68/78-79 ਇੰਟਰਸੈਕਸ਼ਨ ਅਤੇ ਆਈਸਰ ਲਾਈਟ ਪੁਆਇੰਟ ’ਤੇ ਚੌਂਕਾਂ ਦੀ ਉਸਾਰੀ ਦਾ ਕੰਮ ਜਲਦ ਸ਼ੁਰੂ ਕਰਨ ਲਈ ਕਿਹਾ। ਇਸ ਤੋਂ ਇਲਾਵਾ ਏਅਰੋਸਿਟੀ ਖੇਤਰ ਵਿੱਚ ਪੀ.ਆਰ. 7 ਸੜਕ 'ਤੇ ਤਿੰਨ ਹੋਰ ਚੌਂਕਾਂ ਦੀ ਉਸਾਰੀ ਸਬੰਧੀ ਮੁੱਦਾ ਵੀ ਵਿਚਾਰਿਆ ਗਿਆ।
ਵਿਧਾਇਕ ਮੋਹਾਲੀ ਨੇ ਸੈਕਟਰ 90/94 ਦੀ ਡਿਵਾਈਡਿੰਗ ਸੜਕ ਲਾਂਡਰਾਂ ਤੱਕ, ਅਤੇ ਪੀ.ਜੀ.ਆਈ. ਚੰਡੀਗੜ੍ਹ ਤੋਂ ਸੈਕਟਰ 90/91 ਨੂੰ ਵੰਡਦੀ ਹੋਈ ਲਾਂਡਰਾਂ ਤੱਕ ਆਉਂਦੀ ਸੜਕ ਦੇ ਬਾਕੀ ਹਿੱਸੇ ਨੂੰ ਪੂਰਾ ਕਰਨ ਬਾਰੇ ਵੀ ਗਮਾਡਾ ਅਧਿਕਾਰੀਆਂ ਨਾਲ ਚਰਚਾ ਕੀਤੀ।
ਇਸ ਤੋਂ ਇਲਾਵਾ ਕੁੰਭੜਾ ਚੌਂਕ ਤੋਂ ਬਾਵਾ ਵਾਈਟ ਹਾਊਸ ਤੱਕ ਦੀ ਸੜਕ ਨੂੰ 'ਡੂਅਲ ਵੇਅ ਕੈਰਿਜਵੇਅ' ਵਿੱਚ ਤਬਦੀਲ ਕਰਨ ਦੇ ਕੰਮ ਦੀ ਸ਼ੁਰੂਆਤ ਜਲਦ ਕਰਨ ਲਈ ਕਿਹਾ ਗਿਆ, ਕਿਉਂਕਿ ਇਸ ਪ੍ਰੋਜੈਕਟ ਨਾਲ ਜੁੜੀਆਂ ਕਾਨੂੰਨੀ ਅੜਚਨਾਂ ਹੁਣ ਦੂਰ ਹੋ ਚੁੱਕੀਆਂ ਹਨ। ਗੋਲਫ਼ ਲਿੰਕ ਤੋਂ ਲੀਜ਼ਰ ਵੈਲੀ ਤੱਕ ਆਉਂਦੀ ਸੜਕ ਨੂੰ ਚੌੜਾ ਕਰਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਵੀ ਹਦਾਇਤ ਕੀਤੀ ਗਈ।
ਮੀਟਿੰਗ ਦੌਰਾਨ ਵਿਧਾਇਕ ਕੁਲਵੰਤ ਸਿੰਘ ਵੱਲੋਂ ਗਮਾਡਾ ਦੁਆਰਾ ਤਿਆਰ ਕੀਤੀਆਂ ਡਰਾਇੰਗਾਂ ਦਾ ਜਾਇਜ਼ਾ ਲਿਆ ਗਿਆ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਸੁਝਾਅ ਦਿੱਤੇ ਗਏ। ਵਿਧਾਇਕ ਕੁਲਵੰਤ ਸਿੰਘ ਨੇ ਗਮਾਡਾ ਅਧਿਕਾਰੀਆਂ ਨੂੰ ਪੇਸ਼ਕਸ਼ ਕੀਤੀ ਕਿ ਜੇਕਰ ਇਨ੍ਹਾਂ ਕੰਮਾਂ ਨੂੰ ਅੱਗੇ ਵਧਾਉਣ ਲਈ ਕਿਸੇ ਹੋਰ ਵਿਭਾਗ ਦੀ ਸਹਾਇਤਾ ਦੀ ਲੋੜ ਹੋਵੇ, ਤਾਂ ਉਹ ਖੁਦ ਉਸ ਵਿਭਾਗ ਨਾਲ ਸੰਪਰਕ ਕਰਕੇ ਪੂਰੀ ਸਹਾਇਤਾ ਯਕੀਨੀ ਬਣਾਉਣਗੇ।