ਸ੍ਰੀ ਹਰਗੋਬਿੰਦਪੁਰ ਸਾਹਿਬ ਸ਼ਹਿਰ ਦੇ ਇਤਿਹਾਸਕ ਲਾਹੌਰੀ ਦਰਵਾਜ਼ੇ ਨੂੰ ਬਰਾਸ਼ਾਂ ਕਾਰਨ ਪੁੱਜਾ ਨੁਕਸਾਨ
ਹਲਕਾ ਵਿਧਾਇਕ ਨੂੰ ਲਾਹੌਰੀ ਦਰਵਾਜ਼ੇ ਦੀ ਮੁਰੰਮਤ ਸਬੰਧੀ ਮੰਗ ਪੱਤਰ ਦਿੱਤਾ
ਰੋਹਿਤ ਗੁਪਤਾ
ਸ੍ਰੀ ਹਰਗੋਬਿੰਦਪੁਰ/ਬਟਾਲਾ, 20 ਸਤੰਬਰ ਬੀਤੇ ਦਿਨੀਂ ਪਏ ਭਾਰੀ ਮੀਂਹਾਂ ਅਤੇ ਹੜ੍ਹਾਂ ਕਾਰਨ ਜਿੱਥੇ ਹੋਰ ਜਾਨੀ-ਮਾਲੀ ਨੁਕਸਾਨ ਹੋਇਆ ਹੈ ਓਥੇ ਇਨ੍ਹਾਂ ਬਾਰਸ਼ਾਂ ਨਾਲ ਇਤਿਹਾਸਕ ਇਮਾਰਤਾਂ ਨੂੰ ਵੀ ਵੱਡਾ ਨੁਕਸਾਨ ਪਹੁੰਚਿਆ ਹੈ। ਇਨ੍ਹਾਂ ਬਾਰਸ਼ਾਂ ਕਾਰਨ ਇਤਿਹਾਸਿਕ ਤੇ ਧਾਰਮਿਕ ਸ਼ਹਿਰ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਇਤਿਹਾਸਕ ਲਾਹੌਰੀ ਦਰਵਾਜ਼ੇ ਦਾ ਇੱਕ ਹਿੱਸਾ ਡਿੱਗ ਗਿਆ ਹੈ, ਜਿਸ ਕਾਰਨ ਇਸ ਇਤਿਹਾਸਕ ਦਰਵਾਜ਼ੇ ਦੀ ਹੋਂਦ ਖ਼ਤਰੇ ਵਿੱਚ ਆ ਗਈ ਹੈ।
ਅੱਜ ਵਿਰਾਸਤੀ ਮੰਚ ਬਟਾਲਾ ਦੇ ਨੁਮਾਇੰਦੇ ਇੰਦਰਜੀਤ ਸਿੰਘ ਹਰਪੁਰਾ, ਕੁਲਵਿੰਦਰ ਸਿੰਘ ਲਾਡੀ ਜੱਸਲ, ਪ੍ਰਿੰਸਪਾਲ ਸਿੰਘ ਚੱਠਾ, ਬਲਵਿੰਦਰ ਸਿੰਘ ਪੰਜ ਗਰਾਈਆਂ, ਰਾਜਪ੍ਰੀਤ ਸਿੰਘ ਢਿੱਲੋਂ ਵੱਲੋਂ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਲਾਹੌਰੀ ਦਰਵਾਜ਼ੇ ਦਾ ਦੌਰਾ ਕਰਕੇ ਉਸਨੂੰ ਹੋਏ ਨੁਕਸਾਨ ਦਾ ਜਾਇਜਾ ਲਿਆ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਵਿਰਾਸਤੀ ਮੰਚ ਦੇ ਅਹੁਦੇਦਾਰ ਇੰਦਰਜੀਤ ਸਿੰਘ ਹਰਪੁਰਾ ਨੇ ਦੱਸਿਆ ਕਿ ਸ੍ਰੀ ਹਰਗੋਬਿੰਦਪੁਰ ਸ਼ਹਿਰ ਪੰਜਾਬ ਦਾ ਉਹ ਧਾਰਮਿਕ ਤੇ ਇਤਿਹਾਸਕ ਨਗਰ ਹੈ ਜਿਸਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਸਾਇਆ ਸੀ। ਉਨ੍ਹਾਂ ਕਿਹਾ ਕਿ ਇਹ ਸ਼ਹਿਰ ਗੁਰੂ ਸਾਹਿਬ ਵਲੋਂ ਪੂਰੀ ਵਿਉਂਤਬੰਦੀ ਨਾਲ ਤਿਆਰ ਕੀਤਾ ਗਿਆ ਸੀ ਅਤੇ ਬਿਆਸ ਦਰਿਆ ਦੇ ਸੱਜੇ ਕੰਢੇ ਇੱਕ ਉੱਚੇ ਟਿੱਬੇ ਉੱਪਰ ਵਸੇ ਇਸ ਸ਼ਹਿਰ ਦੁਆਲੇ ਚਾਰ-ਦੀਵਾਰੀ ਕਰਕੇ ਛੇ ਦਰਵਾਜ਼ੇ ਬਣਾਏ ਗਏ ਸਨ, ਜਿਨ੍ਹਾਂ ਦੇ ਨਾਮ ਲਾਹੌਰੀ ਦਰਵਾਜ਼ਾ, ਮੋਰੀ ਦਰਵਾਜ਼ਾ, ਸ਼ਾਹਮਾਨਾ ਦਰਵਾਜ਼ਾ, ਮਿਆਦੀ ਦਰਵਾਜ਼ਾ, ਤੇਲੀ ਦਰਵਾਜ਼ਾ, ਘਿਰੜ ਦਰਵਾਜ਼ਾ ਸਨ।
ਇੰਦਰਜੀਤ ਸਿੰਘ ਹਰਪੁਰਾ ਨੇ ਦੱਸਿਆ ਕਿ ਇਨ੍ਹਾਂ ਛੇ ਦਰਵਾਜ਼ਿਆਂ ਵਿਚੋਂ ਹੁਣ ਸਿਰਫ ਇੱਕ ਲਾਹੌਰੀ ਦਰਵਾਜ਼ੇ ਦਾ ਵਜ਼ੂਦ ਹੀ ਬਚਿਆ ਹੈ, ਜਦਕਿ ਬਾਕੀ ਸਾਰੇ ਦਰਵਾਜ਼ੇ ਖਤਮ ਹੋ ਚੁੱਕੇ ਹਨ। ਲਾਹੌਰੀ ਦਰਵਾਜ਼ਾ ਵੀ ਇਸ ਸਮੇਂ ਕਾਫ਼ੀ ਖ਼ਸਤਾ ਹਾਲਤ ਵਿੱਚ ਹੈ ਅਤੇ ਪਿੱਛਲੇ ਦਿਨੀਂ ਹੋਈਆਂ ਭਾਰੀ ਬਰਸਾਤਾਂ ਕਾਰਨ ਇਸ ਇਤਿਹਾਸਕ ਦਰਵਾਜ਼ੇ ਦਾ ਇੱਕ ਹਿੱਸਾ ਡਿੱਗ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਦਰਵਾਜ਼ੇ ਦੀ ਤੁਰੰਤ ਮੁਰੰਮਤ ਨਾ ਕੀਤੀ ਗਈ ਤਾਂ ਧਾਰਮਿਕ ਤੇ ਇਤਿਹਾਸਕ ਸ਼ਹਿਰ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਇੱਕੋ-ਇੱਕ ਬਚੇ ਇਤਿਹਾਸਕ ਦਰਵਾਜ਼ੇ ਦੀ ਹੋਂਦ ਵੀ ਖ਼ਤਰੇ ਵਿੱਚ ਪੈ ਜਾਵੇਗੀ।
ਵਿਰਾਸਤੀ ਮੰਚ ਦੀ ਟੀਮ ਵੱਲੋਂ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇ ਕੇ ਪੁਰਜ਼ੋਰ ਬੇਨਤੀ ਹੈ ਕਿ ਲਾਹੌਰੀ ਦਰਵਾਜ਼ੇ ਦੀ ਪੰਜਾਬ ਸਰਕਾਰ ਦੇ ਪੁਰਾਤਤਵ ਵਿਭਾਗ ਦੇ ਮਾਹਿਰਾਂ ਰਾਹੀਂ ਤੁਰੰਤ ਮੁਰੰਮਤ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਮੁਰੰਮਤ ਸਮੇਂ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਵੇ ਕਿ ਇਸ ਦੀ ਪੁਰਾਤਨਤਾ ਪੂਰੀ ਤਰ੍ਹਾਂ ਕਾਇਮ ਰਹੇ। ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਭਰੋਸਾ ਦਿੱਤਾ ਹੈ ਕਿ ਉਹ ਲਾਹੌਰੀ ਦਰਵਾਜ਼ੇ ਨੂੰ ਹੋਏ ਨੁਕਸਾਨ ਦਾ ਮਾਮਲਾ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਇਸ ਸਬੰਧੀ ਲੋੜੀਂਦੀ ਕਾਰਵਾਈ ਕਰਵਾਉਣਗੇ।