Babushahi Special : ਹੜ੍ਹ ਪੀੜਤਾਂ ’ਚ ਡੇਰਾ ਸਿਰਸਾ: ‘ਹਾਸ਼ਮ ਸ਼ਾਹ ਤੂੰ ਗ਼ੈਰ ਨਾ ਜਾਣ ਕੋਈ,ਫੇਰ ਦੁਖ ਗਏ ਨਿਰਵੈਰ ਹੈਂ ਤੂੰ’
ਅਸ਼ੋਕ ਵਰਮਾ
ਅੰਮ੍ਰਿਤਸਰ, 6 ਸਤੰਬਰ 2025 :ਪੰਜਾਬ ’ਚ ਆਏ ਹੜ੍ਹਾਂ ਦੌਰਾਨ ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰਾਂ ਨੇ ਹੜ੍ਹ ਪੀੜਤ ਪ੍ਰੀਵਾਰਾਂ ਨੂੰ ਰਾਹਤ ਵੰਡਣ ਲਈ ਉਨ੍ਹਾਂ ਇਲਾਕਿਆਂ ’ਚ ਮੋਰਚਾ ਸੰਭਾਲਿਆ ਹੈ ਜਿਨ੍ਹਾਂ ’ਚ ਇਸ ਤੋਂ ਪਹਿਲਾਂ ਡੇਰੇ ਦੀ ਪਹੁੰਚ ਕਾਫੀ ਘੱਟ ਸੀ। ਡੇਰਾ ਸਿਰਸਾ ਵੱਲੋਂ ਸਮਾਜਿਕ ਕਾਰਜਾਂ ਲਈ ਬਣਾਈ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੀ ਵਰਦੀ ’ਚ ਜਦੋਂ ਵਲੰਟੀਅਰ ਰਾਹਤ ਸਮੱਗਰੀ ਵੰਡਦੇ ਹਨ ਤਾਂ ਲੋਕਾਂ ’ਚ ਇੱਕ ਤਰਾਂ ਨਾਲ ਹੈਰਾਨੀ ਵਾਲਾ ਅਤੇ ਨਿਵੇਕਲਾ ਮਹੌਲ ਬਣਦਾ ਹੈ। ਗੁਰਦਾਸਪੁਰ ਅਤੇ ਅੰਮ੍ਰਿਤਸਰ ਜਿਲ੍ਹੇ ਦੇ ਕਈ ਪਿੰਡਾਂ ’ਚ ਲੋਕਾਂ ਨੇ ਮੰਨਿਆ ਕਿ ਉਨ੍ਹਾਂ ਨੇ ਇਸ ਤਰਾਂ ਨਿੱਠ ਕੇ ਸੇਵਾ ਕਰਨ ਵਾਲੇ ਨੌਜਵਾਨਾਂ ਨੂੰ ਪਹਿਲੀ ਦਫਾ ਦੇਖਿਆ ਹੈ। ਦੱਸਣਯੋਗ ਹੈ ਕਿ ਡੇਰਾ ਸਿਰਸਾ ਮੁਖੀ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਨੇ ਆਪਣੇ ਪੈਰੋਕਾਰਾਂ ਨੂੰ ਹੜ੍ਹ ਪੀੜਤ ਇਲਾਕਿਆਂ ਵਿੱਚ ਪੁੱਜਕੇ ਪੀੜਤਾਂ ਨੂੰ ਫੌਰੀ ਤੌਰ ਤੇ ਰਾਹਤ ਪਹੁੰਚਾਉਣ ਦੇ ਆਦੇਸ਼ ਦਿੱਤੇ ਸਨ।
ਇੰਨ੍ਹਾਂ ਆਦੇਸ਼ਾਂ ਤੋਂ ਇੱਕ ਦਿਨ ਬਾਅਦ ਹੀ ਡੇਰਾ ਸ਼ਰਧਾਲੂਆਂ ਵੱਲੋਂ ਰਾਹਤ ਦਾ ਸਮਾਨ ਇਕੱਠਾ ਕਰਨ ਅਤੇ ਨਾਲੋ ਨਾਲ ਵੰਡਣ ਲਈ ਸਰਗਰਮੀਆਂ ਤੇਜ ਕੀਤੀਆਂ ਹੋਈਆਂ ਹਨ। ਇੰਨ੍ਹਾਂ ਦਿਨਾਂ ਦੌਰਾਨ ਡੇਰਾ ਪ੍ਰੇਮੀਆਂ ਨੇ ਅੰਮ੍ਰਿਤਸਰ ,ਤਰਨਤਾਰਨ ਅਤੇ ਗੁਰਦਾਸਪੁਰ ਜਿਲ੍ਹੇ ਦੇ ਉਨ੍ਹਾਂ ਪਿੰਡਾਂ ’ਚ ਮੋਰਚਾ ਸੰਭਾਲਿਆ ਹੋਇਆ ਹੈ ਜੋ ਹੜ੍ਹਾਂ ਦੇ ਪਾਣੀ ਦੀ ਸਭ ਤੋਂ ਵੱਧ ਮਾਰ ਹੇਠ ਆਏ ਹੋਏ ਹਨ। ਕਈ ਪਿੰਡ ਤਾਂ ਅਜਿਹੇ ਹਨ ਜਿੰਨ੍ਹਾਂ ’ਚ ਘਟਣ ਦੇ ਬਾਵਜੂਦ ਗੋਡੇ ਗੋਡੇ ਤੋਂ ਵੱਧ ਪਾਣੀ ਨਜ਼ਰ ਆਉਂਦਾ ਹੈ। ਇੰਨ੍ਹਾਂ ਪਿੰਡਾਂ ’ਚ ਲੋਕਾਂ ਵੱਲੋਂ ਖਾਣ ਲਈ ਰੱਖੀ ਕਣਕ ਅਤੇ ਹੋਰ ਖਾਣ ਪੀਣ ਦੀਆਂ ਵਸਤਾਂ ਪਾਣੀ ਨੇ ਤਬਾਹ ਕਰ ਦਿੱਤੀਆਂ ਹਨ ਇਹੋ ਹੀ ਨਹੀਂ ਡੰਗਰ ਪਸ਼ੂਆਂ ਲਈ ਸੰਭਾਲਕੇ ਰੱਖਿਆ ਤੂੜੀ ਤੰਦ ਵੀ ਹੜ੍ਹਾਂ ਦੀ ਭੇਂਟ ਚੜ੍ਹ ਗਿਆ ਹੈ। ਡੇਰਾ ਸਿਰਸਾ ਦੇ ਇੱਕ ਸੇਵਾਦਾਰ ਨੇ ਦੱਸਿਆ ਕਿ ਇੰਨ੍ਹਾਂ ਪਿੰਡਾਂ ਵਿੱਚ ਮਨੁੱਖਤਾ ਦੀ ਹਾਲਤ ਦੇਖਕੇ ਸਭਨਾਂ ਦਾ ਕਲੇਜਾ ਮੂੰਹ ਨੂੰ ਆਉਂਦਾ ਹੈ।
.jpg)
ਉਨ੍ਹਾਂ ਦੱਸਿਆ ਕਿ ਬੇਸ਼ੱਕ ਇਸ ਤਰਫ ਹੜ੍ਹ ਪਹਿਲਾਂ ਵੀ ਆਏ ਹਨ ਪਰ ਐਤਕੀਂ ਕਾਦਰ ਦੀ ਕੁਦਰਤ ਐਨਾ ਕਹਿਰ ਵਰਤਾਏਗੀ ਲੋਕਾਂ ਨੇ ਕਦੇ ਸੋਚਿਆ ਵੀ ਨਹੀਂ ਸੀ। ਉਨ੍ਹਾਂ ਦੱਸਿਆ ਕਿ ਹੜ੍ਹਾਂ ਦੀ ਮਾਰ ਐਨੀ ਤੀਬਰ ਹੈ ਕਿ ਇੱਕ ਦੁੱਕਾ ਸੜਕ ਨੂੰ ਛੱਡ ਪਿਛਲੇ ਦਿਨਾਂ ਦੌਰਾਨ ਉਨ੍ਹਾਂ ਧਰਤੀ ਨਹੀਂ ਦੇਖੀ ਜਿਸ ਤੋਂ ਸਾਫ ਹੈ ਕਿ ਤਬਾਹੀ ਦਾ ਮੰਜਰ ਕਿਹਾ ਜਿਹਾ ਹੈ। ਡੇਰਾ ਪੈਰੋਕਾਰਾਂ ਨੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਜਿਲ੍ਹੇ ਦੀ ਸਬ ਡਵੀਜਨ ਅਜਨਾਲਾ ਦੇ ਪਿੰਡ ਝੁੰਜ, ਰਾਮਦਾਸ, ਕੋਟਲੀ ਕੁਰਟਾਣਾ, ਬੱਲੜਵਾੜ ਵਿੱਚ ਰਾਹਤ ਦਾ ਸਮਾਨ ਵੰਡਿਆ ਹੈ। ਇੱਕ ਟੀਮ ਤਾਂ ਤੂੜੀ ਆਦਿ ਵੀ ਲਿਆਈ ਹੈ ਜੋਕਿ ਲੋੜਵੰਦਾਂ ਤੱਕ ਪੁਜਦੀ ਕੀਤੀ ਜਾ ਰਹੀ ਹੈ। ਇਸੇ ਤਰਾਂ ਹੀ ਵਲੰਟੀਅਰਾਂ ਨੇ ਔਕੜਾਂ ਦੀ ਪ੍ਰਵਾਹ ਨਾਂ ਕਰਦਿਆਂ ਤਰਨਤਾਰਨ ਦੀ ਸਬ ਡਵੀਜਨ ਪੱਟੀ ਦੇ ਪਿੰਡ ਝੁੱਗੀਆਂ ਪੀਰ ਬਖ਼ਸ਼ ਅਤੇ ਰਾਹਦਾਲ ਕੇ ਆਦਿ ਪਿੰਡਾਂ ਵਿੱਚ ਰਾਹਤ ਸਮੱਗਰੀ ਵੰਡੀ ਜਿੰਨ੍ਹਾਂ ਦੀ ਵੱਡੀ ਆਬਾਦੀ ਪ੍ਰਭਾਵਿਤ ਹੋਈ ਹੈ।
ਡੇਰਾ ਸਿਰਸਾ ਪੈਰੋਕਾਰ ਪਿੰਡਾਂ ਵਿੱਚ ਇਕੱਲੀ ਰਾਹਤ ਹੀ ਨਹੀਂ ਵੰਡ ਰਹੇ ਬਲਕਿ ਲੋਕਾਂ ਨੂੰ ਇਸ ਸੰਕਟ ਦੀ ਘੜੀ ਦੌਰਾਨ ਦਿਲਾਸਾ ਵੀ ਦਿੱਤਾ ਜਾ ਰਿਹਾ ਹੈ। ਹੜ੍ਹ ਪੀੜ੍ਹਤ ਇਲਾਕੇ ਰਾਹਦਾਲ ਕੇ ਤੋਂ ਸੁਖਜਿੰਦਰ ਸਿੰਘ ਕੋਟਲੀ ਅਤੇ ਗੁਰਮੀਤ ਸਿੰਘ ਦਾ ਕਹਿਣਾ ਸੀ ਕਿ ਉਹ ਤਾਂ ਅਜੇ ਸਾਲ 2023 ਦੌਰਾਨ ਪਈ ਹੜ੍ਹਾਂ ਦੀ ਮਾਰ ਕਾਰਨ ਹੋਏ ਖ਼ਰਾਬੇ ਦੇ ਸੰਕਟ ਹੇਠੋਂ ਵੀ ਨਹੀਂ ਨਿਕਲੇ ਸਨ ਕਿ ਇਸ ਵਾਰ ਦੇ ਹੜ੍ਹਾਂ ਨੇ ਉਹਨਾਂ ਦਾ ਇੱਕ ਵਾਰ ਫਿਰ ਤੋਂ ਸਾਰਾ ਕੁੱਝ ਫਿਰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਅਹਿਮ ਪੈਲੀਆਂ ਵਿੱਚ ਰੇਤ ਇਕੱਠੀ ਹੋ ਗਈ ਹੈ ਜਿਸ ਕਰਕੇ ਕਿਸਾਨਾਂ ਨੂੰ ਅਗਲੀ ਫਸਲ ਬੀਜੇ ਜਾਣ ਦੀ ਵੀ ਕੋਈ ਉਮੀਦ ਹਾਲੇ ਤੱਕ ਦਿਖਾਈ ਨਹੀਂ ਦੇ ਰਹੀ ਹੈ। ਪਿੰਡ ਝੁੱਗੀਆਂ ਪੀਰ ਬਖ਼ਸ਼ ਦੇ ਸਰਪੰਚ ਅਰਵਿੰਦਰਜੀਤ ਸਿੰਘ ਅਤੇ ਰਾਹਦਾਲਕੇ ਦੇ ਸਰਪੰਚ ਗੁਰਸਾਹਿਬ ਸਿੰਘ ਨੇ ਡੇਰਾ ਸਿਰਸਾ ਦੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਹੈ।
ਹਸਪਤਾਲ ਨੂੰ ਦਵਾਈਆਂ ਭੇਂਟ
ਰਾਹਤ ਸਮੱਗਰੀ ਵੰਡ ਰਹੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਨੇ ਸਿਵਲ ਹਸਪਤਾਲ ਤਰਨਤਾਰਨ ਨੂੰ ਹੜ੍ਹ ਪੀੜਤ ਪ੍ਰੀਵਾਰਾਂ ਦੀਆਂ ਜਰੂਰਤਾਂ ਨੂੰ ਦੇਖਦਿਆਂ ਮਰੀਜਾਂ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਭੇਂਟ ਕੀਤੀਆਂ ਹਨ। ਪਾਣੀ ਕਾਰਨ ਪੈਦਾ ਹੋਣ ਵਾਲੇ ਮੱਛਰਾਂ ਆਦਿ ਦੀ ਬਹੁਤਾਤ ਕਾਰਨ ਹੋਣ ਵਾਲੀਆਂ ਸੰਭਾਵੀ ਬਿਮਾਰੀਆਂ ਦੀ ਸੂਰਤ ’ਚ ਇਹ ਦਵਾਈ ਦਿੱਤੀ ਜਾ ਸਕੇਗੀ। ਚੀਫ ਫਾਰਮੇਸੀ ਅਫਸਰ ਬਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਦਵਾਈਆਂ ਕਾਰਨ ਉਨ੍ਹਾਂ ਨੂੰ ਹੜ੍ਹ ਪੀੜਤਾਂ ਦਾ ਇਲਾਜ ਕਰਨਾ ਸੌਖਾਲਾ ਰਹੇਗਾ। ਵੈਟਰਨਰੀ ਡਾਕਟਰ ਪ੍ਰਭਦੀਪ ਸਿੰਘ ਨੇ ਇਸ ਸੇਵਾ ਲਈ ਵਲੰਟੀਅਰਾਂ ਦਾ ਧੰਨਵਾਦ ਕੀਤਾ ਹੈ।
ਸੇਵਾ ’ਚ ਹਾਜ਼ਰ ਸੇਵਾਦਾਰ-ਡੇਰਾ ਆਗੂ
ਡੇਰਾ ਸੱਚਾ ਸੌਦਾ ਸਿਰਸਾ ਦੇ ਆਗੂ ਪ੍ਰਬੰਧਕ ਗੁਰਦੇਵ ਸਿੰਘ ਬਠਿੰਡਾ ਅਤੇ ਸ਼ਿੰਦਰਪਾਲ ਸਿੰਘ ਪੱਕਾ ਕਲਾਂ ਦਾ ਕਹਿਣਾ ਸੀ ਕਿ ਸ਼ਾਹ ਸਤਿਨਾਮ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਵਲੰਟੀਅਰ ਹੜ੍ਹ ਪੀੜਤਾਂ ਦੀ ਸਹਾਇਤਾ ਅਤੇ ਰਾਹਤ ਵੰਡਣ ਲਈ ਲਗਾਤਾਰ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਾਣੀ ਨੇ ਇੰਨ੍ਹਾਂ ਪਿੰਡਾਂ ’ਚ ਭਾਰੀ ਨੁਕਸਾਨ ਕੀਤਾ ਹੈ ਜੋਕਿ ਚਿੰਤਾ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਤੇ ਤਰਨਤਾਰਨ ਜਿਲ੍ਹੇ ਦੇ ਪਾਣੀ ਦੀ ਮਾਰ ਹੇਠ ਆਏ ਪਿੰਡਾਂ ਦੀ ਸੇਵਾ ਲਈ ਸੇਵਾਦਾਰ ਹਾਜ਼ਰ ਹਨ।