BSF ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਮੁਫ਼ਤ ਮੈਡੀਕਲ ਕੈਂਪ ਜਾਰੀ
ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ
ਰੋਹਿਤ ਗੁਪਤਾ
ਗੁਰਦਾਸਪੁਰ, 6 ਸਤੰਬਰ - ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੀ ਬੀ.ਐੱਸ.ਐੱਫ ਦੇ ਜਵਾਨਾਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਿੱਥੇ ਬਚਾਅ ਤੇ ਰਾਹਤ ਕਾਰਜਾਂ ਵਿੱਚ ਆਪਣਾ ਉੱਘਾ ਯੋਗਦਾਨ ਪਾਇਆ ਜਾ ਰਿਹਾ ਹੈ ਓਥੇ ਬੀ.ਐੱਸ.ਐੱਫ਼ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਮੁਫ਼ਤ ਮੈਡੀਕਲ ਕੈਂਪ ਲਗਾ ਕੇ ਨਾਗਰਿਕ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ।.
ਬੀ.ਐੱਸ.ਐੱਫ਼ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਅੱਜ ਹੜ੍ਹ ਪ੍ਰਭਾਵਿਤ ਖੇਤਰ ਦੇ ਪਿੰਡ ਹਰੂਵਾਲ ਤੇ ਗਾਹਲੜੀ ਵਿਖੇ ਮੈਡੀਕਲ ਕੈਂਪ ਲਗਾਏ ਗਏ। ਪਿੰਡ ਹਰੂਵਾਲ ਵਿਖੇ ਮੈਡੀਕਲ ਕੈਂਪ ਦਾ ਉਦਘਾਟਨ ਸ਼੍ਰੀ ਮਨ ਸਿੰਘ, ਕਮਾਂਡੈਂਟ, 27 ਬਟਾਲਿਅਨ ਬੀ.ਐਸ.ਐਫ਼ ਨੇ ਸ਼੍ਰੀ ਮਨੋਜ ਕੁਮਾਰ ਰਾਏ, 2 ਆਈ.ਸੀ. ਅਤੇ ਸ਼੍ਰੀ ਬਨਵੀਰ ਸਿੰਘ ਰਾਜਪੂਤ, ਡੀ.ਸੀ. ਦੀ ਹਾਜ਼ਰੀ ਵਿੱਚ ਕੀਤਾ। ਇਸ ਤੋਂ ਇਲਾਵਾ ਗਾਹਲੜੀ ਵਿਖੇ ਮੈਡੀਕਲ ਦਾ ਉਦਘਾਟਨ ਸ੍ਰੀ ਕਮਲ ਯਾਦਵ, ਕਮਾਂਡੈਂਟ 58 ਬਟਾਲੀਅਨ, ਸ੍ਰੀ ਜੇਕੇ. ਬਿਰਦੀ, ਡੀ.ਆਈ.ਜੀ. ਬੀ.ਐੱਸ.ਐੱਫ਼ ਗੁਰਦਾਸਪੁਰ ਵੱਲੋਂ ਕੀਤਾ ਗਿਆ।
ਇਨ੍ਹਾਂ ਮੈਡੀਕਲ ਕੈਂਪਾਂ ਵਿੱਚ ਡਾ. ਸ਼ਿਵਾਨੀ ਗਰਗ (ਗਾਇਨੋਕੋਲੋਜਿਸਟ, ਅਮਨਦੀਪ ਹਸਪਤਾਲ, ਅੰਮ੍ਰਿਤਸਰ), ਡਾ. ਗੁਰਬੀਰ ਸਿੰਘ (ਅੰਦਰੂਨੀ ਬਿਮਾਰੀਆਂ, ਅਮਨਦੀਪ ਹਸਪਤਾਲ), ਡਾ. ਅਪੂਰਵਾ ਮੁਖਰਈਆ, ਡੀ.ਸੀ./ਐਸ.ਐਮ.ਓ. ਬੀ.ਐਸ.ਐਫ਼ ਵੱਲੋਂ ਮਰੀਜ਼ਾਂ ਦਾ ਚੈੱਕਅਪ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ।

ਇਸ ਤੋਂ ਇਲਾਵਾ ਬੀ.ਐੱਸ.ਐੱਫ਼ ਦੇ ਡਾਕਟਰਾਂ ਤੇ ਮੈਡੀਕਲ ਟੀਮ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਜਿੱਥੇ ਅਜੇ ਵੀ ਪਾਣੀ ਖੜ੍ਹਾ ਹੈ ਓਥੇ ਕਿਸ਼ਤੀ ਰਾਹੀਂ ਪਹੁੰਚ ਕਰਕੇ ਲੋਕਾਂ ਨੂੰ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਡਾਕਟਰਾਂ ਵੱਲੋਂ ਲੋਕਾਂ ਨੂੰ ਹੜ੍ਹਾਂ ਦੌਰਾਨ ਬਿਮਾਰੀਆਂ ਤੋਂ ਬਚਣ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ।ਬੀ.ਐੱਸ.ਐੱਫ. ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀ.ਐੱਸ.ਐੱਫ. ਵੱਲੋਂ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਦੇ ਮਕਸਦ ਤਹਿਤ ਸਾਰੇ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਕਵਰ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨ੍ਹਾਂ ਵਿੱਚ ਵੀ ਇਹ ਕੈਂਪ ਜਾਰੀ ਰਹਿਣਗੇ।