ਘੱਗਰ ਦੇ ਪਾਣੀ ਦੀ ਸਥਿਤੀ ’ਤੇ ਰੱਖੀ ਜਾ ਰਹੀ ਨਜ਼ਰ ; ਪ੍ਰਸ਼ਾਸਨ ਚੌਕਸ
-ਪਾਤੜਾਂ ’ਚ ਚਾਰ ਰਾਹਤ ਕੇਂਦਰ ਸਥਾਪਤ
ਬਾਦਸ਼ਾਹਪੁਰ/ਸ਼ੁਤਰਾਣਾ/ਪਾਤੜਾਂ, 5 ਸਤੰਬਰ 2025- ਐਸ.ਡੀ.ਐਮ. ਪਾਤੜਾਂ ਅਸ਼ੋਕ ਕੁਮਾਰ ਨੇ ਦੱਸਿਆ ਕਿ ਘੱਗਰ ਵਿੱਚ ਪਿਛਲੇ ਦਿਨਾਂ ਤੋਂ ਵੱਧ ਰਹੇ ਪਾਣੀ ’ਤੇ ਪ੍ਰਸ਼ਾਸਨ ਵੱਲੋਂ ਪੂਰੀ ਨਜ਼ਰ ਰੱਖਦੇ ਹੋਏ ਚੌਕਸੀ ਵਰਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਘੱਗਰ ਦੇ ਕਮਜ਼ੋਰ ਬੰਨ੍ਹਾਂ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ ਅਤੇ ਸ਼ੁਤਰਾਣਾ ਖੇਤਰ ਵਿੱਚ ਹਾਲ ਦੇ ਸਮੇਂ ਕੋਈ ਬਰੀਚ ਨਹੀਂ ਹੈ।
ਅਸ਼ੋਕ ਕੁਮਾਰ ਨੇ ਦੱਸਿਆ ਕਿ ਇਹਤਿਆਤ ਵਜੋਂ ਇਥੇ ਫ਼ੌਜ ਦੀ ਮਦਦ ਲਈ ਜਾ ਰਹੀ ਹੈ ਤੇ ਅੱਜ ਡਰੇਨੇਜ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ, ਫ਼ੌਜ ਤੇ ਸਥਾਨਕ ਵਸਨੀਕਾਂ ਦੀ ਮਦਦ ਨਾਲ ਹਰਚੰਦਪੁਰਾ ਬੰਨ੍ਹ ਨੂੰ ਬੋਰੀਆਂ ਲਗਾ ਕੇ ਹੋਰ ਮਜ਼ਬੂਤ ਕੀਤਾ ਗਿਆ ਹੈ।
ਐਸ.ਡੀ.ਐਮ ਨੇ ਦੱਸਿਆ ਕਿ "ਸਾਡੀਆਂ ਟੀਮਾਂ ਦਿਨ-ਰਾਤ ਕੰਮ ਕਰ ਰਹੀਆਂ ਹਨ ਅਤੇ ਪਾਣੀ ਦੇ ਪੱਧਰ ਦੀ ਨਿਗਰਾਨੀ ਕਰ ਰਹੀਆਂ ਹਨ। ਸਥਾਨਕ ਨਿਵਾਸੀਆਂ ਦੀ ਮਦਦ ਨਾਲ ਹਰ 500 ਮੀਟਰ 'ਤੇ ਸਾਰੇ ਬੰਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਸਥਾਨਕ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ’ਤੇ ਯਕੀਨੀ ਨਾ ਕੀਤੀ ਜਾਵੇ ਅਤੇ ਕਿਸੇ ਵੀ ਵੀਡੀਓ ਜਾਂ ਸੰਦੇਸ਼ ਨੂੰ ਅੱਗੇ ਸ਼ੇਅਰ ਕਰਨ ਤੋਂ ਪਹਿਲਾਂ ਉਸ ਦੇ ਸੱਚੇ ਹੋਣ ਸਬੰਧੀ ਪੁਸ਼ਟੀ ਕਰ ਲਈ ਜਾਵੇ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਪੁਰਾਣੀਆਂ ਵੀਡੀਓਜ਼ ਤੇ ਫ਼ੋਟੋਆਂ ਪਾ ਕੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਜੋ ਕਿ ਅਪਰਾਧ ਹੈ। ਉਨ੍ਹਾਂ ਅਜਿਹੇ ਲੋਕਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਐੱਸ.ਡੀ.ਐੱਮ. ਅਸ਼ੋਕ ਕੁਮਾਰ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸ਼ੁਤਰਾਣਾ, ਗੁਰਦੁਆਰਾ ਸਾਹਿਬ ਬਹਿਰ ਸਾਹਿਬ ਜੀ, ਸਰਕਾਰੀ ਪ੍ਰਾਇਮਰੀ ਸਕੂਲ, ਬਕਰਾਹਾ, ਸਰਕਾਰੀ ਕਿਰਤੀ ਕਾਲਜ ਪਿੰਡ ਨਿਆਲ ਵਿਖੇ ਰਾਹਤ ਕੇਂਦਰ ਬਣਾਏ ਗਏ ਹਨ ਅਤੇ ਕੰਟਰੋਲ ਰੂਮ ਸੰਪਰਕ ਨੰਬਰ 01764-243403 ਵੀ ਸਥਾਪਤ ਕੀਤਾ ਗਿਆ ਹੈ।