ਆਊਟਸੋਰਸ ਮੁਲਾਜ਼ਮਾਂ ਨਾਲ ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਦੀ ਹੋਈ ਮੀਟਿੰਗ
ਚੰਡੀਗੜ੍ਹ, 06 ਅਗਸਤ 2025- ਆਊਟਸੋਰਸਿੰਗ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਆਊਟਸੋਰਸ ਮੁਲਾਜ਼ਮਾਂ ਨਾਲ ਸਬੰਧਤ ਵੱਖ ਵੱਖ ਮੰਗਾਂ ਦੇ ਸਬੰਧ ਵਿੱਚ ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਨਾਲ ਪਟਿਆਲਾ ਵਿਖੇ ਜਥੇਬੰਦੀ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਭੁੱਲਰ ਦੀ ਅਗਵਾਈ ਵਿੱਚ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਮੀਟਿੰਗ ਹੋਈ।
ਜਿਸ ਵਿੱਚ ਜਥੇਬੰਦਕ ਆਗੂਆਂ ਵੱਲੋਂ ਅਹਿਮ ਮੰਗਾਂ ਜਿਨ੍ਹਾਂ ਵਿੱਚ ਆਊਟਸੋਰਸ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਸ਼ਾਮਿਲ ਕਰਕੇ ਸਿੱਧਾ ਵਿਭਾਗੀ ਕੰਟਰੈਕਟ ਕਰਨ ਵਾਲੀ ਪ੍ਰੋਪੋਜਲ ਦੀ ਮੌਜੂਦਾ ਸਥਿਤੀ ਬਾਰੇ ਪੁੱਛਿਆ ਗਿਆ। ਇਸ ਤੋਂ ਇਲਾਵਾ ਵਿਭਾਗੀ ਮੁਖੀ ਵੱਲੋਂ ਜਾਰੀ ਕੀਤੇ ਗਏ ਪੱਤਰ 5228 ਵਿੱਚ ਦਰਜ਼ ਤਮਾਮ ਸ਼ਰਤਾਂ ਜੋ ਕਿ ਆਊਟਸੋਰਸ ਮੁਲਾਜ਼ਮ ਲਈ ਕਾਫੀ ਚਿੰਤਾ ਦਾ ਵਿਸ਼ਾ ਹਨ ਉਨ੍ਹਾਂ ਉੱਪਰ ਵਿਚਾਰ ਚਰਚਾ ਕੀਤੀ ਗਈ।
ਇਸ ਚਰਚਾ ਦੌਰਾਨ ਜੱਥੇਬੰਦਕ ਆਗੂਆਂ ਵੱਲੋਂ ਵਿਭਾਗੀ ਅਧਿਕਾਰੀ ਨੂੰ ਦੱਸਿਆ ਗਿਆ ਕਿ ਜਿੱਥੇ ਪੰਜਾਬ ਸਰਕਾਰ ਆਊਟਸੋਰਸ ਮੁਲਾਜ਼ਮਾਂ ਦੀ ਭਲਾਈ ਲਈ ਵੱਚਨਬੱਧ ਹੈ ਉੱਥੇ ਹੀ ਵਿਭਾਗੀ ਮੁਖੀ ਵੱਲੋਂ ਜਾਰੀ ਪੱਤਰ ਨੇ ਆਊਟਸੋਰਸ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਪੂਰੀ ਤਰ੍ਹਾਂ ਏਜੰਸੀ ਨੂੰ ਸਪੁਰਦ ਕਰ ਦਿੱਤੀਆਂ ਹਨ।
ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਰਾਜੀਆ, ਸੂਬਾ ਸੰਪਾਦਕ ਬਿੰਦਰ ਸਿੰਘ ਜਿੰਦ, ਗੁਰਪ੍ਰੀਤ ਸਿੰਘ ਫਤਿਹਗੜ੍ਹ ਛੰਨਾ ਨੇ ਇਸ ਮੀਟਿੰਗ ਅੰਦਰ ਇੱਕ ਆਊਟਸੋਰਸ ਮੁਲਾਜ਼ਮ ਦੀ ਵਿਭਾਗ ਅੰਦਰ ਮੌਜੂਦਾ ਤ੍ਰਾਸਦੀ, ਉਹਨਾਂ ਦੀਆਂ ਸਮੱਸਿਆਂਵਾਂ ਬਾਰੇ ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਨੂੰ ਜਾਣੂ ਕਰਵਾਇਆ।
ਵਿਭਾਗ ਦੀ ਤਰਫੋਂ ਮੀਟਿੰਗ ਵਿੱਚ ਸਤਨਾਮ ਸਿੰਘ ਸੁਪਰਡੈਂਟ ਅਤੇ ਸੀਨੀਅਰ ਸਹਾਇਕ ਜਸਵਿੰਦਰ ਸਿੰਘ ਨੇ ਸ਼ਮੂਲੀਅਤ ਕੀਤੀ। ਜੱਥੇਬੰਦਕ ਆਗੂਆਂ ਵੱਲੋਂ ਮੀਟਿੰਗ ਉਪਰੰਤ ਵਿਭਾਗ ਅੰਦਰ ਸੇਵਾਵਾਂ ਦੇ ਰਹੇ ਸਮੂਹ ਆਊਟਸੋਰਸ ਮੁਲਾਜ਼ਮਾਂ ਨੂੰ ਇੱਕ ਪਲੇਟਫਾਰਮ ਉੱਪਰ ਇਕੱਠੇ ਹੋਣ ਦੀ ਅਪੀਲ ਵੀ ਕੀਤੀ ਗਈ।