ਨਾਲੀ ਦੇ ਝਗੜੇ ਨੂੰ ਲੈ ਕੇ ਸ਼ਰੀਕੇਬਾਜੀ ਵਿੱਚ ਹੋਈ ਤਕਰਾਰ
ਇੱਕ ਧਿਰ ਨੇ ਗੇਟ ਤੇ ਇੱਟਾਂ ਮਾਰ ਕੇ ਤੋੜਿਆ ਗੇਟ
ਰੋਹਿਤ ਗੁਪਤਾ
ਗੁਰਦਾਸਪੁਰ , 19 ਜੁਲਾਈ 2025 :
ਸ਼ਰੀਕੇਬਾਜ਼ੀ ਵਿੱਚ ਛੋਟੀਆਂ ਛੋਟੀਆਂ ਗੱਲਾਂ ਵੀ ਕਈ ਵਾਰ ਵੱਡੇ ਵੱਡੇ ਝਗੜੇ ਬਣ ਜਾਂਦੇ ਹਨ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਕਾਦੀਆਂ ਦੇ ਪਿੰਡ ਬਸਰਾਵਾਂ ਤੋਂ ਜਿੱਥੇ ਕਿ ਪੀੜਤ ਜੋਗਿੰਦਰ ਸਿੰਘ ਅਤੇ ਉਸਦੀ ਨੂੰਹ ਕਮਲਜੀਤ ਕੌਰ ਨੇ ਦੱਸਿਆ ਕਿ ਪਿਛਲੀ ਸਰਕਾਰ ਦੀ ਪੰਚਾਇਤ ਵੱਲੋਂ ਸਾਡੇ ਘਰ ਦੇ ਨਾਲ ਲੱਗਦੀ ਨਾਲੀ ਉੱਤੇ ਇੱਟਾਂ ਲਗਾਈਆਂ ਸੀ ਸਾਡੇ ਸ਼ਰੀਕੇ ਵਿੱਚੋਂ ਹੀ ਲੱਗਦੀ ਸਾਡੀ ਚਾਚੀ ਜੋ ਕਿ ਮੌਜੂਦਾ ਪੰਚਾਇਤੀ ਮੈਂਬਰ ਹੈ ਉਸ ਨੇ ਸਾਨੂੰ ਬਿਨਾਂ ਪੁੱਛੇ ਨਾਲੀ ਉੱਤੋਂ ਇੱਟਾਂ ਹਟਾ ਦਿੱਤੀਆਂ ਅਤੇ ਜਾਣ ਬੁਝ ਕੇ ਖੁੰਦਕਬਾਜੀ ਵਿੱਚ ਸਾਡੇ ਬੂਹੇ ਅੱਗੇ ਪਾਣੀ ਵੀ ਰੋੜ ਦਿੱਤਾ ।ਜਦੋਂ ਉਹਨਾਂ ਨੂੰ ਅਸੀਂ ਅਜਿਹਾ ਕਰਨ ਤੋਂ ਰੋਕਿਆ ਤਾਂ ਉਸ ਦੇ ਬੇਟੇ ਵੱਲੋਂ ਸਾਡੇ ਗੇਟ ਨੂੰ ਇੱਟਾਂ ਮਾਰ ਕੇ ਤੋੜਿਆ ਗਿਆ ਅਤੇ ਬਾਪੂ ਦੀ ਕੁੱਟਮਾਰ ਕੀਤੀ ਗਈ ਅਤੇ ਮੇਰੇ ਨਾਲ ਬਦਸਲੂਕੀ ਕੀਤੀ ਗਈ ਜਿਸ ਦੀ ਰਿਪੋਰਟ ਅਸੀਂ 112 ਨੰਬਰ ਤੇ ਕੀਤੀ ਸੀ ਪੁਲਿਸ ਆਈ ਸੀ ਪਰ ਸਾਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ।ਉੱਥੇ ਹੀ ਗਵਾਂਡੀ ਨਿਸ਼ਾਨ ਸਿੰਘ ਨੇ ਕਿਹਾ ਕਿ ਇਸ ਪਰਿਵਾਰ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਹੈ ।ਪਹਿਲਾਂ ਵੀ ਇਹਨਾਂ ਵੱਲੋਂ ਇਸ ਪਰਿਵਾਰ ਨਾਲ ਪੰਜ ਛੇ ਵਾਰੀ ਨਜਾਇਜ਼ ਕੀਤੀ ਗਈ ਹੈ ਪਰ ਇਸ ਵਾਰ ਇਹਨਾਂ ਵੱਲੋਂ ਬਜ਼ੁਰਗ ਦੀ ਕੁੱਟਮਾਰ ਅਤੇ ਨੂੰਹ ਨਾਲ ਬਦਸਲੂਕੀ ਕੀਤੀ ਹੈ ਜੋ ਕਿ ਬਹੁਤ ਹੀ ਨਿੰਦਨਯੋਗ ਹੈ।ਉਹਨਾਂ ਕਿਹਾ ਕਿ ਦੋਸ਼ੀਆਂ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ
ਇਸ ਮਾਮਲੇ ਬਾਰੇ ਜਦੋਂ ਦੂਜੀ ਧਿਰ ਅਤੇ ਮੌਜੂਦਾ ਪੰਚਾਇਤੀ ਮੈਂਬਰ ਪਰਮਜੀਤ ਕੌਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਪਰਿਵਾਰ ਵੱਲੋਂ ਜਾਣ ਬੁਝ ਕੇ ਕੂੜਾ ਸਾਡੇ ਵੱਡੇ ਬੇਟੇ ਦੇ ਬੂਹੇ ਅੱਗੇ ਲਾ ਦਿੱਤਾ ਜਾਂਦਾ ਸੀ ਅਸੀਂ ਜਦੋਂ ਇਹਨਾਂ ਨੂੰ ਰੋਕਿਆ ਤਾਂ ਇਹਨਾਂ ਵੱਲੋਂ ਪਹਿਲਾਂ ਮੇਰੇ ਬੇਟੇ ਉੱਤੇ ਹਮਲਾ ਕੀਤਾ ਗਿਆ ਤੇ ਗੁੱਸੇ ਵਿੱਚ ਆ ਕੇ ਫਿਰ ਮੇਰੇ ਬੇਟੇ ਵੱਲੋਂ ਇਹਨਾਂ ਦੇ ਗੇਟ ਨੂੰ ਤੋੜਿਆ ਗਿਆ ਸੀ। ਉਹਨਾਂ ਕਿਹਾ ਕਿ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ
ਇਸ ਬਾਰੇ ਜਦੋਂ ਪਿੰਡ ਦੇ ਮੌਜੂਦਾ ਸਰਪੰਚ ਸਤਨਾਮ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਦੋਨਾਂ ਪਾਰਟੀਆਂ ਨੂੰ ਬਿਠਾ ਕੇ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕਰਾਂਗੇ।