ਡੇਂਗੂ ਰੋਕਥਾਮ ਮੁਹਿੰਮ ਹੇਠ ਰੋਜ਼ ਗਾਰਡਨ 'ਚ ਮਿਲਿਆ ਭਾਰੀ ਮਾਤਰਾ ਵਿੱਚ ਡੇਂਗੂ ਦਾ ਲਾਰਵਾ ਅਤੇ ਪਿਉਪਾ
ਅਸ਼ੋਕ ਵਰਮਾ
ਬਠਿੰਡਾ, 20 ਜੂਨ2025:ਸਿਹਤ ਮੰਤਰੀ ਪੰਜਾਬ ਡਾ ਬਲਬੀਰ ਸਿੰਘ ਦੀ ਅਗਵਾਈ ਹੇਠ ਚਲਾਈ ਗਈ ਮੁਹਿੰਮ "ਹਰ ਸ਼ੁੱਕਰਵਾਰ ਡੇਂਗੂ ਤੇ ਵਾਰ " ਤਹਿਤ ਅੱਜ ਕਾਰਜਕਾਰੀ ਸਿਵਲ ਸਰਜਨ ਡਾ ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ ਦੀ ਦੇਖਰੇਖ ਹੇਠ ਸਿਹਤ ਵਿਭਾਗ ਬਠਿੰਡਾ ਦੀ ਟੀਮ ਨੇ ਰੋਜ਼ ਗਾਰਡਨ ਬਠਿੰਡਾ ਦਾ ਦੌਰਾ ਕੀਤਾ। ਇਸ ਦੌਰਾਨ ਰੋਜ਼ ਗਾਰਡਨ ਵਿੱਚ ਕਈ ਥਾਵਾਂ ਤੇ ਡੇਂਗੂ ਦਾ ਲਾਰਵਾ ਅਤੇ ਪਿਓਪਾ ਪਾਇਆ ਗਿਆ, ਜੋ ਕਿ ਡੇਂਗੂ ਰੋਗ ਫੈਲਣ ਦਾ ਮੁੱਖ ਕਾਰਨ ਬਣ ਸਕਦਾ ਹੈ। ਡਾ. ਊਸ਼ਾ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਸਥਿਤੀ ਦਾ ਮੁਲਾਂਕਣ ਕਰਨ ਲਈ ਰੋਜ਼ ਗਾਰਡਨ ਦੇ ਡਿਊਟੀ 'ਤੇ ਤਾਇਨਾਤ ਸੁਪਰਵਾਈਜ਼ਰ ਨੂੰ ਕਈ ਵਾਰੀ ਬੁਲਾਇਆ ਗਿਆ, ਤਾਂ ਉਹ ਮੌਕੇ 'ਤੇ ਮੌਜੂਦ ਨਹੀਂ ਸੀ। ਇਹ ਗੰਭੀਰ ਲਾਪਰਵਾਹੀ ਹੈ ਜੋ ਸਰਵਜਨਕ ਸਿਹਤ ਨੂੰ ਖਤਰੇ ਵਿੱਚ ਪਾ ਸਕਦੀ ਹੈ ਕਿਉਕਿ ਸੈਂਕੜਿਆਂ ਦੀ ਗਿਣਤੀ ਵਿੱਚ ਪਬਲਿਕ ਸਵੇਰ ਅਤੇ ਸ਼ਾਮ ਨੂੰ ਰੋਜ ਗਾਰਡਨ ਵਿੱਚ ਸੈਰ ਕਰਨ ਆਉਦੀ ਹੈ ।
ਉਹਨਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਮੌਕੇ 'ਤੇ ਹੀ ਲਾਰਵਾ ਅਤੇ ਪਿਊਪਾ ਨੂੰ ਨਸ਼ਟ ਕਰਵਾਇਆ ਗਿਆ। ਇਸ ਦੌਰਾਨ ਸਥਾਨਕ ਲੋਕਾਂ ਨੂੰ ਵੀ ਡੇਂਗੂ ਬਾਰੇ ਜਾਗਰੂਕ ਕੀਤਾ ਗਿਆ ਅਤੇ ਆਪਣੀ ਵਾਤਾਵਰਣ ਸਫਾਈ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਗਈ। ਡਾ. ਊਸ਼ਾ ਗੋਇਲ ਨੇ ਸਥਾਨਕ ਨਿਗਮ ਅਤੇ ਉੱਚ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਹੈ ਅਤੇ ਲਾਪਰਵਾਹ ਅਧਿਕਾਰੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਜਿਲ੍ਹਾ ਐਪੀਡੀਮੋਲੋਜਿਸਟ ਡਾ ਸੁਕਰਿਤੀ ਨੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਆਪਣੇ ਘਰ ਅਤੇ ਆਲੇ ਦੁਆਲੇ ਸਾਫ਼-ਸੁਥਰਾ ਵਾਤਾਵਰਣ ਬਣਾਈ ਰੱਖਣ, ਰੁਕੇ ਹੋਏ ਪਾਣੀ ਨੂੰ ਹਟਾਉਣ ਅਤੇ ਹਰ ਹਫ਼ਤੇ ਆਪਣੀ ਜਾਇਦਾਦ ਦੀ ਜਾਂਚ ਕਰਨ, ਤਾਂ ਜੋ ਡੇਂਗੂ ਦੇ ਲਾਰਵਾ ਦੀ ਉਤਪੱਤੀ ਨੂੰ ਰੋਕਿਆ ਜਾ ਸਕੇ।ਇਸ ਮੌਕੇ ਹਰਜਿੰਦਰ ਕੌਰ ਬੀ ਈ ਈ, ਮਲਟੀਪਰਪਜ ਹੈਲਥ ਵਰਕਰ ਵਰਿੰਦਰ ਸਿੰਘ,ਨਰਿੰਦਰ ਸਿੰਘ ਧਾਲੀਵਾਲ ਅਤੇ ਬਰੀਡਿੰਗ ਚੈਕਰ ਰਾਜਵਿੰਦਰ ਸਿੰਘ, ਜਸਵਿੰਦਰ ਸਿੰਘ ਹਾਜਰ ਸਨ ।