Canada: ਫਿਰੌਤੀ ਲਈ ਧਮਕੀਆਂ ਤੇ ਗੋਲੀਬਾਰੀ ਦੀਆਂ ਘਟਨਾਵਾਂ ਸਬੰਧੀ ਸਰੀ ਵਿਚ ਜਨਤਕ ਇਕੱਠ
ਬੀ.ਸੀ. ਦੇ ਮੰਤਰੀ ਅਤੇ ਪੁਲਿਸ ਅਧਿਕਾਰੀ ਵੱਲੋਂ ਕੋਈ ਵਿਸ਼ਵਾਸ ਨਾ ਦਿਵਾਉਣ ਕਾਰਨ ਕਾਰੋਬਾਰੀਆਂ ‘ਚ ਨਿਰਾਸ਼ਾ
ਹਰਦਮ ਮਾਨ
ਸਰੀ, 19 ਜੂਨ 2025-ਸਰੀ ਦੇ ਕਾਰੋਬਾਰੀਆਂ ਨੂੰ ਨਿੱਤ ਦਿਨ ਮਿਲ ਰਹੀਆਂ ਫਿਰੌਤੀ ਦੀਆਂ ਧਮਕੀਆਂ ਅਤੇ ਸ਼ਹਿਰ ਵਿਚ ਦਿਨ ਦਿਹਾੜੇ ਹੋ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਪ੍ਰੇਸ਼ਾਨ ਕਾਰੋਬਾਰੀਆਂ ਵੱਲੋਂ ਰਿਫਲੈਕਸ਼ਨ ਬੈਂਕੁਇਟ ਹਾਲ ਸਰੀ ਵਿਖੇ ਜਨਤਕ ਇਕੱਠ ਕੀਤਾ ਗਿਆ ਜਿਸ ਵਿਚ ਬ੍ਰਿਟਿਸ਼ ਕੋਲੰਬੀਆ ਦੇ ਜਨਤਕ ਸੁਰੱਖਿਆ ਮੰਤਰੀ ਤੇ ਸੋਲਿਸਟਰ ਜਨਰਲ ਗੈਰੀ ਬੈੱਗ, ਸਰੀ ਪੁਲਿਸ ਮੁਖੀ ਲਪਿੰਸਕੀ ਅਤੇ ਆਰ ਸੀ ਐਮ ਪੀ ਦੀ ਸੀਨੀਅਰ ਅਧਿਕਾਰੀ ਮੈਂਡੀ ਨੇ ਕਾਰੋਬਾਰੀਆਂ ਦੇ ਦੁਖੜੇ ਸੁਣੇ ਪਰ ਉਨ੍ਹਾਂ ਵੱਲੋਂ ਇਹ ਘਟਨਾਵਾਂ ਰੋਕਣ ਲਈ ਕੋਈ ਵੀ ਠੋਸ ਕਦਮ ਚੁੱਕਣ ਦੀ ਗੱਲ ਕਹੀ ਅਤੇ ਨਾ ਹੀ ਸ਼ਹਿਰੀਆਂ ਨੂੰ ਕੋਈ ਵਿਸ਼ਵਾਸ ਦਿਵਾ ਸਕੇ ਜਿਸ ਕਾਰਨ ਸ਼ਹਿਰੀਆਂ ਨੂੰ ਨਿਰਾਸ਼ਾ ਹੀ ਮਿਲੀ।
ਕਾਰੋਬਾਰੀਆਂ ਚ ਬਣੇ ਡਰ, ਸਹਿਮ ਤੇ ਅਸੁਰੱਖਿਆ ਦੇ ਮਾਹੌਲ ਬਾਰੇ ਸਰੀ ਪੁਲਿਸ ਚੀਫ ਲਪਿੰਸਕੀ ਅਤੇ ਆਰ ਸੀ ਐਮ ਪੀ ਅਧਿਕਾਰੀ ਵੈਂਡੀ ਦਾ ਇਕ ਹੀ ਜਵਾਬ ਸੀ ਕਿ ਪੁਲਿਸ ਫੋਰਸ ਆਪਣਾ ਕੰਮ ਕਰ ਰਹੀ ਹੈ ਪਰ ਉਸ ਦੇ ਨਤੀਜੇ ਕੀ ਹਨ, ਉਹ ਸਾਂਝੇ ਨਹੀਂ ਕੀਤੇ ਜਾ ਸਕਦੇ। ਅਟਾਰਨੀ ਜਨਰਲ ਗੈਰੀ ਬੈੱਗ ਵੀ ਲੋਕਾਂ ਦੀ ਉਮੀਦ ‘ਤੇ ਖਰੇ ਨਾ ਉਤਰੇ। ਉਹਨਾਂ ਕੇਵਲ ਏਨਾ ਹੀ ਕਿਹਾ ਕਿ ਸਰਕਾਰ ਸੁਰੱਖਿਆ ਬਲਾਂ ਨੂੰ ਅਪਰਾਧ ਤੇ ਅਪਰਾਧੀਆਂ ਖਿਲਾਫ ਸਖਤ ਕਾਰਵਾਈ ਲਈ ਕਹਿ ਰਹੀ ਹੈ। ਸਥਾਨਕ ਪੁਲਿਸ ਫੋਰਸ ਅਤੇ ਆਰ ਸੀ ਐਮ ਪੀ ਵਿਚਾਲੇ ਤਾਲਮੇਲ ਵਧਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਿੰਨੀ ਦੇਰ ਲੋਕ ਜਬਰੀ ਵਸੂਲੀ ਜਾਂ ਧਮਕੀਆਂ ਮਿਲਣ ਦੀ ਸੂਰਤ ਵਿਚ ਪੁਲਿਸ ਕੋਲ ਪਹੁੰਚ ਨਹੀਂ ਕਰਦੇ, ਕੁਝ ਨਹੀ ਕੀਤਾ ਜਾ ਸਕਦਾ।
ਅਟਾਰਨੀ ਜਨਰਲ ਗੈਰੀ ਬੈੱਗ ਨੇ ਕਿਹਾ ਕਿ ਸਰੀ ਵਿਚ ਜੋ ਕੁਝ ਵੀ ਵਾਪਰ ਰਿਹਾ ਹੈ, ਬਹੁਤ ਡਰਾਉਣਾ ਹੈ। ਅਜਿਹੀ ਹਾਲਤ ਵਿਚ ਕੋਈ ਵੀ ਸੁਰੱਖਿਅਤ ਮਹਿਸੂਸ ਨਹੀ ਕਰ ਸਕਦਾ। ਉਹਨਾਂ ਕਿਹਾ ਕਿ ਸੰਗਠਿਤ ਅਪਰਾਧ ਬਹੁਤ ਗੁੰਝਲਦਾਰ ਹੈ। ਇਹ ਇੱਕ ਬਹੁ-ਅਧਿਕਾਰ ਖੇਤਰ ਦਾ ਮੁੱਦਾ ਹੈ ਜੋ ਸਿਰਫ਼ ਇੱਥੇ ਸਰੀ ਜਾਂ ਐਬਸਫੋਰਡ ਵਿੱਚ ਹੀ ਨਹੀਂ ਹੋ ਰਿਹਾ, ਸਗੋਂ ਪੂਰੇ ਦੇਸ਼ ਵਿੱਚ ਹੋ ਰਿਹਾ ਹੈ। ਬੀ.ਸੀ. ਸਰਕਾਰ ਇਹ ਯਕੀਨੀ ਬਣਾਉਣ ਲਈ ਕਾਰਵਾਈ ਕਰ ਰਹੀ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਲੋਕ ਸੰਗਠਿਤ ਅਪਰਾਧ ਤੋਂ ਸੁਰੱਖਿਅਤ ਰਹਿਣ। ਸਰਕਾਰ ਵਲੋਂ ਅਪਰਾਧੀਆਂ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਖਿਲਾਫ ਵਿਸ਼ੇਸ਼ ਕਾਰਵਾਈ ਅਤੇ ਖੁਫੀਆ ਪ੍ਰੋਗਰਾਮਾਂ ਲਈ ਸਾਲਾਨਾ 100 ਮਿਲੀਅਨ ਡਾਲਰ ਤੋਂ ਵੱਧ ਖਰਚ ਕੀਤਾ ਜਾਂਦਾ ਹੈ। ਰਾਸ਼ਟਰੀ ਪੱਧਰ ‘ਤੇ, ਆਰਸੀਐਮਪੀ ਨੇ ਬੀ.ਸੀ. ਅਤੇ ਹੋਰ ਅਧਿਕਾਰ ਖੇਤਰਾਂ ਵਿੱਚ ਪੁਲਿਸ ਨਾਲ ਕੰਮ ਕਰਨ ਲਈ ਇੱਕ ਰਾਸ਼ਟਰੀ ਤਾਲਮੇਲ ਅਤੇ ਸਹਾਇਤਾ ਟੀਮ ਸਥਾਪਤ ਕੀਤੀ ਹੈ। ਪ੍ਰਭਾਵਿਤ ਲੋਕਾਂ ਨੂੰ ਜਦੋਂ ਵੀ ਧਮਕੀ ਜਾਂ ਫਿਰੌਤੀ ਲਈ ਕਾਲ ਆਉਂਦੀ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਰਿਪੋਰਟ ਕਰਨ।
ਸਰੀ ਪੁਲਿਸ ਚੀਫ ਲਿਪਿੰਸਕੀ ਨੇ ਕਿਹਾ ਕਿ ਜਦੋਂ ਕਿ ਸਰੀ ਪੁਲਿਸ ਸ਼ਹਿਰ ਵਿੱਚ ਅਧਿਕਾਰ ਖੇਤਰ ਦੀ ਪੁਲਿਸ ਏਜੰਸੀ ਹੈ ਪਰ ਅਸੀ ਇਹ ਵੀ ਜਾਣਦੇ ਹਾਂ, ਟਰਾਂਜੀਸ਼ਨ ਅਜੇ ਮੁਕੰਮਲ ਨਹੀ ਹੋਇਆ। ਇਸ ਲਈ ਅਸੀ ਆਰ ਸੀ ਐਮ ਪੀ ਦੇ ਪ੍ਰੋਵਿੰਸ਼ੀਅਲ ਓਪਰੇਸ਼ਨ ਸਪੋਰਟ ਯੂਨਿਟ ਨਾਲ ਬਹੁਤ ਨੇੜਿਓਂ ਕੰਮ ਕਰਨਾ ਜਾਰੀ ਰੱਖ ਰਹੇ ਹਾਂ ਅਤੇ ਮੈਂ ਇਸ ਮੁੱਦੇ ਬਾਰੇ ਹਫ਼ਤਾਵਾਰੀ ਆਧਾਰ ‘ਤੇ ਚੀਫ਼ ਸੁਪਰਡੈਂਟ ਮੈਂਡੀ ਮਹਿਤ ਨਾਲ ਤਾਲਮੇਲ ਰੱਖ ਰਿਹਾ ਹਾਂ।
ਇਸ ਜਨਤਕ ਇਕੱਠ ਦੇ ਮੁੱਖ ਪ੍ਰਬੰਧਕ ਸਤੀਸ਼ ਕੁਮਾਰ ਨੇ ਆਪਣੇ ਨਾਲ ਵਾਪਰੀਆਂ ਘਟਨਾਵਾਂ ਅਤੇ ਆਪਣੀ ਪੀੜਾ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਉਹਨਾਂ ਗੈਂਗਸਟਰਾਂ ਵੱਲੋਂ ਉਹਨਾਂ ਦੇ ਮੋਬਾਈਲ ਫੋਨ ਉਪਰ ਭੇਜੇ ਧਮਕੀ ਸੰਦੇਸ਼ ਤੇ ਫਿਰੌਤੀ ਦੀ ਪੂਰਤੀ ਲਈ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਮੈਸਿਜ ਵੱਡੀ ਸਕਰੀਨ ਉਪਰ ਦਿਖਾਏ। ਸਰੀ ਨਿਊਟਨ ਦੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ, ਸਰੀ ਫਲੀਟਵੁੱਡ ਤੋਂ ਮੈਂਬਰ ਪਾਰਲੀਮੈਂਟ ਗੁਰਬਖਸ਼ ਸੈਣੀ ਤੇ ਸਰੀ ਕਲੋਵਰਡੇਲ ਤੋਂ ਮੈਂਬਰ ਪਾਰਲੀਮੈਂਟ ਟਮੈਰ ਜੈਨਸਨ ਨੇ ਵੀ ਆਪਣੇ ਵਿਚਾਰ ਰੱਖੇ। ਸਰੀ ਦੀ ਮੇਅਰ ਬਰੈਂਡਾ ਲੌਕ ਨੇ ਸ਼ਹਿਰੀਆਂ ਦੀ ਸੁਰੱਖਿਆ ਦੇ ਬਣੇ ਨਾਜ਼ਕ ਹਾਲਾਤ ਤੇ ਚਿੰਤਾ ਪ੍ਰਗਟ ਕੀਤੀ। ਉਹਨਾਂ ਸਪੱਸ਼ਟ ਕਿਹਾ ਕਿ ਸਰੀ ਪੁਲਿਸ ਕੇਵਲ ਤਜੁਰਬੇ ਲਈ ਨਹੀਂ ਹੈ। ਉਹਨਾਂ ਕਿਹਾ ਕਿ ਲੋਕਾਂ ਨੇ ਜੋ ਉਮੀਦਾਂ ਰੱਖੀਆਂ ਸਨ, ਅਸੀ ਲੋਕਾਂ ਨੂੰ ਉਹ ਸੁਰੱਖਿਆ ਤੇ ਵਿਸ਼ਵਾਸ ਮੁਹੱਈਆ ਨਹੀ ਕਰਵਾ ਸਕੇ। ਵਿਰੋਧੀ ਧਿਰ ਬੀਸੀ ਕੰਸਰਵੇਟਿਵ ਆਗੂ ਜੌਨ ਰਸਟੈਡ ਨੇ ਸੂਬੇ ਵਿਚ ਅਮਨ ਕਨੂੰਨ ਦੀ ਤਰਸਯੋਗ ਹਾਲਤ ‘ਤੇ ਚਿੰਤਾ ਪ੍ਰਗਟ ਕੀਤੀ।
ਪੱਤਰਕਾਰਾਂ ਤੇ ਕੁਝ ਕਾਰੋਬਾਰੀਆਂ ਵਲੋਂ ਅਧਿਕਾਰੀਆਂ ਨੂੰ ਸਵਾਲ ਵੀ ਕੀਤੇ ਜਿਹਨਾਂ ਦੇ ਜਵਾਬ ਕੇਵਲ ਰਵਾਇਤੀ ਹੀ ਸਨ। ਤਾਜ਼ਾ ਘਟਨਾਵਾਂ ਜਾਂ ਇਕ ਕਾਰੋਬਾਰੀ ਦੇ ਕਤਲ ਸਬੰਧੀ ਕੋਈ ਗ੍ਰਿਫਤਾਰੀ ਜਾਂ ਅਪਰਾਧੀਆਂ ਖਿਲਾਫ ਕਾਰਵਾਈ ਬਾਰੇ ਪੁਲਿਸ ਅਧਿਕਾਰੀਆਂ ਨੇ ਕੁਝ ਵੀ ਸਪੱਸ਼ਟ ਜਾਂ ਠੋਸ ਉਤਰ ਨਹੀ ਦਿੱਤਾ। ਇਸ ਮੌਕੇ ਕੈਬਨਿਟ ਮਨਿਸਟਰ ਜਗਰੂਪ ਸਿੰਘ ਬਰਾੜ, ਐਮਐਲਏ ਜੈਸੀ ਸੁੰਨੜ, ਆਮਨਾ ਸ਼ਾਹ, ਕੰਸਰਵੇਟਿਵ ਐਮਐਲਏ ਮਨਦੀਪ ਧਾਂਲੀਵਾਲ, ਮਨਦੀਪ ਧਾਲੀਵਾਲ ਤੇ ਸਟੀਵ ਕੂਨਰ, ਕੌਂਸਲਰ ਲਿੰਡਾ ਐਨਿਸ, ਕੌਂਸਲਰ ਰੌਬ ਸਟੱਟ, ਸਾਬਕਾ ਮੇਅਰ ਲਿੰਡਾ ਹੈਪਨਰ ਤੇ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਅਤੇ ਕਾਰੋਬਾਰੀ ਹਾਜ਼ਰ ਸਨ।